ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਹੈ, ਉੱਥੇ ਉਨ੍ਹਾਂ ਨੇ ਇਸ਼ਤਿਹਾਰ ਨੀਤੀ ਰਾਹੀਂ ਕੀਤੀ ਜਾ ਰਹੀ ਕਮਾਈ ਬਾਰੇ ਵੀ ਜਾਣਕਾਰੀ ਦਿੱਤੀ। ਇੱਥੇ ਬੋਲਦਿਆਂ ਸਿੱਧੂ ਨੇ ਇਸ ਕਮਾਈ ਦੇ ਅੰਕੜੇ ਵੀ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਸ ਪਾਲਸੀ ਨੂੰ ਪਹਿਲੀ ਵਾਰ ਅਕਾਲੀ ਭਾਜਪਾ ਸਰਕਾਰ ਸਮੇਂ ਲੁਧਿਆਣਾ ‘ਚ ਲਾਇਆ ਗਿਆ ਸੀ। ਇਸ ਤੋਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ‘ਚ 2007 ਤੋਂ 2017 ਤੱਕ 30 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਜਿੱਥੇ ਅਕਾਲੀ ਸਰਕਾਰ ਸਮੇਂ 167 ਸ਼ਹਿਰਾਂ ‘ਚੋਂ 18 ਕਰੋੜ ਰੁਪਏ ਦੀ ਹੀ ਕਮਾਈ ਹੋਈ ਸੀ ਉੱਥੇ ਦੂਜੇ ਪਾਸੇ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਨਾਲ ਇਹ ਰੈਵਿਨਿਊ ਵੱਧ ਕੇ 24 ਕਰੋੜ ਹੋ ਗਿਆ। ਸਿੱਧੂ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਇਹ ਰੈਵਿਨਿਊ 290 ਕਰੋੜ ਆਵੇਗਾ ਅਤੇ ਉਨ੍ਹਾਂ ਭਰੋਸਾ ਦਵਾਇਆ ਕਿ ਜੇਕਰ ਆਉਣ ਵਾਲੇ ਸਮੇਂ ‘ਚ ਵੀ ਕਾਂਗਰਸ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਇਸ ਵਿੱਚ ਹੋਰ ਵੀ ਭਾਰੀ ਵਾਧਾ ਹੋਵੇਗਾ। ਸਿੱਧੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਬਾਰੇ ਆਉਂਦੇ ਸਮੇਂ ‘ਚ ਵਿਭਾਗ ਵੱਲੋਂ ਨਕਸ਼ੇ ਬਣਾਏ ਜਾ ਚੁੱਕੇ ਹਨ ਅਤੇ ਜਲਦ ਹੀ ਇਹ ਆਨਲਾਈਨ ਕਰ ਦਿੱਤੇ ਜਾਣਗੇ।