ਡਿਪਟੀ ਕਮਿਸ਼ਨਰ ਨੇ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀ ਘਰ ਘਰ ਸਪਲਾਈ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

TeamGlobalPunjab
2 Min Read

ਬਰਨਾਲਾ : ਡਿਪਟੀ ਕਮਿਸ਼ਨਰ  ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਸਵੇਰੇ ਸਬਜ਼ੀ ਮੰਡੀ, ਬਰਨਾਲਾ ਵਿੱਚ ਸਬਜ਼ੀਆਂ ਦੀ ਘਰ ਘਰ ਸਪਲਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਸ੍ਰੀ ਫੂਲਕਾ ਨੇ ਆਖਿਆ ਕਿ ਸਾਰੇ ਵਾਰਡਾਂ ਵਿੱਚ ਪੜਾਅਵਾਰ ਸਬਜ਼ੀਆਂ ਵਾਲੀਆਂ ਰੇਹੜੀਆਂ ਪਹੁੰਚ ਰਹੀਆਂ ਹਨ। ਸਬਜ਼ੀ ਦੀ ਸਪਲਾਈ ਦੀ ਕੋਈ ਤੋਟ ਨਹੀਂ ਹੈ। ਬਰਨਾਲਾ ਸ਼ਹਿਰ ਵਿੱੱਚ 100 ਤੋਂ ਵੱਧ ਰੇਹੜੀਆਂ ਦੇ ਇੰਤਜ਼ਾਮ ਕੀਤੇ ਗਏ ਹਨ। ਉਨਾਂ ਦੱਸਿਆ ਕਿ ਅੱਜ ਵਾਰਡ ਨੰਬਰ 1 ਤੋਂ 5, ਵਾਰਡ ਨੰਬਰ 15 ਤੋਂ 22 ਤੇ ਵਾਰਡ ਨੰਬਰ 26-29 ਵਿੱੱਚ ਸਬਜ਼ੀ ਵਾਲੀਆਂ ਰੇਹੜੀਆਂ ਭੇਜੀਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀ ਮੰਗ ਅਨੁਸਾਰ ਰੇਹੜੀਆਂ ਭੇਜੀਆਂ ਗਈਆਂ ਹਨ ਤੇ ਕੋਈ ਵਾਰਡ ਬਾਕੀ ਨਹੀਂ ਛੱਡਿਆ ਜਾਵੇਗਾ। ਇਸ ਦੇ ਨਾਲ ਹੀ ਉਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਸਬਜ਼ੀਆਂ ਘਰ ਘਰ ਪਹੁੰਚਾਈਆਂ ਜਾ ਰਹੀਆਂ ਹਨ, ਇਸ ਲਈ ਇਹ ਸੇਵਾਵਾਂ ਉਹ ਘਰਾਂ ਤੋਂ ਹੀ ਲੈਣ।

ਉਨਾਂ ਕਿਹਾ ਕਿ ਦੁੱਧ, ਐਲਪੀਜੀ, ਕਰਿਆਣਾ ਰਾਸ਼ਨ ਤੇ ਹੋਰ ਲੋੜੀਂਦੇ ਸਾਮਾਨ ਦੀ ਘਰੋ ਘਰ ਸਪਲਾਈ ਜਾਰੀ ਹੈ। ਉਨਾਂ ਕਿਹਾ ਕਿ ਕਰਫਿੳੂ ਦੇ ਮੱੱਦੇਨਜ਼ਰ ਕਿਤੇ ਵੀ ਲੋਕਾਂ ਦਾ ਇਕੱਠ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਘਰ ਦੇ ਗੇਟ ਤੋਂ ਵੀ ਜ਼ਰੂਰੀ ਵਸਤਾਂ ਲੈਣ ਲਈ ਘਰ ਦਾ ਇਕ ਮੈਂਬਰ ਹੀ ਬਾਹਰ ਆਵੇ। ਉਨਾਂ ਕਿਹਾ ਕਿ ਇਹ ਅਜਿਹਾ ਨਾਜ਼ੁਕ ਸਮਾਂ ਹੈ, ਜਿਸ ਦੌਰਾਨ ਪੂਰੇ ਇਹਤਿਆਤ ਵਰਤਣ ਦੀ ਲੋੜ ਹੈ ਤੇ ਲੋਕਾਂ ਦਾ ਇਕੱਠ ਨਾ ਹੋਣ ਦਾ ਮਕਸਦ ਵੀ ਉਨਾਂ ਦਾ ਕਰੋਨਾ ਵਾਇਰਸ ਤੋਂ ਬਚਾਅ ਕਰਨਾ ਹੈ, ਇਸ ਲਈ ਸਾਰੇ ਜ਼ਿਲਾ ਵਾਸੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣ। ਪ੍ਰਸ਼ਾਸਨ ਵੱਲੋਂ ਲੋਕਾਂ ਦੀ ਹਰ ਜ਼ਰੂਰੀ ਸਹੂਲਤ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ।

Share this Article
Leave a comment