-ਕਿਹਾ ਸਪੀਕਰ ਦੇ ਕਹਿਣ ‘ਤੇ ਮਾਰਸ਼ਲ ਨੇ ਮੇਰੀ ਪੱਗ ਨੂੰ ਹੱਥ ਪਾਇਆ’
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਅੰਦਰ ਬੀਤੀ ਕੱਲ੍ਹ ਵੇਲੇ ਜ਼ਬਰਦਸਤ ਹੰਗਾਮਾਂ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਵਿਧਾਨ ਸਭਾ ਦੇ ਸਪੀਕਰ ਨੇ ਮਾਰਸ਼ਲਾਂ ਰਾਹੀਂ ਚੁਕਵਾ ਕੇ ਸਦਨ ਚੋਂ ਬਾਹਰ ਸੁੱਟਵਾ ਦਿੱਤਾ । ਇਸ ਦੌਰਾਨ ਸਿਰਸਾ ਦੀ ਪੱਗ ਲਹਿ ਗਈ ਤੇ ਉਹ ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਿ ਮਾਰਸ਼ਲਾਂ ਨੇ ਉਨ੍ਹਾਂ ਨੂੰ ਕੁੱਟਿਆ ਵੀ ਹੈ।
ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਅੰਦਰੋਂ ਵਾਇਰਲ ਹੋਈਆਂ ਤਸਵੀਰਾਂ ਵਿੱਚ ਸਾਫ ਤੌਰ ਤੇ ਦਿਖਾਈ ਦਿੱਤਾ ਕਿ ਅੰਦਰ ਸਿਰਸਾ ਜ਼ਮੀਨ ਤੇ ਡਿੱਗੇ ਹੋਏ ਸਨ ਤੇ ਵਿਧਾਨ ਸਭਾ ਦੇ ਮਾਰਸ਼ਲ ਉਨ੍ਹਾਂ ਨੂੰ ਘੇਰੀ ਖੜ੍ਹੇ ਹਨ। ਤਸਵੀਰਾਂ ‘ਚ ਦਿਖਾਈ ਦਿੱਤਾ ਕਿ ਅੰਦਰ ਸਫੈਦ ਪਗੜੀ ਧਾਰੀ ਆਪ ਵਿਧਾਇਕ ਜਰਨੈਲ ਸਿੰਘ ਮਾਰਸ਼ਲਾਂ ਨੂੰ ਹੁਕਮ ਦਿੰਦਾ ਹੈ ਇਸ ਨੂੰ ਚੁੱਕ ਕੇ ਬਾਹਰ ਸੁੱਟੋ ਇਹ ਪਗੜੀ ਸਬੰਧੀ ਡਰਾਮੇਬਾਜ਼ੀ ਕਰ ਰਿਹਾ ਹੈ। ਇਸਨੇ ਆਪਣੀ ਪਗੜੀ ਆਪ ਉਤਾਰੀ ਹੈ। ਇਹ ਹੁਕਮ ਸੁਣਦਿਆਂ ਹੀ ਮਾਰਸ਼ਲ ਮਨਜਿੰਦਰ ਸਿਰਸਾ ਨੂੰ ਚੁੱਕ ਕੇ ਬਾਹਰ ਲਿਜਾਣ ਲੱਗ ਪੈਂਦੇ ਹਨ ਤੇ ਮਾਰਸ਼ਲਾਂ ਦੇ ਮੋਢਿਆਂ ਤੇ ਚੜ੍ਹਿਆ ਸਿਰਸਾ ਦੋਵੇਂ ਹੱਥਾਂ ਨਾਲ ਪੱਗ ਨੂੰ ਫੜੀ ਪੱਗ ਡਿੱਗਣੋਂ ਬਚਾਉਣ ਲਈ ਰੌਲਾ ਪਾਉਂਦਾ ਦਿਖਾਈ ਦਿੰਦਾ ਹੈ। ਵਿਧਾਨ ਸਭਾ ਤੋਂ ਬਾਹਰ ਆਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਇਲਜ਼ਾਮ ਲਾਇਆ ਹੈ ਕਿ ਅੰਦਰ ਵਿਧਾਨ ਸਭਾ ‘ਚ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਪੱਗ ਵੀ ਉਤਾਰ ਦਿੱਤੀ ਗਈ । ਸਿਰਸਾ ਮੁਤਾਬਕ ਜਦੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਉਸ ਵੇਲੇ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਅਤੇ ਕੈਮਰੇ ਵੀ ਬੰਦ ਸਨ ।
ਮਨਜਿੰਦਰ ਸਿੰਘ ਸਿਰਸਾ ਮੁਤਾਬਕ ਵਿਧਾਨ ਸਭਾ ਦੇ ਸਪੀਕਰ ਦੇ ਕਹਿਣ ‘ਤੇ ਹੀ ਮਾਰਸ਼ਲ ਨੇ ਉਨ੍ਹਾਂ ਦੀ ਪੱਗ ਨੂੰ ਹੱਥ ਪਾਇਆ ਹੈ ਤੇ ਉਨ੍ਹਾਂ ਦੀ ਪੱਗ ਲਾਹੀ ਗਈ ਹੈ । ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਕਹਿੰਦੇ ਰਹੇ ਕਿ ਉਨ੍ਹਾਂ ਦੀ ਪੱਗ ਨਾ ਉਤਾਰੀ ਜਾਵੇ। ਸਿਰਸਾ ਅਨੁਸਾਰ ਇਹ ਸਭ ਉਸ ਵੇਲੇ ਵਾਪਰਿਆ ਜਦੋਂ ਉਨ੍ਹਾਂ ਨੇ ਦਿੱਲੀ ਸਿੱਖ ਕਤਲੇਆਮ ਲਈ ਜਿੰਮੇਵਾਰ ਮੰਨੇ ਜਾਂਦੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਸਰਕਾਰ ਵਲੋਂ ਦਿੱਲੀ ਵਿਧਾਨ ਸਭਾ ਉਹ ਮਤਾ ਪਾਸ ਕਰਕੇ ਆਪਣੇ ਆਪ ਹੀ ਬਦਲ ਦਿੱਤਾ ਜਿਸ ਵਿੱਚ ਰਾਜੀਵ ਤੋਂ ਭਾਰਤ ਰਤਨ ਵਾਪਸ ਲੈਣ ਦੀ ਗੱਲ ਆਖੀ ਗਈ ਸੀ।
ਉਨ੍ਹਾਂ ਕਿਹਾ ਕਿ ਆਪ ਨੇ ਇਹ ਸਭ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨਾਲ ਕੀਤੇ ਜਾਣ ਵਾਲੇ ਸੰਭਾਵਿਤ ਗਠਜੋੜ ਨੂੰ ਦੇਖਦਿਆਂ ਕੀਤਾ ਹੈ, ਜੋ ਕਿ ਸਰਾਸਰ ਕਨੂੰਨ ਦੀ ਉਲੰਘਣਾ ਹੈ। ਸਿਰਸਾ ਅਨੁਸਾਰ ਜਿਸ ਦਿੱਲੀ ਅੰਦਰ 8 ਹਜ਼ਾਰ ਬੇਗੁਨਾਹ ਸਿੱਖਾਂ ਦਾ ਕਤਲੇਆਮ ਹੋਇਆ ਉਸੇ ਦਿੱਲੀ ਦੀ ਵਿਧਾਨ ਸਭਾ ਅੰਦਰ ਅੱਜ ਇੱਕ ਚੁਣੇ ਹੋਏ ਮੈਂਬਰ ਦੀ ਪੱਗ ਲਾਹ ਦਿੱਤੀ। ਉਨ੍ਹਾਂ ਸਵਾਲ ਕੀਤਾ ਕਿ, ਕੀ ਦਿੱਲੀ ਵਿਧਾਨ ਸਭਾ ਅੰਦਰ ਸਿੱਖਾਂ ਦੀ ਗੱਲ ਕਰਨਾ ਗੁਨਾਹ ਹੈ ? ਉਨ੍ਹਾਂ ਕਿਹਾ ਕਿ ਇਹ ਮੇਰੀ ਗੱਲ ਨਹੀਂ ਹੈ ਇਹ ਪੂਰੇ ਦੇਸ਼ ਦੇ ਸਿੱਖਾਂ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਰਸ਼ਲਾਂ ਨੇ ਉਨ੍ਹਾਂ ਨਾਲ ਕੁੱਟ ਮਾਰ ਵੀ ਕੀਤੀ।
ReplyForward
|