ਚੰਡੀਗੜ੍ਹ: ਦਿੱਗਜ ਅਦਾਕਾਰ ਅਮਿਤਾਭ ਬੱਚਨ ਨੂੰ ਭੰਗੜਾ ਕਿੰਗ ਦਲੇਰ ਮਹਿੰਦੀ ਨਾਲ ਕੰਮ ਕਰਨ ਲਈ ਤਿੰਨ ਮਹੀਨਿਆਂ ਦੀ ਉਡੀਕ ਕਰਨੀ ਪਈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਦਲੇਰ ਮਹਿੰਦੀ ਨੇ ਕੀਤਾ। ਇੱਕ ਮੀਡੀਆ ਇਵੈਂਟ ਦੌਰਾਨ ਦਲੇਰ ਮਹਿੰਦੀ ਨੇ ਆਪਣੇ ਫਿਲਮੀ ਕਰੀਅਰ ਨਾਲ ਸਬੰਧਤ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਅਮਿਤਾਭ ਬੱਚਨ ਨੇ ਫੋਨ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਕਿਹਾ ਸੀ। ਉਹ ਬਿਜ਼ੀ ਹੋਣ ਕਰਕੇ ਅਮਿਤਾਭ ਨੂੰ ਤਾਰੀਖ਼ ਨਹੀਂ ਦੇ ਪਾਏ ਸੀ।
ਇਸ ਦੌਰਾਨ ਦਲੇਰ ਨੇ ਆਪਣੀ ਪਹਿਲੀ ਫਿਲਮ ਬ੍ਰੇਕ ਬਾਰੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਗੀਤ ‘ਬੋਲੋ ਤਾਰਾ ਰਾਰਾ’ ਹਿੱਟ ਹੋ ਗਿਆ ਤਾਂ ਇਸ ਦੇ ਬਾਅਦ ‘ਮੈਂ ਡਰਦੀ ਰੱਬ ਰੱਬ ਕਰਦੀ’ ਨੂੰ ਵੀ ਵੱਡੀ ਸਫਲਤਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਮਿਤਾਬ ਬੱਚਨ ਦਾ ਫੋਨ ਆਇਆ। ਦਲੇਰ ਨੇ ਦੱਸਿਆ ਕਿ ਅਮਿਤਾਭ ਨੇ ਫੋਨ ’ਤੇ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
ਦਲੇਰ ਨੇ ਦੱਸਿਆ ਕਿ ਉਹ ਤਾਂ ਅਮਿਤਾਭ ਬੱਚਨ ਦੇ ਵੱਡੇ ਪ੍ਰਸ਼ੰਸਕ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਅਮਿਤਾਭ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੂੰ ਚੱਕਰ ਜਿਹਾ ਆ ਗਿਆ। ਇਸ ਤੋਂ ਬਾਅਦ ਉਨ੍ਹਾਂ ਅਮਿਤਾਬ ਬੱਚਨ ਨੂੰ ਜਵਾਬ ਦਿੱਤਾ ਕਿ ਕਦੀ ਕਿਸੇ ਨੂੰ ਇਸ ਤਰ੍ਹਾਂ ਫੋਨ ਨਾ ਕਰਿਆ ਕਰੋ। ਮੈਨੂੰ ਤਾਂ ਬੱਸ ਚੱਕਰ ਆਇਆ ਹੈ, ਕੋਈ ਹੋਰ ਹੁੰਦਾ ਤਾਂ ਦਿਲ ਦਾ ਦੌਰਾ ਪੈ ਸਕਦਾ ਸੀ।
ਉਨ੍ਹਾਂ ਦੱਸਿਆ ਕਿ ਇੱਕ ਸਾਲ ਵਿੱਚ ਉਨ੍ਹਾਂ 370 ਸ਼ੋਅ ਕੀਤੇ ਸੀ। ਇਸ ਲਈ ਉਨ੍ਹਾਂ ਅਮਿਤਾਬ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਤਾਂ ਹਨ ਪਰ ਤਿੰਨ ਮਹੀਨੇ ਬਾਅਦ ਹੀ ਕੰਮ ਕਰ ਸਕਣਗੇ। ਤਿੰਨ ਮਹੀਨੇ ਤੋਂ ਪਹਿਲਾਂ ਦਲੇਰ ਕੋਲ ਕੋਈ ਤਾਰੀਖ਼ ਨਹੀਂ ਸੀ। ਜਦੋਂ ਕਿਸੇ ਹੀਲੇ ਵਸੀਲੇ ਵੀ ਗੱਲ ਨਹੀਂ ਬਣੀ ਤਾਂ ਕੰਮ ਲਈ ਅਮਿਤਾਭ ਬੱਚਨ ਨੂੰ ਤਿੰਨ ਮਹੀਨਿਆਂ ਤਕ ਦਲੇਰ ਮਹਿੰਦੀ ਦੀ ਉਡੀਕ ਕਰਨੀ ਪਈ।