ਬੀਜਿੰਗ : ਗੁਆਂਢੀ ਮੁਲਕ ਚੀਨ ਅੰਦਰ ਫੈਲੇ ਖਤਰਨਾਕ ਕੋਰੋਨਾ ਵਾਇਰਸ ਦਾ ਅਸਰ ਲਗਾਤਾਰ ਜਾਰੀ ਹੈ। ਹੁਣ ਤੱਕ ਇਸ ਨਾਲ ਵੱਡੀ ਗਿਣਤੀ ‘ਚ ਲੋਕ ਪ੍ਰਭਾਵਿਤ ਹੋ ਗਏ ਹਨ। ਇਸ ਦੇ ਚਲਦਿਆਂ ਹੁਣ ਨੇਪਾਲ ਵੱਲੋਂ ਏਅਰਲਾਈਨਜ਼ ਦੀ ਚਾਰਟਰ ਉਡਾਣ ਰਾਹੀਂ ਆਪਣੇ 175 ਦੇ ਕਰੀਬ ਨਾਗਰਿਕਾਂ ਨੂੰ ਚੀਨ ਤੋਂ ਵਾਪਿਸ ਲਿਆਂਦਾ ਹੈ। ਇਸ ਦੀ ਪੁਸ਼ਟੀ ਨੇਪਾਲੀ ਦੂਤਘਰ ਵੱਲੋਂ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਚੀਨ ਤੋਂ ਨੇਪਾਲ ਜਾ ਰਹੇ ਇਸ ਜਹਾਜ ਨੇ ਅੱਧੀ ਰਾਤ ਨੂੰ ਉਡਾਣ ਭਰੀ ਤਾਂ ਉਸ ਸਮੇਂ ਜਹਾਜ ਅੰਦਰ 170 ਵਿਦਿਆਰਥੀ, ਦੋ ਬੱਚੇ, ਦੋ ਯਾਤਰੀ ਅਤੇ ਇੱਕ ਕਰਮਚਾਰੀ ਮੌਜੂਦ ਸਨ। ਇਸ ਜਹਾਜ ਵਿੱਚ ਮੌਜੂਦ ਵਿਅਕਤੀਆਂ ਨੂੰ ਨੇਪਾਲ ਲੈ ਜਾ ਕੇ ਵੱਖਰੇ ਤੌਰ ‘ਤੇ ਰੱਖਿਆ ਜਾਵੇਗਾ ਅਤੇ ਇਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਦੇ 25 ਤੋਂ ਵੱਧ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਚੀਨ ‘ਚ ਮੌਤ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜਾ ਜਾਣਕਾਰੀ ਅਨੁਸਾਰ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1600 ਤੋਂ ਪਾਰ ਹੋ ਗਈ ਹੈ ਜਦਕਿ 68,000 ਲੋਕ ਸੰਕਰਮਿਤ ਹੋਏ ਹਨ। ਚੀਨ ‘ਚ ਸ਼ੁੱਕਰਵਾਰ ਨੂੰ ਇਸ ਵਾਇਰਸ ਕਾਰਨ 143 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾਵਾਇਰਸ ਦੇ ਇਲਾਜ ਅਤੇ ਰੋਕਥਾਮ ਲਈ ਕ੍ਰਿਤ੍ਰਿਮ ਮੇਧਾ ਤੇ ਕਲਾਉਡ ਕੰਪਿਉਟਿੰਗ ਵਰਗੀ ਡਿਜੀਟਲ ਤਕਨਾਲੋਜੀ ਦੀ ਮਦਦ ਲੈਣ ਦੀ ਅਪੀਲ ਕੀਤੀ ਹੈ। ਵੂਹਾਨ ਦੇ ਹਸਪਤਾਲਾਂ ‘ਚ ਸਮੱਗਰੀ ਤੇ ਹੋਰ ਕਾਰਜਾਂ ‘ਚ ਮਦਦ ਲਈ ਰੋਬੋਟ ਤਾਇਨਾਤ ਕੀਤੇ ਗਏ ਹਨ।