ਪੀ.ਏ.ਯੂ. ਵਿੱਚ ਬੀਜ ਉਤਪਾਦਨ ਅਤੇ ਗਰੇਡਿੰਗ ਬਾਰੇ ਲਾਇਆ ਗਿਆ ਸਿਖਲਾਈ ਕੈਂਪ

TeamGlobalPunjab
2 Min Read

ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਬੀਜ ਵੱਲੋਂ ਬੀਤੇ ਦਿਨੀਂ ਬੀਜ ਉਤਪਾਦਨ ਅਤੇ ਗਰੇਡਿੰਗ ਸੰਬੰਧੀ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ । ਇਸ ਸਿਖਲਾਈ ਕੈਂਪ ਵਿੱਚ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਫਾਰਮ ਪ੍ਰਬੰਧਕਾਂ ਅਤੇ ਮਾਹਿਰਾਂ ਸਮੇਤ 20 ਦੇ ਕਰੀਬ ਸਿਖਿਆਰਥੀ ਸ਼ਾਮਿਲ ਹੋਏ । ਸਹਿਯੋਗੀ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਦਾ ਉਦੇਸ਼ ਸਿਖਿਆਰਥੀਆਂ ਨੂੰ ਬੀਜ ਉਤਪਾਦਨ ਅਤੇ ਗਰੇਡਿੰਗ ਦੀਆਂ ਨਵੀਨਤਮ ਤਕਨੀਕਾਂ ਤੋਂ ਜਾਣੂੰ ਕਰਵਾਉਣਾ ਸੀ । ਸਹਿਯੋਗੀ ਨਿਰਦੇਸ਼ਕ ਬੀਜ ਡਾ. ਢਿੱਲੋਂ ਨੇ ਇਸ ਮੌਕੇ ਬੀਜ ਉਤਪਾਦਨ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਫ਼ਸਲਾਂ ਦੇ ਵੱਧ ਤੋਂ ਵੱਧ ਝਾੜ ਬਾਰੇ ਗੱਲ ਕੀਤੀ । ਉਨ੍ਹਾਂ ਨੇ ਸਿਖਿਆਰਥੀਆਂ ਨੂੰ ਬੀਜ ਉਤਪਾਦਨ ਅਤੇ ਪ੍ਰੋਸੈਸਿੰਗ ਗਤੀਵਿਧੀਆਂ ਬਾਰੇ ਪੀ.ਏ.ਯੂ. ਦੇ ਫਾਰਮਾਂ ਤੇ ਜਾਰੀ ਖੋਜ ਤੋਂ ਜਾਣੂੰ ਹੋਣ ਲਈ ਪ੍ਰੇਰਿਤ ਕੀਤਾ । ਨਾਲ ਹੀ ਡਾ. ਢਿੱਲੋਂ ਨੇ ਬੀਜ ਦੀ ਬਿਹਤਰ ਰਿਕਵਰੀ ਤੋਂ ਲੈ ਕੇ ਸਿਖਿਆਰਥੀਆਂ ਨੂੰ ਫ਼ਸਲਾਂ ਦੀ ਕਟਾਈ, ਦਰਜਾਬੰਦੀ, ਪੈਕਿੰਗ, ਲੇਬਲਿੰਗ, ਭੰਡਾਰਨ ਅਤੇ ਮੰਡੀਕਰਨ ਆਦਿ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ ।


ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਅਧਿਆਪਕ ਡਾ. ਸਤੀਸ਼ ਕੁਮਾਰ ਨੇ ਬੀਜ ਗਰੇਡਿੰਗ ਦੀ ਪ੍ਰੀਕਿਰਿਆ ਸੰਬੰਧੀ ਆਪਣੇ ਭਾਸ਼ਨ ਵਿੱਚ ਗੱਲ ਕੀਤੀ । ਕਣਕ ਸੈਕਸ਼ਨ ਦੇ ਇੰਚਾਰਜ ਡਾ. ਵੀ.ਐਸ. ਸੋਹੂ ਨੇ ਬੀਜ ਉਤਪਾਦਨ ਵਿੱਚ ਕਿਸਮਾਂ ਦੀ ਸ਼ੁੱਧਤਾ ਬਰਕਰਾਰ ਰੱਖਣ ਬਾਰੇ ਵਿਸਥਾਰ ਨਾਲ ਚਾਣਨਾ ਪਾਇਆ । ਇਸ ਮੌਕੇ ਡਾ. ਗੌਰਵ ਖੋਸਲਾ ਤੇ ਡਾ. ਰਜਿੰਦਰ ਸਿੰਘ ਨੇ ਵੀ ਬੀਜ ਉਤਪਾਦਨ, ਸਬਜ਼ੀਆਂ ਦੀਆਂ ਫ਼ਸਲਾਂ ਸੰਬੰਧੀ ਆਪਣੇ ਨੁਕਤੇ ਸਾਂਝੇ ਕੀਤੇ । ਯੂਨੀਵਰਸਿਟੀ ਬੀਜ ਫਾਰਮ ਲਾਡੋਵਾਲ ਦਾ ਇੱਕ ਦੌਰਾ ਸਿਖਿਆਰਥੀਆਂ ਨੂੰ ਕਰਵਾਇਆ ਗਿਆ ਜਿਸ ਦੌਰਾਨ ਡਾ. ਦੀਪਕ ਅਰੋੜਾ ਨੇ ਬੀਜ ਗਰੇਡਿੰਗ ਦੇ ਵਿਭਿੰਨ ਪੜਾਵਾਂ ਬਾਰੇ ਜਾਣਕਾਰੀ ਦਿੱਤੀ । ਧੰਨਵਾਦ ਦੇ ਸ਼ਬਦ ਡਾ. ਟੀ.ਪੀ. ਸਿੰਘ ਨੇ ਕਹੇ ।

Share this Article
Leave a comment