ਸਿੱਧੂ ਦਾ ਤਾਜਪੋਸ਼ੀ ਸਮਾਗਮ 23 ਜੁਲਾਈ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਨੂੰ ਲੈ ਕੇ ਬਣੀ ਉਲਝਣ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ 23 ਜੁਲਾਈ ਨੂੰ ਹੋਵੇਗਾ। ਜਿਸ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਨੂੰ ਲੈ ਕੇ ਉਲਝਣ ਬਣੀ ਹੋਈ ਹੈ।  ਸਿੱਧੂ ਇਸ ਸਮਾਗਮ ‘ਚ ਹਾਈ ਕਮਾਨ ਵੱਲੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਬੁਲਾਉਣ ਦਾ ਯਤਨ ਕਰ ਰਹੇ ਹਨ। ਜੇਕਰ ਪ੍ਰਿਅੰਕਾ ਗਾਂਧੀ ਸਮਾਗਮ ਦਾ ਹਿੱਸਾ ਬਣਦੇ ਹਨ ਤਾਂ ਮੁੱਖ ਮੰਤਰੀ ਤੇ ਹੋਰ ਕੈਬਨਿਟ ਮੰਤਰੀਆਂ ਦਾ ਆਉਣਾ ਮਜ਼ਬੂਰੀ ਬਣ ਸਕਦੀ ਹੈ।

ਭਾਵੇਂ  ਬਹੁਗਿਣਤੀ ਵਿਧਾਇਕਾਂ ਨੇ  ਸਿੱਧੂ ਦੀ ਅਗਵਾਈ ਨੂੰ ਕਬੂਲਿਆ ਹੈ ਪਰ ਫਿਰ ਵੀ ਕਾਂਗਰਸ ਅੰਦਰ ਬਣੀ ਖਿੱਚੋਤਾਣ ਦਾ ਪਰਛਾਵਾਂ ਤਾਜਪੋਸ਼ੀ ਸਮਾਗਮ ’ਤੇ ਪਵੇਗਾ। ਮੁੱਖ ਮੰਤਰੀ ਇਸ ਸਮਾਰੋਹ ’ਚੋਂ ਗੈਰਹਾਜ਼ਰ ਰਹੇ ਤਾਂ ਅੰਦਰੂਨੀ ਤਲਖੀ ਹੋਰ ਵਧੇਗੀ। ਜੇਕਰ ਮੁੱਖ ਮੰਤਰੀ ਇਸ ਸਮਾਰੋਹ ਵਿੱਚ ਆਏ ਤਾਂ ਇਹ ਕਾਂਗਰਸ ਲਈ ਸ਼ੁਭ ਸੰਕੇਤ ਹੋਵੇਗਾ।

ਸੂਤਰਾਂ ਮੁਤਾਬਕ  23 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਦੇ ਤਾਜਪੋਸ਼ੀ ਸਮਾਗਮ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਲਈ ਇਕ ਵਫ਼ਦ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਅੰਮ੍ਰਿਤਸਰ ਪੁੱਜੇ ਵਿਧਾਇਕਾਂ ਨੇ ਦਸਤਖ਼ਤ ਕਰਕੇ ਇਕ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਨੂੰ ਤਾਜਪੋਸ਼ੀ ਸਮਾਰੋਹ ਸਬੰਧੀ ਸੱਦਾ ਪੱਤਰ ਕਾਂਗਰਸ ਕਮੇਟੀ ਦੇ ਰੂਪ ‘ਚ ਦਿੱਤਾ ਜਾਵੇ। ਇਸ ਤਰ੍ਹਾਂ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਇਕ ਵਫ਼ਦ ਵੀਰਵਾਰ ਨੂੰ ਮੁੱਖ ਮੰਤਰੀ ਨੂੰ ਮਿਲਕੇ ਸੱਦਾ ਪੱਤਰ ਦੇਵੇਗਾ।ਕਰੀਬ 62 ਵਿਧਾਇਕਾਂ ਵੱਲੋਂ  ਨਵਜੋਤ ਸਿੱਧੂ ਦੀ ਰਿਹਾਇਸ਼ ਵਿਖੇ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ 23 ਜੁਲਾਈ ਨੂੰ ਸਵੇਰੇ 11 ਵਜੇ ਤਾਜਪੋਸ਼ੀ ਸਮਾਗਮ ਹੋਵੇਗਾ ਅਤੇ ਇਸ ਸਮਾਰੋਹ ਦੌਰਾਨ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਡੈਨੀ, ਸੰਗਤ ਸਿੰਘ ਗਿਲਜ਼ੀਆਂ ਅਤੇ ਪਵਨ ਗਰਗ ਆਪੋ-ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸ ਸਮਾਰੋਹ ਵਿੱਚ ਹਾਜ਼ਰ ਹੋਣਗੇ।

- Advertisement -

ਜ਼ਿਕਰਯੋਗ ਹੈ ਕਿ  ਤਾਜਪੋਸ਼ੀ ਸਮਾਗਮਾਂ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਆਖ ਚੁੱਕੇ ਹਨ ਕਿ ਜਿੰਨਾ ਚਿਰ ਨਵਜੋਤ ਸਿੱਧੂ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਜਨਤਕ ਤੌਰ ’ਤੇ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਹ ਨਵਜੋਤ ਸਿੱਧੂ ਨੂੰ ਨਹੀਂ ਮਿਲਣਗੇ।

Share this Article
Leave a comment