ਪੀ.ਏ. ਯੂ. ਵਿਚ ਫਲਾਂ ਬਾਰੇ 7ਵੀਂ ਵਿਚਾਰ-ਚਰਚਾ ਦਾ ਉਦਘਾਟਨ

TeamGlobalPunjab
3 Min Read

ਲੁਧਿਆਣਾ: ਪੀ.ਏ. ਯੂ. ਦੇ ਫਲ ਵਿਗਿਆਨ ਵਿਭਾਗ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਾਈ ਜਾ ਰਹੀ ਚਾਰ ਰੋਜ਼ਾ ‘ਫਲਾਂ ਬਾਰੇ 7ਵੀਂ ਵਿਚਾਰ-ਚਰਚਾ’ ਦਾ ਅੱਜ ਰਸਮੀ ਉਦਘਾਟਨ ਹੋਇਆ। ਇਹ ਚਰਚਾ ਫਲਾਂ ਬਾਰੇ ਆਈ ਸੀ ਏ ਆਰ ਦੇ ਆਲ ਇੰਡੀਆ ਕੋਆਰਦੀਨੇਟਰ ਖੋਜ ਪ੍ਰਾਜੈਕਟ ਤਹਿਤ ਕਰਵਾਈ ਜਾ ਰਹੀ ਹੈ। ਉਦਘਾਟਨੀ ਸੈਸ਼ਨ ਵਿਚ ਆਈ ਸੀ ਏ ਆਰ ਦੇ ਉਪ-ਨਿਰਦੇਸ਼ਕ ਜਨਰਲ (ਬਾਗਬਾਨੀ ਵਿਗਿਆਨ) ਡਾ ਵਸਾਖਾ ਸਿੰਘ ਢਿੱਲੋਂ ਸ਼ਾਮਿਲ ਹੋਏ ਜਦਕਿ ਇਸ ਸੈਸ਼ਨ ਦੀ ਪ੍ਰਧਾਨਗੀ ਪੀ.ਏ. ਯੂ. ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ,ਪਦਮਸ਼੍ਰੀ ਨੇ ਕੀਤੀ।
ਡਾ ਵਸਾਖਾ ਸਿੰਘ ਢਿੱਲੋਂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਫਲਾਂ ਬਾਰੇ ਇਸ ਵਿਚਾਰ ਚਰਚਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਮਨੁੱਖੀ ਖੁਰਾਕ ਵਿਚ ਫਲਾਂ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਦੱਸਿਆ ਕਿ ਫਲਾਂ ਦੀ ਖੇਤੀ ਸਿਰਫ 17 ਪ੍ਰਤੀਸ਼ਤ ਖੇਤੀਯੋਗ ਜ਼ਮੀਨ ਉੱਪਰ ਹੋਣ ਦੇ ਬਾਵਜੂਦ ਦੇਸ਼ ਵਿਚ ਖੇਤੀ ਦੀ ਕੁੱਲ ਘਰੇਲੂ ਉਤਪਾਦ ਦਾ 33 ਪ੍ਰਤੀਸ਼ਤ ਫਲਾਂ ‘ਤੇ ਨਿਰਭਰ ਹੈ। ਉਨ੍ਹਾਂ ਫਲਾਂ ਦੀ ਖੇਤੀ ਨਾਲ ਜੁੜੇ ਕਿਸਾਨਾਂ ਦੀ ਰਵਾਇਤੀ ਕਿਸਾਨੀ ਦੇ ਮੁਕਾਬਲੇ ਬਿਹਤਰ ਆਰਥਿਕ ਦਸ਼ਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਤੁੜਾਈ ਤੋਂ ਬਾਅਦ ਫਲਾਂ ਦੇ ਨੁਕਸਾਨ ਨੂੰ ਘੱਟ ਕਰਨ ਦੀ ਤਕਨੀਕ ਵਿਚ ਸੁਧਾਰ ਉੱਪਰ ਜ਼ੋਰ ਦਿੱਤਾ ਅਤੇ ਵਿਸ਼ਾਣੂ ਮੁਕਤ ਫਲਾਂ ਦੀ ਨਰਸਰੀ ਮੁਹਈਆ ਕਰਾਉਣ ਲਈ ਫਲ ਵਿਗਿਆਨੀਆਂ ਨੂੰ ਸੱਦਾ ਦਿੱਤਾ।
ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਆਪਣੇ ਭਾਸ਼ਣ ਵਿਚ ਪੰਜਾਬ ਵਿਚ ਫਲਾਂ ਦੀ ਖੇਤੀ ਦੇ ਵਰਤਮਾਨ ਦ੍ਰਿਸ਼ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਫਲਾਂ ਦੀ ਕਾਸ਼ਤ ਖੇਤੀ ਵਿਭਿੰਨਤਾ ਦਾ ਇਕ ਬਦਲ ਹੋ ਸਕਦੀ ਹੈ ਤੇ ਇਸਦੀ ਮੰਡੀ ਵਿਚ ਮੰਗ ਦੇ ਮੱਦੇਨਜ਼ਰ ਇਹ ਰਸਤਾ ਮੁਨਾਫੇ ਵਾਲਾ ਵੀ ਹੋ ਸਕਦਾ ਹੈ। ਡਾ ਢਿੱਲੋਂ ਨੇ ਫਲ ਵਿਗਿਆਨ ਦੇ ਖੇਤਰ ਵਿਚ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਨਵੀਆਂ ਕਿਸਮਾਂ ਤੇ ਪ੍ਰਾਸੈਸਿੰਗ ਤਕਨੀਕਾਂ ਬਾਰੇ ਗੱਲ ਕੀਤੀ। ਡਾ ਢਿੱਲੋਂ ਨੇ ਵਿਗਿਆਨੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਫਲਾਂ ਦੀ ਕਿਸਮ ਸੁਧਾਰ ਦੇ ਖੇਤਰ ਵਿਚ ਕੰਮ ਕਰਕੇ ਮਿਆਰੀ ਨਰਸਰੀ ਫਲ ਉਤਪਾਦਕਾਂ ਤਕ ਪਹੁੰਚਾਉਣੀ ਯਕੀਨੀ ਬਣਾਉਣ।
ਇਸ ਪ੍ਰਾਜੈਕਟ ਦੇ ਕੋਆਰਡੀਨੇਟਰ ਡਾ ਪ੍ਰਕਾਸ਼ ਪਾਟਿਲ ਨੇ ਪ੍ਰਾਜੈਕਟ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਫਲਾਂ ਦੀ ਜੈਵਿਕ ਖੇਤੀ ਲਈ ਵੱਖਰੀ ‘ਫਸਲਾਂ ਦੀ ਕਿਤਾਬ’ ਬਣਾਉਣ ‘ਤੇ ਜ਼ੋਰ ਦਿੰਦਿਆਂ ਨਾਗਪੁਰੀ ਅਤੇ ਮੁਸੰਮੀ ਦੀ ਉਦਾਹਰਨ ਵੀ ਦਿੱਤੀ।
ਇਸ ਤੋਂ ਪਹਿਲਾਂ ਪੀ.ਏ. ਯੂ. ਦੇ ਨਿਰਦੇਸ਼ਕ ਖੋਜ ਡਾ ਨਵਤੇਜ ਬੈਂਸ ਨੇ ਇਸ ਵਿਚਾਰ ਚਰਚਾ ਵਿਚ ਸ਼ਾਮਿਲ ਹੋਏ ਵਿਗਿਆਨੀਆਂ ਅਤੇ ਕੇਂਦਰਾਂ ਦੇ ਪ੍ਰਤੀਨਿਧੀਆਂ ਸਮੇਤ ਸਭ ਲਈ ਸਵਾਗਤ ਦੇ ਸ਼ਬਦ ਕਹੇ। ਇਸ ਵਿਚਾਰ ਚਰਚਾ ਵਿਚ 54 ਕੇਂਦਰਾਂ ਤੋਂ 200 ਵਿਗਿਆਨੀ ਹਿੱਸਾ ਲੈ ਰਹੇ ਹਨ
ਇਸ ਸੈਸ਼ਨ ਦੌਰਾਨ ਪ੍ਰਾਜੈਕਟ ਦੇ ਲੁਧਿਆਣਾ ਕੇਂਦਰ ਨੂੰ ਐਕਸੀਲੈਂਸ ਐਵਾਰਡ ਪ੍ਰਦਾਨ ਕੀਤਾ ਗਿਆ। ਇਹ ਐਵਾਰਡ ਬਿਹਤਰ ਸੰਪਰਕ, ਤਕਨਾਲੋਜੀ ਵਿਕਾਸ ਅਤੇ ਤਕਨਾਲੋਜੀ ਟਰਾਂਸਫਰ ਲਈ ਦਿੱਤਾ ਗਿਆ। ਡਾ ਐੱਚ ਐੱਸ ਰਤਨਪਾਲ, ਡਾ ਸਨਦੀਪ ਸਿੰਘ ਅਤੇ ਡਾ ਅਨੀਤਾ ਅਰੋੜਾ ਨੇ ਪ੍ਰਧਾਨਗੀ ਮੰਡਲ ਤੋਂ ਇਹ ਐਵਾਰਡ ਹਾਸਿਲ ਕੀਤਾ। ਫਲ ਵਿਗਿਆਨ ਵਿਭਾਗ ਦੇ ਮੁਖੀ ਡਾ ਹਰਮਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

Share this Article
Leave a comment