ਦੇਖੋ ਕਿਵੇਂ ਸੰਤ ਭਿੰਡਰਾਂਵਾਲਿਆਂ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਠੋਕੇ ਸਨ ਬਾਦਲ!

TeamGlobalPunjab
16 Min Read

ਜੇਕਰ ਅਜਾਦੀ ਤੋਂ ਬਾਅਦ ਵਾਲੇ ਪੰਜਾਬ ਦੇ ਇਤਿਹਾਸ ਦੇ ਪੰਨੇ ਫੋਲਦੇ ਹਾਂ ਤਾਂ 1984 ਦਾ ਕਾਲਾ ਦੌਰ ਸਾਡੀਆਂ ਅੱਖਾਂ ਸਾਹਮਣੇ ਆਪ ਮੁਹਾਰੇ ਹੀ ਆ ਜਾਂਦਾ ਹੈ। ਜੀ  ਹਾਂ ਉਹ ਕਾਲਾ ਦੌਰ ਜਦੋਂ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਅਤੇ ਕਿਵੇਂ ਉਹ ਪਵਿੱਤਰ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਗਿਆ। ਉਸ ਸਮੇਂ ਦੇ ਹਾਲਾਤਾਂ ਬਾਰੇ ਆਓ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਸਾਡੇ ਪ੍ਰੋਗਰਾਮ ਅਸਲ ਕਹਾਣੀ ਰਾਹੀਂ। ਇਸ ਇਤਿਹਾਸ ਦੇ ਪੰਨਿਆਂ ਨੂੰ ਆਪਣੇ ਬੋਲਾਂ ਰਾਹੀਂ ਦੱਸਣਗੇ ਉੱਘੇ ਲੇਖਕ ਡਾ. ਹਰਪਾਲ ਸਿੰਘ ਪੰਨੂ ਜਿਨ੍ਹਾਂ ਨੇ ਉਸ ਦੌਰ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਸੀ।

ਸਵਾਲ : ਤੁਸੀਂ ਆਪਣੀ ਪਹਿਲੀ ਕਿਤਾਬ ਦੇ ਨਾਲ ਨਾਲ ਆਪਣੀ ਨਿਜ਼ੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਦੱਸੋ?

ਜਵਾਬ : ਮੇਰਾ ਜਨਮ ਪਿੰਡ ਘੱਗਾ(ਪਾਤੜਾਂ)’ਚ ਹੋਇਆ, ਜੋ ਪਟਿਆਲਾ ਤੋਂ 50 ਕਿਲੋਮੀਟਰ ਦੂਰ ਸਮਾਣਾ-ਪਾਤੜਾਂ ਰੋਡ ‘ਤੇ ਸਥਿਤ ਹੈ। 1967-68 ਸਮੇਂ ਮੇਰਾ ਇੱਕ ਜ਼ਮਾਤੀ(ਅਮਰੀਕ ਸਿੰਘ) ਤੇ ਉਸਦਾ ਪਰਿਵਾਰ ਚੌਂਕ ਮਹਿਤਾ ਦਮਦਮੀ ਟਕਸਾਲ ਆਉਂਦਾ-ਜਾਉਂਦਾ ਸੀ। ਉਸ ਸਮੇਂ ਮੇਰੇ ਜਮਾਤੀ(ਅਮਰੀਕ ਸਿੰਘ) ਦੇ ਕਹਿਣ ‘ਤੇ ਮੈਂ ਤੇ ਉਸ ਦਾ ਪਰਿਵਾਰ ਬਾਬਾ ਗੁਰਬਚਨ ਸਿੰਘ ਜੀ ਦੇ ਦਰਸ਼ਨ ਕਰਨ ਲਈ ਦਮਦਮੀ ਟਕਸਾਲ ਗਏ। ਉਸ ਸਮੇਂ ਬਾਬਾ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸਨ। ਮੈਨੂੰ ਉਥੋਂ ਦੇ ਸਭਿਆਚਾਰ ਦੀ ਕੋਈ ਜ਼ਿਆਦਾ ਸਮਝ ਵੀ ਨਹੀਂ ਸੀ। ਬਾਬਾ ਗੁਰਬਚਨ ਸਿੰਘ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣੇ। ਭਾਈ ਅਮਰੀਕ ਸਿੰਘ ਦਾ ਸੁਭਾਅ ਬਹੁਤ ਚੰਗਾ ਸੀ। ਭਾਈ ਅਮਰੀਕ ਸਿੰਘ ਜੀ ਸੰਤ ਕਰਤਾਰ ਸਿੰਘ ਨੂੰ “ਪਿਤਾ ਜੀ” ਕਹਿੰਦੇ ਸਨ। ਜਿਸ ਕਾਰਨ ਮੈਂ ਵੀ ਉਨ੍ਹਾਂ ਨੂੰ “ਪਿਤਾ ਜੀ” ਕਹਿਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਅਸੀਂ ਸੰਤ ਜਰਨੈਲ ਸਿੰਘ ਜੀ ਨੂੰ ਆਮ ਸੇਵਕਾਂ ਵਾਂਗ ਚੁੱਪ-ਚਾਪ ਸੰਗਤ ਦੀ ਸੇਵਾ ਤੇ ਹਰ ਸਮੇਂ ਪਾਠ ਕਰਦੇ ਵੇਖਦੇ ਸੀ।

ਸੜਕ ਦੁਰਘਟਨਾ ਰਾਹੀਂ ਸੰਤ ਕਰਤਾਰ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ, ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਤੇ ਮੇਰੀ ਨਿਜ਼ੀ ਇੱਛਾ ਸੀ ਕਿ ਸੰਤ ਕਰਤਾਰ ਸਿੰਘ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ ਹੀ ਦਮਦਮੀ ਟਕਸਾਲ ਦੇ ਮੁਖੀ ਬਣਨ। ਕੁਝ ਸਮੇਂ ਬਾਅਦ ਟਕਸਾਲ ਦੇ ਮੁਖੀ ਦੀ ਚੋਣ ਲਈ ਗੁੱਟਬੰਦੀ ਸ਼ੁਰੂ ਹੋ ਗਈ। ਇੱਕ ਗਰੁੱਪ ਭਾਈ ਜਰਨੈਲ ਸਿੰਘ ਦੀ ਹਮਾਇਤ ‘ਚ ਤੇ ਦੂਜਾ ਗਰੁੱਪ ਭਾਈ ਅਮਰੀਕ ਸਿੰਘ ਦੀ ਹਮਾਇਤ ‘ਚ ਆ ਗਿਆ। ਦਸਤਾਰ ਬੰਦੀ ਤੋਂ ਦੋ ਦਿਨ ਪਹਿਲਾਂ ਇਹ ਤਸ਼ਵੀਰ ਬਿਲਕੁਲ ਸਾਫ ਹੋ ਗਈ ਕਿ ਸਾਰੀ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਜੀ ਦੇ ਪੱਖ ‘ਚ ਹੈ ਤੇ ਨਾਲ ਹੀ ਸੰਗਤ ਨੇ ਸਰਬਸਮੰਤੀ ਨਾਲ ਫੈਸਲਾ ਲਿਆ ਕਿ ਸੰਤ ਕਰਤਾਰ ਸਿੰਘ ਜੀ ਦੇ ਭੋਗ ਵਾਲੇ ਦਿਨ ਭਾਈ ਜਰਨੈਲ ਸਿੰਘ ਦੀ ਦਸਤਾਰਬੰਦੀ ਕੀਤੀ ਜਾਵੇਗੀ। ਮੈਂ ਵੀ ਆਪਣੇ ਦੋਸਤ-ਮਿੱਤਰਾਂ ਨਾਲ ਦਸਤਾਰਬੰਦੀ ਮੌਕੇ ਹੋ ਰਹੇ ਸਮਾਗਮ ‘ਚ ਗਿਆ। ਮੈਂ ਵੇਖਣਾ ਚਾਹੁੰਦਾ ਸੀ ਕਿ ਨਰਮ ਸੁਭਾਅ ਦੇ ਮਾਲਕ ਭਾਈ ਜਰਨੈਲ ਸਿੰਘ ਜੀ ਕਿਸ ਤਰ੍ਹਾਂ ਆਪਣੇ ਪਹਿਲੇ ਸਮਾਗਮ ਦੌਰਾਨ ਪੂਰੀ ਸੰਗਤ ਨੂੰ ਸਟੇਜ਼ ਤੋਂ ਕਿਸ ਤਰ੍ਹਾਂ ਸੰਬੋਧਨ ਕਰਨਗੇ। ਸੰਤ ਜਰਨੈਲ ਸਿੰਘ ਜੀ ਨੇ ਇੱਕ ਸੂਝਵਾਨ ਵਿਅਕਤੀ ਦੀ ਤਰ੍ਹਾਂ ਹਰ ਇੱਕ ਸੰਪ੍ਰਦਾਏ, ਜੱਥੇਬੰਦੀ ਤੇ ਸਾਰੀ ਸੰਗਤ ਦਾ ਸਮਾਗਮ ‘ਚ ਪਹੁੰਚਣ ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਲੋਕਾਂ ਦਾ ਭਾਰੀ ਇਕੱਠ ਸੀ। ਧਾਰਮਿਕ ਜੱਥੇਬੰਦੀਆਂ ਦੇ ਮੁਖੀਆਂ ਨੇ ਸਟੇਜ਼ ‘ਤੇ ਆਪਣੇ ਆਪਣੇ ਵਿਚਾਰ ਰੱਖੇ। ਉਨ੍ਹਾਂ ਦਿਨਾਂ ‘ਚ ਐਮਰਜੈਂਸੀ ਤੋਂ ਬਾਅਦ ਜਨਤਾ-ਦਲ ਦੀ ਸਰਕਾਰ ਬਣੀ ਸੀ।

- Advertisement -

ਮੈਨੂੰ ਜੋ ਇੱਕ ਘਟਨਾ ਯਾਦ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ਼ ਤੋਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਦਮਦਮੀ ਟਕਸਾਲ ਦਾ ਬਹੁਤ ਸਤਿਕਾਰ ਕਰਦੇ ਹਾਂ। ਬਾਦਲ ਸਾਹਬ ਨੇ ਕਿਹਾ ਕਿ ਜੇਕਰ ਦਮਦਮੀ ਟਕਸਾਲ ਕੋਈ ਸੰਗੀਤਕ ਸਕੂਲ, ਕੋਈ ਨਵੀਂ ਇਮਾਰਤ ਸਥਾਪਿਤ ਕਰਨਾ ਚਾਹੁੰਦੀ ਹੈ ਜਾਂ ਫਿਰ ਕੁਝ ਖਰਚਿਆਂ ਦੀ ਲੋੜ ਹੈ ਤਾਂ ਦਮਦਮੀ ਟਕਸਾਲ ਪੰਜਾਬ ਸਰਕਾਰ ਤੋਂ ਮੰਗ ਕਰੇ, ਪੰਜਾਬ ਸਰਕਾਰ ਇਹ ਮੰਗ ਪੂਰੀ ਕਰੇਗੀ। ਸੰਤ ਜਰਨੈਲ ਸਿੰਘ ਨੇ ਸਟੇਜ਼ ਤੋਂ ਸਾਰੀ ਸੰਗਤ ਤੇ ਬਾਦਲ ਸਾਹਬ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਕਿਹਾ ਕਿ ਸ਼ਾਇਦ ਬਾਦਲ ਸਾਹਬ ਨੂੰ ਸਾਡੀ ਟਕਸਾਲ ਦੀਆਂ ਪਰੰਪਰਾਵਾਂ ਦਾ ਪਤਾ ਨਹੀਂ ਹੈ। ਬਾਦਲ ਸਾਹਬ ਜੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਦਮਦਮੀ ਟਕਸਾਲ ਮੰਗਤਿਆਂ ਦੀ ਟਕਸਾਲ ਨਹੀਂ ਹੈ। ਅਸੀਂ ਸਿਰਫ ਦਸਮ ਪਾਤਸ਼ਾਹ ਜੀ ਦੇ ਮੰਗਤੇ ਹਾਂ ਤੇ ਇਸ ਲਈ ਸਾਨੂੰ ਕਿਸੇ ਸਰਕਾਰ ਕੋਲੋਂ ਮੰਗਣ ਦੀ ਲੋੜ ਨਹੀਂ ਹੈ, ਕਿਉਂਕਿ ਦਮਦਮੀ ਟਕਸਾਲ ਵਡੇਰਿਆਂ ਦੀ ਭਾਵ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਹੈ। ਸੰਤ ਜਰਨੈਲ ਸਿੰਘ ਨੇ ਕਿਹਾ ਕਿ ਬਾਦਲ ਸਾਹਬ ਨੂੰ ਮੈਂ ਪੂਰੀ ਸੰਗਤ ਦੇ ਸਾਹਮਣੇ ਇਹ ਭਰੋਸਾ ਦਵਾਉਂਦਾ ਹਾਂ ਕਿ ਜਦੋਂ ਬਾਦਲ ਸਾਹਬ ਨੂੰ ਗੁਰਮਤ ਦੇ ਸਬੰਧ ‘ਚ ਕੋਈ ਪ੍ਰੋਗਰਾਮ ਕਰਨ ਲਈ ਮਦਦ ਦੀ ਲੋੜ ਹੋਵੇ, ਤਾਂ ਦਮਦਮੀ ਟਕਸਾਲ ਉਨ੍ਹਾਂ ਦੀ ਮਦਦ ਕਰੇਗੀ। ਇਹ ਸੁਣ ਕੇ ਪੱਤਰਕਾਰਾਂ ‘ਚ ਵੀ ਹਲਚਲ ਪੈਦਾ ਹੋ ਗਈ। ਸੰਤ ਜਰਨੈਲ ਸਿੰਘ ਦੇ ਇਹ ਬੋਲ ਸੁਣ ਕੇ ਬਾਦਲ ਸਾਹਬ ਨੇ ਸੰਤ ਜਰਨੈਲ ਸਿੰਘ ਜੀ ਨੂੰ ਨਿਜ਼ੀ ਰੂਪ ‘ਚ ਮਿਲਣ ਲਈ ਕੁਝ ਸਮੇਂ ਦੀ ਮੰਗ ਕੀਤੀ ਜਿਸ ‘ਤੇ ਸੰਤ ਜਰਨੈਲ ਸਿੰਘ ਜੀ ਵੱਲੋਂ ਉਨ੍ਹਾਂ ਕੋਲ ਸਮਾਂ ਨਾ ਹੋਣ ਦਾ ਹਵਾਲਾ ਦੇ ਕੇ ਮਿਲਣ ਤੋਂ ਸਾਫ ਮਨ੍ਹਾ ਕਰ ਦਿੱਤਾ।

ਸੰਤ ਜਰਨੈਲ ਸਿੰਘ ਜੀ ਤੋਂ ਜੱਥੇਬੰਦੀਆਂ ਦੇ ਮੁਖੀ ਤੇ ਸਾਰੀ ਸੰਗਤ ਬਹੁਤ ਪ੍ਰਭਾਵਿਤ ਹੋਈ। ਜਿਸ ਤੋਂ ਮੈਨੂੰ ਵੀ ਇਹ ਲੱਗਿਆ ਕਿ ਸੰਤ ਜਰਨੈਲ ਸਿੰਘ ਜੀ ਕੋਈ ਆਮ ਵਿਅਕਤੀ ਨਹੀਂ ਹਨ। ਕੁਝ ਸਮੇਂ ਬਾਅਦ ਭਾਈ ਅਮਰੀਕ ਸਿੰਘ ਜੀ ਦੀ ਦਮਦਮੀ ਟਕਸਾਲ ‘ਚ ਵੱਧ ਰਹੀ ਦਖਲ ਅੰਦਾਜ਼ੀ ‘ਤੇ ਸੰਤ ਜਰਨੈਲ ਸਿੰਘ ਜੀ ਨੇ ਭਾਈ ਅਮਰੀਕ ਸਿੰਘ ਨਾਲ ਮੁਲਾਕਾਤ ਕੀਤੀ ਤੇ ਇਕੱਠੇ ਮਿਲਕੇ ਧਰਮ ਪ੍ਰਚਾਰ ਕਰਨ ਦੀ ਗੱਲ ਕਹੀ। ਸੰਤ ਜਰਨੈਲ ਸਿੰਘ ਨੇ ਭਾਈ ਅਮਰੀਕ ਸਿੰਘ ਨੂੰ ਗਲਵੱਕੜੀ ‘ਚ ਲਿਆ ਤੇ ਕਿਹਾ ਕਿ ਦਸਤਾਰਬੰਦੀ ਦਾ ਫੈਸਲਾ ਮੇਰਾ ਨਹੀਂ ਬਲਕਿ ਪੂਰੀ ਸੰਗਤ ਦਾ ਫੈਸਲਾ ਸੀ। ਸੰਤ ਜਰਨੈਲ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਭਾਈ ਅਮਰੀਕ ਸਿੰਘ ਨੇ ਸੰਤ ਜਰਨੈਲ ਸਿੰਘ ਦੇ ਚਰਨ ਛੋਹ ਕੇ ਆਸ਼ੀਰਵਾਦ ਲਿਆ ਤੇ ਆਪਣੀਆਂ ਭੁੱਲਾਂ ਲਈ ਮਾਫੀ ਮੰਗੀ। ਉਸ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ ਅੰਤ ਸਮੇਂ ਤੱਕ ਸੰਤ ਜਰਨੈਲ ਸਿੰਘ ਜੀ ਦੇ ਨਾਲ ਰਹੇ।

ਸਵਾਲ : ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦਾ ਨਾਅ ਕਿਸਨੇ ਪ੍ਰਪੋਜ਼ ਕੀਤਾ, ਕਿਸ ਤਰ੍ਹਾਂ ਉਹ ਸੰਗਤ ਸਭ ਤੋਂ ਉੱਪਰ ਆਏ, ਭਾਈ ਅਮਰੀਕ ਸਿੰਘ ਕਿਉਂ ਨਹੀਂ?

ਜਵਾਬ : ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਦਮਦਮੀ ਟਕਸਾਲ ਦੇ ਮੁਖੀ ਦੇ ਤੌਰ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦਾ ਨਾਅ ਕਿਸੇ ਵੱਲੋਂ ਵੀ ਪ੍ਰਪੋਜ਼ ਨਹੀਂ ਕੀਤਾ ਗਿਆ, ਬਲਕਿ ਇਹ ਪੂਰੀ ਸੰਗਤ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ ਸੀ ਜੋ ਪੂਰੀ ਸੰਗਤ ਨੇ ਸੰਤ ਜਰਨੈਲ ਸਿੰਘ ਜੀ ਦੇ ਵਿਚਾਰਾਂ, ਉਨ੍ਹਾਂ ਦੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਲਿਆ। ਦੂਜੇ ਪਾਸੇ ਭਾਈ ਅਮਰੀਕ ਸਿੰਘ ਦੇ ਹੱਕ ‘ਚ ਸਿਰਫ ਉਨ੍ਹਾਂ ਦਾ ਪਰਿਵਾਰ ਤੇ ਮੇਰੇ ਵਰਗੇ ਦੋਸਤ-ਮਿੱਤਰ ਸਨ ਜਦੋਂ ਕਿ ਸੰਤ ਜਰਨੈਲ ਸਿੰਘ ਦੀ ਹਮਾਇਤੀ ‘ਚ ਲਗਭਗ 90 ਪ੍ਰਤੀਸ਼ਤ ਲੋਕ ਸਨ। ਸੋ ਇਹ ਪੂਰੀ ਸੰਗਤ ਤੇ ਦਮਦਮੀ ਟਕਸਾਲ ਦਾ ਫੈਸਲਾ ਸੀ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ।

ਸਵਾਲ : ਪੰਜਾਬ ਲੱਗਣ ਵਾਲੇ ਮੋਰਚੇ, ਧਰਮ ਯੁੱਧ ਮੋਰਚਿਆਂ ਕਿਉਂ ਤਬਦੀਲ ਹੋ ਜਾਂਦੇ ਹਨ? ਕੀ ਇਨ੍ਹਾਂ ਮੋਰਚਿਆਂ ਦੌਰਾਨ ਵੀ ਤੁਸੀਂ ਭਾਈ ਅਮਰੀਕ ਸਿੰਘ ਦੇ ਸਪੰਰਕ ਰਹੇ

- Advertisement -

ਜਵਾਬ : ਸ਼ੁਰੂ ‘ਚ ਤਾਂ ਸ੍ਰੋਮਣੀ ਅਕਾਲੀ-ਦਲ ਜੋ ਇੱਕ ਰਾਜਨੀਤਿਕ ਸੰਸਥਾ ਹੈ, ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਆਪਣੇ ਹੀ ਖੇਤਰ ‘ਚ ਕੰਮ ਕਰ ਰਹੀ ਸੀ ਤੇ ਦੂਜੇ ਪਾਸੇ ਦਮਦਮੀ ਟਕਸਾਲ ਜੋ ਇੱਕ ਧਾਰਮਿਕ ਸੰਸਥਾ ਸੀ, ਧਰਮ-ਪ੍ਰਚਾਰ ਦਾ ਕੰਮ ਕਰ ਰਹੀ ਸੀ। ਭਾਵ ਦੋਵੇਂ ਸੰਸਥਾਵਾਂ ਆਪਣੇ-ਆਪਣੇ ਖੇਤਰ ‘ਚ ਕੰਮ ਕਰਨ ‘ਚ ਰੁਝੀਆਂ ਹੋਈਆਂ ਸਨ। ਜੇਕਰ ਮੋਰਚਿਆਂ ਦੀ ਗੱਲ ਕਰੀਏ ਤਾਂ ਸਮੇਂ-ਸਮੇਂ ਤੇ ਪੰਜਾਬ ‘ਚ ਮੋਰਚੇ ਲੱਗਦੇ ਰਹੇ ਹਨ। ਪਾਣੀ ਦੇ ਮੋਰਚੇ ‘ਤੇ ਮੇਰਾ ਮੰਨਣਾ ਹੈ ਕਿ ਕਿਸੇ ਵੀ ਰਾਜ ਦਾ ਕੁਦਰਤੀ ਧਨ ਜੰਗਲ, ਨਦੀਆਂ ਤੇ ਖਾਣਾਂ ‘ਤੇ ਸਿਰਫ ਉਸ ਰਾਜ ਦਾ ਹੀ ਹੱਕ ਹੋਣਾ ਚਾਹੀਦਾ ਹੈ। ਇਸ ਲਈ ਪਾਣੀ ਦੀ ਰਾਖੀ ਲਈ ਰਿਪੇਲੀਅਨ ਲਾਅ ਬਣਨਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਸਾਡੇ ਪਾਣੀ ‘ਤੇ ਡਾਕਾ ਨਾ ਮਾਰ ਜਾਵੇ।

ਪੰਜਾਬ ‘ਚ ਪਾਣੀ ਪਹਿਲਾਂ ਹੀ ਬਹੁਤ ਘੱਟ ਸੀ ਤੇ ਦੂਜੇ ਪਾਸੇ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਤਾਂ ਬਣ ਗਿਆ ਸੀ ਪਰ ਬਾਅਦ ‘ਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਸਲਾ ਸਾਹਮਣੇ ਆਇਆ। ਪੰਜਾਬ ਤੇ ਹਰਿਆਣਾ ਦੇ ਬਾਰਡਰ ‘ਤੇ ਪੈਂਦੇ ਪਿੰਡ ਕਪੂਰੀ ਦਾ ਮੋਰਚਾ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸ੍ਰੀਮਤੀ ਗਾਂਧੀ ਦਾ ਵਿਰੋਧ ਕਰਨ ‘ਤੇ ਅਕਾਲੀਆਂ ਤੇ ਕਮਿਊਨਿਸਟਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ। ਸ੍ਰੋਮਣੀ ਅਕਾਲੀ-ਦਲ ਨੇ ਪੰਜਾਬ ਦੇ ਪਾਣੀਆਂ ਦੇ ਹੱਕ ‘ਚ ਮੋਰਚਾ ਲਾਉਣਾ ਸ਼ੁਰੂ ਕੀਤਾ। ਪਰ ਹੋਲੀ-ਹੋਲੀ ਇਸ ਮੋਰਚੇ ਪ੍ਰਤੀ ਲੋਕਾਂ ਦੀ ਸ਼ਮੂਲੀਅਤ ਘੱਟ ਗਈ। ਉਸ ਸਮੇਂ ਅਕਾਲੀ ਦਲ ਤੇ ਟਕਸਾਲ ਦੋਹਾਂ ਨੂੰ ਇੱਕ ਵੱਡੇ ਪਲੇਟਫਾਰਮ ਦੀ ਜ਼ਰੂਰਤ ਸੀ, ਕਿਉਂਕਿ ਟਕਸਾਲ ਨਾਲ ਵੱਡੀ ਗਿਣਤੀ ‘ਚ ਸ਼ਰਧਾਲੂ ਜੁੜੇ ਹੋਏ ਸਨ। ਫਿਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਪੰਜਾਬ ਦੇ ਪਾਣੀਆਂ ਦੇ ਹੱਕ ‘ਚ ਕਪੂਰੀ ਦੇ ਮੋਰਚੇ ‘ਤੇ ਹਰਚੰਦ ਸਿੰਘ ਲੌਂਗੋਵਾਲ ਨੂੰ ਹਮਾਇਤ ਦਿੱਤੀ। ਜਿਸ ਨਾਲ ਕਪੂਰੀ ਮੋਰਚੇ ‘ਚ ਜਾਨ ਪਈ। ਫਿਰ ਵੱਡੇ ਇਕੱਠ ਅਕਾਲ ਤਖਤ ਵੱਲੋਂ ਵੀ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਹੋਲੀ-ਹੋਲੀ ਇਹ ਸਿਲਸਿਲਾ ਹੋਰ ਭੱਖਦਾ ਗਿਆ।

ਸਵਾਲਕਾਲਾ ਦੌਰ(1984) ‘ ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ, ਤੁਸੀਂ ਕਿਸ ਤਰ੍ਹਾਂ ਇਸ ਸਭ ਤੋਂ ਬਾਹਰ ਨਿਕਲੇ?

ਜਵਾਬ : ਦੇਖੋ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਹਮਲਾ ਇੱਕ ਬਹੁਤ ਹੀ ਦੁੱਖਦਾਈ ਘਟਨਾ ਸੀ। ਦਰਬਾਰ ਸਾਹਿਬ ‘ਤੇ ਵੀ ਹਮਲਾ ਹੋ ਸਕਦਾ ਇਹ ਕਿਸੇ ਦੇ ਖਾਬੋ ਖਿਆਲ ‘ਚ ਨਹੀਂ ਸੀ। 1984 ‘ਚ ਜਦੋਂ “ਆਪ੍ਰੇਸ਼ਨ ਬਲੂਅ ਸਟਾਰ” ਦੁਆਰਾ ਸ੍ਰੀ ਹਰਮਿੰਦਰ ਸਾਹਿਬ (ਦਰਬਾਰ ਸਾਹਿਬ) ‘ਤੇ ਹਮਲਾ ਹੋਇਆ ਉਸ ਸਮੇਂ ਮੈਂ ਪੰਜਾਬੀ ਯੂਨੀਵਰਸਿਟੀ ‘ਚ ਬਤੌਰ ਲੈਕਚਰਾਰ ਕੰਮ ਕਰਦਾ ਸੀ। ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ ਗਿਆ। ਮਾਹੌਲ ਬਹੁਤ ਗਰਮ ਸੀ ਜਿਸ ਦੌਰਾਨ ਭਾਰਤੀ ਫੌਜੀ ਧੜਾਧੜ ਗ੍ਰਿਫਤਾਰੀਆਂ ਕਰ ਰਹੀ ਸੀ। ਇਸ ਸਭ ਦੇ ਚੱਲਦਿਆ ਮੈਂ ਕੁਝ ਦਿਨਾਂ ਲਈ ਇਧਰ-ਉਧਰ ਹੋ ਗਿਆ। ਪਰ ਇਸ ਮਾਮਲੇ ‘ਚ ਫੌਜ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਨਾ ਕਰੇ ਇਹ ਸੋਚ ਕੇ ਮੈਂ ਆਪਣੇ ਘਰ ਵਾਪਿਸ ਆ ਗਿਆ। 26 ਜੂਨ 1984 ਨੂੰ ਦੇਰ ਰਾਤ ਫੌਜ ਵੱਲੋਂ ਮੈਨੂੰ ਮੇਰੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਿਸ ਦੌਰਾਨ ਫੌਜ ਮੇਰੇ ਕੁਝ ਹੱਥ ਲਿਖਤ ਨੋਟਸ ਵੀ ਨਾਲ ਲੈ ਗਈ। ਗ੍ਰਿਫਤਾਰੀ ਦੌਰਾਨ ਫੌਜ ਵੱਲੋਂ ਮੈਨੂੰ ਕਿਥੇ-ਕਿਥੇ ਰੱਖਿਆ ਗਿਆ ਇਸ ਦਾ ਮੈਨੂੰ ਅੰਦਾਜ਼ਾ ਨਹੀਂ ਕਿਉਂਕਿ ਮੈਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੇਰੀਆਂ ਅੱਖਾਂ ‘ਤੇ ਇੱਕ ਕਪੜਾ ਬੰਨ ਕੇ ਰੱਖਿਆ ਜਾਂਦਾ ਸੀ। ਉਸ ਸਮੇਂ ਫੌਜ ਦੀ ਕਾਰਵਾਈ ਬਹੁਤ ਖੌਫਨਾਕ ਰਹੀ। ਜਿਸ ਦੌਰਾਨ ਮੇਰੇ ‘ਤੇ ਬਹੁਤ ਤਸੱਦਦ ਢਾਹਿਆ ਗਿਆ। ਫੌਜੀ ਅਫਸਰ ਉਸ ਸਮੇਂ ਸਿੱਖਾਂ, ਗੁਰਦੁਆਰਿਆਂ ਤੇ ਸੰਤ ਜਰਨੈਲ ਸਿੰਘ ਨੂੰ ਗਾਲਾਂ ਕੱਢਦੇ ਰਹਿੰਦੇ ਸੀ। ਫਿਰ ਸਾਨੂੰ ਜੇਲ੍ਹ ‘ਚ ਭੇਜ ਦਿੱਤਾ ਗਿਆ, ਜਿੱਥੇ ਸਾਨੂੰ ਅਹਿਸਾਸ ਹੋਇਆ ਕਿ ਹੁਣ ਅਸੀਂ ਸੁਰੱਖਿਅਤ ਹਾਂ। ਦਰਬਾਰ ਸਾਹਿਬ ‘ਤੇ ਜਦੋਂ ਹਮਲਾ ਹੋਇਆ ਉਸ ਸਮੇਂ ਦੌਰਾਨ ਪੁਲਿਸ ਸਾਡੀ ਮਦਦ ਕਰਦੀ ਰਹੀ।

ਸਵਾਲ : ਤੁਹਾਡੀ ਕਦੀ ਜਨਰਲ ਸੁਬੇਗ ਸਿੰਘ ਨਾਲ ਮੁਲਾਕਾਤ ਹੋਈ, ਉਨ੍ਹਾਂ ਦੀ ਕੋਈ ਕਹਾਣੀ ਜਾਂ ਸੁਭਾਅ ਬਾਰੇ ਦੱਸੋ?

ਜਵਾਬ : ਦੇਖੋ ਜਨਰਲ ਸੁਬੇਗ ਸਿੰਘ ਇੱਕ ਬੇਧੜਕ ਸਿੱਖ ਜਰਨੈਲ ਸੀ ਜੋ ਹਮੇਸਾ ਚੜ੍ਹਦੀ ਕਲ੍ਹਾ ‘ਚ ਰਹਿੰਦੇ ਸੀ। ਉਸ ਸਮੇਂ ਜਨਰਲ ਸੁਬੇਗ ਸਿੰਘ ਸਿੱਖ ਫੈਡਰੈਸ਼ਨ ਦੇ ਕੈਂਪ ਵੀ ਲੱਗਦੇ ਹੁੰਦੇ ਸੀ ਜਿਨ੍ਹਾਂ ਨੂੰ ਗੁਰ ਮਕੈਨਿਕ ਟ੍ਰੇਨਿੰਗ ਕੈਂਪ ਕਹਿੰਦੇ ਸੀ। ਇਨ੍ਹਾਂ ਕੈਂਪਾਂ ‘ਚ 10ਵੀ, ਬੀਏ ਤੇ ਐੱਮਏ ਤੱਕ ਦੇ ਨੌਜਵਾਨ ਵਿਦਿਆਰਥੀਆਂ ਨੂੰ ਧਾਰਮਿਕ ਸਿਖਲਾਈ ਦਿੱਤੀ ਜਾਂਦੀ ਸੀ। ਇਹ ਸਿਲਸਿਲਾ ਸੰਤ ਜਰਨੈਲ ਸਿੰਘ ਵੱਲੋਂ ਸ਼ੁਰੂ ਨਹੀਂ ਕੀਤਾ ਗਿਆ ਸੀ। ਮੈਨੂੰ ਇੱਕ ਘਟਨਾ ਯਾਦ ਹੈ ਜਦੋਂ ਦਰਬਾਰ ਸਾਹਿਬ ‘ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨੇ ਜਨਰਲ ਸੁਬੇਗ ਸਿੰਘ ਨੂੰ ਸਵਾਲ ਕੀਤਾ ਸੀ ਕਿ ਜੇਕਰ ਭਾਰਤੀ ਫੌਜ ਦਰਬਾਰ ਸਾਹਿਬ ‘ਤੇ ਹਮਲਾ ਕਰਦੀ ਹੈ ਤਾਂ ਤੁਸੀਂ ਕੀ ਕਰੋਗੇ, ਜਿਸ ‘ਤੇ ਜਨਰਲ ਸੁਬੇਗ ਸਿੰਘ ਨੇ ਕਿਹਾ ਸੀ ਕਿ ਇਸ ਸਥਿਤੀ ‘ਚ ਉਹ ਭਾਰਤੀ ਫੌਜ ਦਾ ਮੁਕਾਬਲਾ ਕਰਨਗੇ ਕਿਉਂਕਿ ਉਨ੍ਹਾਂ ਲਈ ਦਰਬਾਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ। ਦਰਬਾਰ ਸਾਹਿਬ ਢਾਹੇ ਜਾਣ ਤੋਂ ਬਾਅਦ ਮੁੜ ਦਰਬਾਰ ਸਾਹਿਬ ਦੀ ਉਸਾਰੀ ਸਮੇਂ ਜਨਰਲ ਸੁਬੇਗ ਸਿੰਘ ਦੀ ਬਿਰਧ ਮਾਤਾ ਤੇ ਬਾਕੀ ਪਰਿਵਾਰ ਨੇ ਬਹੁਤ ਸੇਵਾ ਕੀਤੀ। ਉਨ੍ਹਾਂ ਦੀ ਮਾਤਾ ਦਾ ਕਹਿਣਾ ਸੀ ਕਿ ਦਰਬਾਰ ਸਾਹਿਬ ਸਾਡੀ ਸ਼ਾਨ ਹੈ ਤੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਤੇ ਦਰਬਾਰ ਸਾਹਿਬ ਦੀ ਬੇਅਦਬੀ ਕਰਦੇ ਨੇ ਅਸੀਂ ਉਨ੍ਹਾਂ ਦਾ ਵਿਰੋਧ ਕਰਦੇ ਹਾਂ ਤੇ ਹਮੇਸਾ ਕਰਦੇ ਰਹਾਂਗੇ। ਖਾਲਸਾ ਪੰਥ ਦੀ ਬੰਦਗੀ, ਸੇਵਾ ਤੇ ਖਾਲਸਾ ਪੰਥ ਲਈ ਕੁਰਬਾਨੀਆਂ ਦੇਣ ਵਾਲੇ ਇਨ੍ਹਾਂ ਲੋਕਾਂ ਸਦਕਾ ਅੱਜ ਅਸੀਂ ਸਭ ਜਿਉਂਦੇ ਹਾਂ, ਤੇ ਇਨ੍ਹਾਂ ਸਦਕਾ ਹੀ ਖਾਲਸਾ ਪੰਥ ਹਮੇਸਾ ਰਹੇਗਾ।

ਇਸੇ ਤ੍ਹਰਾਂ ਹੀ ਸੰਤ ਜਰਨੈਲ ਸਿੰਘ ਜੀ ਬਾਰੇ ਵੀ ਉਸ ਸਮੇਂ ਗਲਤ ਅਫਵਾਹਾਂ ਫੈਲਾਈਆ ਗਈਆਂ। ਇੱਥੋਂ ਤੱਕ ਕਿ ਇੱਕ ਅਕਾਲੀ ਲੀਡਰ ਵੱਲੋਂ ਉਨ੍ਹਾਂ ਨੂੰ ਚੰਬਲ ਦਾ ਡਾਕੂ ਵੀ ਕਿਹਾ ਗਿਆ ਸੀ। ਸੰਤ ਜਰਨੈਲ ਸਿੰਘ ਨੇ ਹਰ ਧਰਮ ਦੇ ਲੋਕਾਂ ਦੀ ਮਦਦ ਕੀਤੀ। ਸੰਤ ਜਰਨੈਲ ਸਿੰਘ ਦੀ ਵੱਧ ਰਹੀ ਸ਼ਕਤੀ ਤੇ ਉਨ੍ਹਾਂ ‘ਚ ਲੋਕਾਂ ਦੀ ਵੱਧ ਰਹੀ ਦਿਲਚਸਪੀ ਤੋਂ ਸਰਕਾਰ ਬਹੁਤ ਬੇਚੈਨ ਸੀ।

ਸਵਾਲ : 1984 ‘ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਦੇ ਹੋਰ ਕਿਹੜੇਕਿਹੜੇ ਕਿੱਸੇ ਤੁਹਾਨੂੰ ਯਾਦ ਹਨ?

ਜਵਾਬ : ਸਭ ਤੋਂ ਪਹਿਲੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਸ੍ਰੀਮਤੀ ਗਾਂਧੀ ਦਾ ਕਤਲ ਹੋਇਆ ਉਦੋਂ ਮੈਂ ਨਾਭਾ ਸਕਿਊਰਟੀ ਜੇਲ੍ਹ ‘ਚ ਬੰਦ ਸੀ। ਜੇਲ ਕਰਮਚਾਰੀਆਂ ਨੂੰ ਸਾਡੇ ਬਾਰੇ ਇਹ ਕਿਹਾ ਗਿਆ ਕਿ ਅਸੀਂ ਬਹੁਤ ਖਤਰਨਾਕ ਅੱਤਵਾਦੀ ਹਾਂ। ਸਾਨੂੰ ਅਲੱਗ-ਅਲੱਗ ਕਾਲ ਕੋਠੜੀ ‘ਚ ਬੰਦ ਰੱਖਿਆ ਗਿਆ। ਛੇ ਮਹੀਨੇ ਬਾਅਦ ਮੈਨੂੰ ਪਟਿਆਲਾ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ। ਪਟਿਆਲਾ ਜੇਲ੍ਹ ‘ਚ ਸਾਨੂੰ ਸੇਠੀ ਨਾਮ ਦੇ ਦੋ ਭਰਾ ਮਿਲੇ ਜਿਨ੍ਹਾਂ ਨੂੰ ਬਾਹਰ ਦੀ ਹਰ ਛੋਟੀ ਵੱਡੀ ਖਬਰ(ਘਟਨਾ) ਦਾ ਪਤਾ ਸਭ ਤੋਂ ਪਹਿਲਾਂ ਲੱਗਦਾ ਸੀ।  ਇਸ ਦਾ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਇਹ ਖਬਰ ਕਿਥੋਂ ਮਿਲਦੀ ਸੀ ਤੇ ਨਾ ਹੀ ਮੈਂ ਕਦੀ ਪੁੱਛਣ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਸ੍ਰੀਮਤੀ ਗਾਂਧੀ ‘ਤੇ ਹੋਏ ਹਮਲੇ, ਇੰਧਰਾ ਗਾਂਧੀ ਦੀ ਹੱਤਿਆ ਦੀ ਖਬਰ ਦਾ ਪਤਾ ਵੀ ਸਾਨੂੰ ਸੇਠੀ ਭਰਾਵਾਂ ਤੋਂ ਹੀ ਲੱਗਿਆ। ਬਾਅਦ ‘ਚ ਅਸੀਂ ਸੇਠੀ ਭਰਾਵਾਂ ਨੂੰ ਉਨ੍ਹਾਂ ਦੀ ਜਾਣਕਾਰੀ ਤੋਂ ਪ੍ਰਭਾਵਿਤ ਹੋ ਕੇ ਸ਼ਤੀਸ ਜੈਕਬ ਤੇ ਮਾਰਕ ਟੱਲੀ ਦਾ ਖਿਤਾਬ ਦਿੱਤਾ। ਉਸ ਸਮੇਂ ਸ਼ਤੀਸ਼ ਜੈਕਬ ਤੇ ਮਾਰਕ ਟੱਲੀ ਬੀਬੀਸੀ ਦੇ ਉੱਘੇ ਪੱਤਰਕਾਰ ਸਨ। ਕੁਝ ਸਮੇਂ ਬਾਅਦ ਮੈਨੂੰ ਜੇਲ੍ਹ ਅੰਦਰ ਕਿਤਾਬਾਂ ਲਿਖਣ ਦੀ ਆਗਿਆ ਮਿਲ ਗਈ। ਜਿਥੇ ਬੈਠ ਕੇ ਮੈਂ ਕਈ ਕਿਤਾਬਾਂ ਲਿਖੀਆ।

Share this Article
Leave a comment