Home / News / ਨਹੀਂ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ‘ਸ਼ੂਟਰ’, ਮੁੱਖ ਮੰਤਰੀ ਨੇ ਲਾਈ ਰੋਕ

ਨਹੀਂ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ‘ਸ਼ੂਟਰ’, ਮੁੱਖ ਮੰਤਰੀ ਨੇ ਲਾਈ ਰੋਕ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀ ਫ਼ਿਲਮ ‘ਸ਼ੂਟਰ’ ਉਤੇ ਹਿੰਸਾ, ਅਪਰਾਧ ਤੇ ਗੈਂਗ ਸੱਭਿਆਚਾਰ ਨੂੰ ਹੁਲਾਰਾ ਦੇਣ ਕਾਰਨ ਪਾਬੰਦੀ ਦੇ ਆਦੇਸ਼

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਫ਼ਿਲਮ ‘ਸ਼ੂਟਰ’ ਉਤੇ ਪਾਬੰਦੀ ਦੇ ਆਦੇਸ਼ ਕੀਤੇ ਹਨ ਜਿਹੜੀ ਬਦਨਾਮ ਗੈਂਗਸਟਰ ਸੁੱਖਾ ਕਾਹਲਵਾ ਦੀ ਜ਼ਿੰਦਗੀ ਉਤੇ ਬਣੀ ਹੈ ਅਤੇ ਘਿਨਾਉਣੇ ਅਪਰਾਧ, ਹਿੰਸਾ, ਫਿਰੌਤੀ, ਖਤਰਿਆਂ ਆਦਿ ਨੂੰ  ਹੁਲਾਰਾ ਦਿੰਦੀ ਹੈ।

ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਵੀ ਵੇਖਣ ਕਿ ਫ਼ਿਲਮ ਦੇ ਨਿਰਮਾਤਾ ਕੇ.ਵੀ. ਢਿੱਲੋਂ ਵਿਰੁੱਧ ਕੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਨੇ 2019 ਵਿੱਚ ਇਹ ਕਿਹਾ ਸੀ ਕਿ ਉਹ ‘ਸੁੱਖਾ ਕਾਹਲਵਾ’ ਟਾਈਟਲ ਹੇਠ ਫ਼ਿਲਮ ਬਣਾਏਗਾ।ਡੀਜੀਪੀ ਨੂੰ ਇਹ ਵੀ ਕਿਹਾ ਹੈ ਕਿ ਉਹ ਫ਼ਿਲਮ ਵਿੱਚ ਪ੍ਰਮੋਟਰਾਂ, ਡਾਇਰੈਕਟਰ ਤੇ ਐਕਟਰਾਂ ਦੇ ਰੋਲ ਬਾਰੇ ਵੀ ਦੇਖਣ।

ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਕਿਸੀ ਫ਼ਿਲਮ, ਗਾਣੇ ਆਦਿ ਨੂੰ ਚਲਾਉਣ ਦੀ ਆਗਿਆ ਨਹੀਂ ਦੇਵੇਗੀ ਜੋ ਅਪਰਾਧ, ਹਿੰਸਾ ਅਤੇ ਗੈਂਗਸਟਰ ਜਾਂ ਸੂਬੇ ਵਿੱਚ ਅਪਰਾਧ ਨੂੰ ਹੁਲਾਰਾ ਦਿੰਦੀ ਹੋਵੇ ਜੋ ਅਕਾਲੀਆਂ ਦੇ ਸਾਸ਼ਨ ਦੌਰਾਨ ਅਕਾਲੀ ਆਗੂਆਂ ਦੀ ਸਰਪ੍ਰਸਤੀ ਹੇਠ ਵਧਿਆ ਫੁਲਿਆ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੂੰ ਪਿਛਲੇ ਤਿੰਨ ਸਾਲ ਵਿੱਚ ਸੂਬੇ ਦੀ ਅਮਨ, ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਲਈ ਲੰਬਾ ਸਮਾਂ ਲੱਗਿਆ ਜਿਹੜੀ ਕਿ ਪਿਛਲੇ ਅਕਾਲੀ-ਭਾਜਪਾ ਸਰਕਾਰ ਦੌਰਾਨ ਸਭ ਤੋਂ ਹੇਠਲੇ ਪੱਧਰ ਉੱਤੇ ਸੀ। ਬੁਲਾਰੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਾ ਦਿੱਤੀ ਜਾਵੇ।

ਡੀਜੀਪੀ ਨੇ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਵਿਵਾਦਤ ਫਿਲਮ ਉੱਤੇ ਪਾਬੰਦੀ ਦਾ ਮਾਮਲਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ ਜਿਸ ਵਿੱਚ ਏਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਵੀ ਹਾਜ਼ਰ ਸਨ ਅਤੇ ਇਹ ਫੈਸਲਾ ਕੀਤਾ ਗਿਆ ਕਿ ਫਿਲਮ ਉੱਤੇ ਪਾਬੰਦੀ ਲਗਾਈ ਜਾਵੇ ਜਿਸ ਦਾ ਟਰੇਲਰ 18 ਜਨਵਰੀ ਨੂੰ ਰਿਲੀਜ਼ ਹੋਇਆ ਹੈ। ਮੀਟਿੰਗ ਵਿੱਚ ਇਹ ਸੁਝਾਅ ਦਿੱਤਾ ਗਿਆ ਕਿ ਇਹ ਫਿਲਮ ਬਹੁਤ ਹੀ ਹਿੰਸਕ ਹੈ।

ਏਡੀਜੀਪੀ ਨੇ ਅੱਗੇ ਕਿਹਾ ਕਿ ਇਹ ਦੇਖਦਿਆਂ ਕਿ ਇਸ ਫਿਲਮ ਦਾ ਨੌਜਵਾਨਾਂ ਉੱਤੇ ਮਾੜਾ ਅਸਰ ਹੋ ਸਕਦਾ ਅਤੇ ਇਸ ਫਿਲਮ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ, ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ, “ਪੰਜਾਬ ਵਿੱਚ ਇਸ ਫਿਲਮ ਨੂੰ ਰਿਲੀਜ਼ ਅਤੇ ਦਿਖਾਉਣ ਉੱਤੇ ਪਾਬੰਦੀ ਲਗਾ ਦਿੱਤੀ ਜਾਵੇ।”

ਇਸ ਤੋਂ ਪਹਿਲਾ ਮੁਹਾਲੀ ਪੁਲਿਸ ਕੋਲ ਇਸ ਫਿਲਮ ਰਾਹੀਂ ਗੈਂਗਸਟਰ ਸੁੱਖਾ ਕਾਹਲਵਾ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਫਿਲਮ ਦੇ ਨਿਰਮਾਤਾ ਨੇ ਗੈਂਗਸਟਰ ਨੂੰ ਸ਼ਾਰਪ ਸ਼ੂਟਰ ਵਜੋਂ ਪੇਸ਼ ਕੀਤਾ ਹੈ ਜਿਸ ਵਿਰੁੱਧ ਕਤਲ, ਅਗਵਾ ਤੇ ਫਿਰੌਤੀ ਮਾਮਲਿਆਂ ਸਣੇ 20 ਤੋਂ ਵੱਧ ਕੇਸ ਦਰਜ ਹਨ। ਉਸ ਨੂੰ ਗੈਂਗਸਟਰ ਵਿੱਕੀ ਗੌਡਰ ਤੇ ਉਸ ਦੇ ਸਾਥੀਆਂ ਨੇ 22 ਜਨਵਰੀ 2015 ਨੂੰ ਮਾਰ ਦਿੱਤਾ ਸੀ ਜਦੋਂ ਉਸ ਨੂੰ ਜਲੰਧਰ ਵਿੱਚ ਸੁਣਵਾਈ ਲਈ ਪਟਿਆਲਾ ਜੇਲ੍ਹ ਤੋਂ ਲਿਆਂਦਾ ਜਾ ਰਿਹਾ ਸੀ।

ਆਪਣੇ ਪੱਤਰ ਵਿੱਚ ਢਿੱਲੋਂ ਨੇ ਮੁਹਾਲੀ ਦੇ ਐਸਐਸਪੀ ਨੂੰ ਲਿਖਿਆ ਸੀ, “ਜੇ ਤੁਹਾਡਾ ਇਹ ਵਿਚਾਰ ਹੈ ਕਿ ਇਸ ਫਿਲਮ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਤਾਂ ਮੈਂ ਫਿਲਮ ਦੇ ਪ੍ਰਾਜੈਕਟ ਨੂੰ ਬੰਦ ਕਰ ਦਿੰਦਾ ਹਾਂ।” ਡੀਜੀਪੀ ਅਨੁਸਾਰ ਫਿਲਮ ਦੇ ਨਿਰਮਾਤਾ ਨੇ ਫਿਲਮ ਦਾ ਪ੍ਰਾਜੈਕਟ ਰੱਦ ਕਰਨ ਦੀ ਬਜਾਏ ਇਸ ਉੱਤੇ ਕੰਮ ਜਾਰੀ ਰੱਖਿਆ ਅਤੇ ਹੁਣ 21 ਫਰਵਰੀ ਨੂੰ ਨਵੇਂ ਟਾਈਟਲ ਅਤੇ ਨਵੇਂ ਨਾਮ ਹੇਠ ਉਸੇ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

ਸਰਕਾਰ ਵੱਲੋਂ ਹੁਣ ਫਿਲਮ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਮਾਨਸਾ ਪੁਲਿਸ ਵੱਲੋਂ ਪੰਜਾਬੀ ਗਾਇਕਾਂ ਸਿੱਧੂ ਮੂਸੇ ਵਾਲਾ ਤੇ ਮਨਕੀਰਤ ਔਲਖ ਖਿਲਾਫ ਸੋਸ਼ਲ ਮੀਡੀਆ ਉੱਤੇ ਹਿੰਸਾ ਤੇ ਅਪਰਾਧ ਦਾ ਪ੍ਰਚਾਰ ਕਰਦੇ ਅਪਲੋਡ ਕੀਤੇ ਵੀਡਿਓ ਕਲਿੱਪ ਬਦਲੇ ਕੇਸ ਦਰਜ ਕਰਨ ਦੇ 10 ਦਿਨਾਂ ਤੋਂ ਘੱਟ ਸਮੇਂ ਅੰਦਰ ਕੀਤਾ ਗਿਆ।

ਕਾਬਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿਵਲ ਰਿੱਟ ਪਟੀਸ਼ਨ 6213/2016 ਵਿੱਚ ਪੰਜਾਬ, ਹਰਿਆਣਾ ਤੇ ਯੂ ਟੀ ਚੰਡੀਗੜ੍ਹ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਅਜਿਹਾ ਗਾਣਾ ਕਿਸੇ ਲਾਈਵ ਸ਼ੋਅ ਦੌਰਾਨ ਚੱਲਣ ਨਾ ਦਿੱਤਾ ਜਾਵੇ ਜੋ ਸ਼ਰਾਬ, ਨਸ਼ੇ ਅਤੇ ਹਿੰਸਾ ਦਾ ਮਹਿਮਾ ਕਰਦਾ ਹੋਵੇ।ਅਦਾਲਤ ਨੇ ਅੱਗੇ ਹਰ ਜਿਲੇ ਦੇ ਜਿਲਾ ਮੈਜਿਸਟ੍ਰੇਟ/ਐਸਐਸਪੀ ਨੂੰ ਨਿਰਦੇਸ਼ ਦਿੱਤੇ ਸਨ ਕਿ ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਉਨ੍ਹਾਂ ਦੀ ਨਿੱਜੀ ਜ਼ਿੰਮੇਵਾਰੀ ਹੈ।

Check Also

ਇਸਤਰੀ ਅਕਾਲੀ ਦਲ ਸੂਬੇ ਭਰ ‘ਚ 16 ਤੋਂ 21 ਜੁਲਾਈ ਤੱਕ ‘ਨੀਮ’ ਦੇ ਬੂਟੇ ਲਾਵੇਗਾ : ਬੀਬੀ ਜਗੀਰ ਕੌਰ

ਚੰਡੀਗੜ੍ਹ: ਇਸਤਰੀ ਅਕਾਲੀ ਦਲ ਨੇ ਪ੍ਰਣ ਕੀਤਾ ਹੈ ਕਿ ਉਹ ਸੂਬੇ ਵਿਚ ਜੰਗਲਾਤ ਦੇ ਘਟ …

Leave a Reply

Your email address will not be published. Required fields are marked *