ਟੋਕੀਓ ਮੈਦਾਨ ਤੋਂ ਵਤਨ ਪਰਤੇ ਯੋਧਿਆਂ ਲਈ ਪਲਕਾਂ ਵਿਛਾਈ ਬੈਠਾ ਹੈ ਦੇਸ਼ !

TeamGlobalPunjab
7 Min Read

-ਸੁਬੇਗ ਸਿੰਘ;

ਟੋਕੀਓ ਓਲੰਪਿਕ ਖੇਡਾਂ ਸਮਾਪਤ ਹੋ ਚੁਕੀਆਂ ਹਨ। ਦੇਸ਼ ਦੇ ਖਿਡਾਰੀ ਵਤਨ ਪਰਤ ਆਏ ਹਨ। ਖੇਡ ਦਾ ਮੈਦਾਨ ਯੁੱਧ ਦੇ ਮੈਦਾਨ ਬਰਾਬਰ ਹੁੰਦਾ ਹੈ। ਦੇਸ਼ ਦੇ ਕੇਂਦਰੀ ਖੇਡ ਤੇ ਹੋਰ ਮੰਤਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਦੇਸ਼ ਦਾ ਮਾਣ ਵਧਾਉਣ ਲਈ ਉਨ੍ਹਾਂ ਦਾ ਵੱਡੇ ਵੱਡੇ ਸਨਮਾਨਾਂ ਨਾਲ ਅਜੇ ਸਨਮਾਨ ਹੋਣਾ ਹੈ। ਸਿਆਣੇ ਕਹਿੰਦੇ ਹਨ ਕਿ ਉੱਗਣ ਵਾਲੇ ਤਾਂ ਪੱਥਰ ਦਾ ਸੀਨਾ ਪਾੜ ਕੇ ਵੀ ਉੱਗ ਪੈਂਦੇ ਹਨ। ਪਰ ਜਿਹੜੇ ਬੀਜ ਨੇ ਉੱਗਣਾ ਹੀ ਨਹੀਂ ਹੁੰਦਾ, ਉਹ ਤਾਂ ਚੰਗੀ ਭਲੀ ਉਪਜਾਊ ਜਮੀਨ ‘ਚ ਵੀ ਨਹੀਂ ਉੱਗਦਾ ਕਿਉਂਕਿ ਬੀਜ ਤੋਂ ਬੂਟਾ ਬਣਨ ਦੇ ਲਈ ਧਰਤੀ ਦਾ ਸੀਨਾ ਪਾੜਨਾ ਪੈਂਦਾ ਹੈ ਅਤੇ ਉਹਦੇ ਨਾਲ 2 ਆਪਣੇ ਆਪ ਨੂੰ ਵੀ ਮਿਟਾਉਣਾ ਪੈਂਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਬੀਜ ਨੂੰ ਬੂਟਾ ਬਣਨ ਲਈ ਆਪਣੀ ਹੋਂਦ ਨੂੰ ਵੀ ਖਤਮ ਕਰਨਾ ਪੈਂਦਾ ਹੈ, ਤਾਂ ਕਿਤੇ ਜਾ ਕੇ ਕੋਈ ਬੀਜ ਬੂਟਾ ਜਾਂ ਦਰੱਖਤ ਬਣਦਾ ਹੈ ਅਤੇ ਦੂਸਰਿਆਂ ਨੂੰ ਛਾਂ ਤੇ ਫਲ ਅਤੇ ਲੱਕੜ ਦਿੰਦਾ ਹੈ। ਇਸੇ ਲਈ ਤਾਂ ਲੋਕ ਬੀਜ ਦੀ ਥਾਂ ਦਰੱਖਤ ਨੂੰ ਪੂਜਦੇ ਹਨ। ਇਹਦੇ ਪਿੱਛੇ,ਉਸਨੇ ਬੜੀ ਘਾਲਣਾ ਘਾਲੀ ਹੁੰਦੀ ਹੈ।

ਇੱਕ ਬੀਜ ਦੀ ਤਰ੍ਹਾਂ ਹੀ, ਕਿਸੇ ਮਨੁੱਖ ਨੂੰ ਵੀ ਆਪਣਾ, ਆਪਣੇ ਮਾਪਿਆਂ, ਆਪਣੇ ਸੂਬੇ ਤੇ ਆਪਣੇ ਦੇਸ਼ ਦਾ ਨਾਂ ਚਮਕਾਉਣ ਲਈ ਬੜੀ ਘਾਲਣਾ ਘਾਲਣੀ ਪੈਂਦੀ ਹੈ। ਐਵੇਂ ਸਾਰਾ ਦਿਨ,ਹੱਥ ‘ਤੇ ਹੱਥ ਧਰ ਕੇ ਅਤੇ ਘਰ ਵਿਹਲੇ ਬੈਠ ਕੇ ਇਤਿਹਾਸ ਨਹੀਂ ਸਿਰਜੇ ਜਾਂਦੇ। ਇਤਿਹਾਸ ਸਿਰਜਣ ਲਈ ਤਾਂ ਦਿਨ ਰਾਤ ਇੱਕ ਕਰਨਾ ਪੈਂਦਾ ਹੈ ਅਤੇ ਖੂਨ ਪਸੀਨਾ ਇੱਕ ਕਰਨਾ ਪੈਂਦਾ ਹੈ। ਲੋਕਾਂ ਦੇ ਤਾਅਨੇ ਮਿਹਣੇ ਸੁਣਨੇ ਪੈਂਦੇ ਹਨ ਅਤੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਤੇ ਦੁਸ਼ਵਾਰੀਆਂ ਨੂੰ ਖਿੜੇ ਮੱਥੇ ਸਹਿਣਾ ਪੈਂਦਾ ਹੈ, ਤਾਂ ਕਿਤੇ ਜਾ ਕੇ ਕੋਈ ਮਨੁੱਖ, ਕਿਸੇ ਖੇਤਰ ਵਿੱਚ ਕਾਮਯਾਬੀ ਦੀਆਂ ਮੰਜਲਾਂ ਨੂੰ ਛੂੰਹਦਾ ਹੈ। ਐਵੇਂ ਗੱਲਾਂ ਬਾਤਾਂ ਨਾਲ, ਔਖੀਆਂ ਘਾਟੀਆਂ ਪਾਰ ਨਹੀਂ ਹੁੰਦੀਆਂ ਅਤੇ ਨਾ ਹੀ ਮੰਜਲਾਂ ਨੂੰ ਸਰ ਕੀਤਾ ਜਾ ਸਕਦਾ ਹੈ। ਮੰਜਲਾਂ ਸਰ ਕਰਨ ਲਈ ਤਾਂ ਪਹਾੜ ਜਿੱਡਾ ਜੇਰਾ ਅਤੇ ਹੌਂਸਲੇ ਦੀ ਜਰੂਰਤ ਹੁੰਦੀ ਹੈ ਅਤੇ ਚਟਾਨਾਂ ਨਾਲ ਮੱਥਾ ਲਾਉਣਾ ਪੈਂਦਾ ਹੈ।

- Advertisement -

ਇਸੇ ਕਿਸਮ ਦੀਆਂ ਮੰਜਲਾਂ ਨੂੰ ਹੀ ਸਾਡੇ ਦੇਸ਼ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਅਤੇ ਕਰੜੀ ਤਪੱਸਿਆ ਦੇ ਨਾਲ ਸਰ ਕੀਤਾ ਹੈ। ਜਪਾਨ ਦੀ ਰਾਜਧਾਨੀ ਟੋਕੀਓ ‘ਚ ਹੁਣੇ 2 ਹੋਈਆਂ ਉਲੰਪਿਕ ਖੇਡਾਂ ਵਿੱਚ ਦੇਸ਼ ਦੇ ਬਹੁਤ ਸਾਰੇ ਮਹਾਨ ਖਿਡਾਰੀਆਂ ਨੇ ਹਿੱਸਾ ਲਿਆ ਹੈ। ਜਿਹੜੇ ਕਿ ਦੇਸ਼ ਦੀ 135 ਕਰੋੜ ਦੀ ਆਬਾਦੀ ‘ਚੋਂ ਆਪਣੀ ਸਖਤ ਮਿਹਨਤ ਅਤੇ ਆਪਣੀ ਪ੍ਰਤਿਭਾ ਦੇ ਬਲਬੂਤੇ ਚੁਣ ਕੇ ਇੰਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਗਏ ਹਨ। ਸਭ ਤੋਂ ਪਹਿਲਾਂ ਤਾਂ ਇਨ੍ਹਾਂ ਉਲੰਪਿਕ ਖੇਡਾਂ ਲਈ ਕਿਸੇ ਖਿਡਾਰੀ ਦਾ ਚੁਣੇ ਜਾਣਾ ਹੀ ਉਹਦੇ ਲਈ ਬੜੀ ਵੱਡੀ ਪ੍ਰਾਪਤੀ ਹੈ। 135 ਕਰੋੜ ਦੀ ਜਨ ਸੰਖਿਆ ‘ਚੋਂ ਉਲੰਪਿਕ ਲਈ ਚੁਣੇ ਜਾਣਾ ਕੋਈ ਛੋਟੀ ਮੋਟੀ ਪ੍ਰਾਪਤੀ ਨਹੀਂ ਹੁੰਦੀ। ਇਸ ਤੋਂ ਬਾਅਦ ਇਨ੍ਹਾਂ ਖੇਡਾਂ ‘ਚੋਂ ਕੋਈ ਮੈਡਲ ਲੈਣਾ ਹੋਰ ਵੀ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਪਰ ਅਗਰ ਕਿਸੇ ਕਾਰਨ ,ਕੋਈ ਟੀਮ ਜਾਂ ਕੋਈ ਖਿਡਾਰੀ ਕੋਈ ਤਗਮਾ ਜਿੱਤਣ ਤੋਂ ਖੁੰਝ ਜਾਵੇ ਅਤੇ ਉਹ ਜਾਂ ਪੂਰੀ ਟੀਮ ਹੀ ਚੌਥੇ ਜਾਂ ਪੰਜਵੇਂ ਸਥਾਨ ‘ਤੇ ਰਹਿ ਜਾਵੇ, ਤਾਂ ਇਹ ਵੀ ਕੋਈ ਛੋਟੀ ਮੋਟੀ ਪ੍ਰਾਪਤੀ ਨਹੀਂ ਹੁੰਦੀ। ਇਹ ਖੇਡਾਂ ਸੰਸਾਰ ਭਰ ਦੇ ਉੱਚਕੋਟੀ ਦੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਦਰਸਾਉਂਦੀਆਂ ਹਨ।

ਭਾਵੇਂ ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਮੈਡਲ ਜਿੱਤਣ ਅਤੇ ਨਵੇਂ ਰਿਕਾਰਡ ਕਾਇਮ ਕਰਨ ਦੀ ਹਰ ਖਿਡਾਰੀ ਤੇ ਹਰ ਟੀਮ ਦੇ ਨਾਲ 2 ਹਰ ਦੇਸ਼ ਦੀ ਵੀ ਤਮੰਨਾ ਹੁੰਦੀ ਹੈ ਅਤੇ ਹਰ ਖਿਡਾਰੀ ਇਹਦੇ ਲਈ ਆਪਣੀ ਜੀਅ ਜਾਨ ਵੀ ਲਗਾ ਦਿੰਦਾ ਹੈ।ਪਰ ਫੇਰ ਵੀ ਜਿੱਤਦਾ ਤਾਂ ਉਹੀ ਹੈ,ਜਿਸਨੇ ਆਪਣਾ ਖੂਨ ਪਸ਼ੀਨਾ ਵਹਾਇਆ ਹੁੰਦਾ ਹੈ। ਨਿੱਜੀ ਅਤੇ ਪੂਰੀ ਟੀਮ ਦੇ ਤੌਰ ‘ਤੇ ਹਰ ਕੋਈ ਆਪਣੀ ਪੂਰੀ ਵਾਹ ਲਾਉਂਦਾ ਹੈ। ਪਰ ਜਿੱਤਣਾ ਤਾਂ ਆਖਰ ਨੂੰ, ਸਿਰਫ ਤਿੰਨ ਖਿਡਾਰੀਆਂ ਜਾਂ ਫਿਰ ਤਿੰਨ ਟੀਮਾਂ ਨੇ ਹੀ ਹੁੰਦਾ ਹੈ। ਜਿਹੜੀਆਂ ਕਿ ਕਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਆਉਂਦੇ ਹਨ।

ਪਰ ਇਹਦੇ ਨਾਲ ਹੀ ਇੱਕ ਗੱਲ ਬੜੀ ਸੋਚ ਵਿਚਾਰ ਅਤੇ ਡੂੰਘੀ ਘੋਖ ਕਰਨ ਵਾਲੀ ਇਹ ਹੈ ਕਿ ਭਾਰਤ ਜਿਹੇ ਦੇਸ਼ ਦੇ ਖਿਡਾਰੀਆਂ ਲਈ ਕੋਈ ਤਗਮਾ ਜਿੱਤਣਾ ਹੋਰ ਵੀ ਔਖਾ ਕੰਮ ਹੁੰਦਾ ਹੈ। ਭਾਰਤ ਦੇ ਖਿਡਾਰੀਆਂ ਨੂੰ ਦੂਸਰੇ ਦੇਸ਼ਾਂ ਦੇ ਖਿਡਾਰੀਆਂ ਦੇ ਮੁਕਾਬਲੇ ਬਹੁਤ ਹੀ ਨਿਗੂਣੀਆਂ ਜਿਹੀਆਂ ਸਹੂਲਤਾਂ ਮਿਲਦੀਆਂ ਹਨ। ਪਰ ਫੇਰ ਵੀ ਸਦਕੇ ਜਾਈਏ, ਭਾਰਤ ਦੇ ਇਨ੍ਹਾਂ ਮਹਾਨ ਖਿਡਾਰੀਆਂ ਦੇ, ਜਿਹੜੇ ਆਪਣੀ ਸਖਤ ਮਿਹਨਤ ਦੇ ਬਲਬੂਤੇ ਅਤੇ ਦ੍ਰਿੜ ਇਰਾਦੇ ਦੇ ਨਾਲ ਆਪਣੇ ਦੇਸ਼ ਦੀ ਝੋਲੀ ਚ ਕੋਈ ਨਾ ਕੋਈ ਤਗਮਾ ਪਾਉਂਦੇ ਹਨ ਜਾਂ ਫਿਰ ਆਪਣੀ ਖੇਡ ਅਤੇ ਜਜਬੇ ਦੇ ਨਾਲ ਆਪਣੇ ਦੇਸ਼ ਦੇ ਲੋਕਾਂ ਦਾ ਹੀ ਨਹੀਂ, ਸਗੋਂ ਸੰਸਾਰ ਦੇ ਲੋਕਾਂ ਦਾ ਵੀ ਮਨ ਮੋਹ ਲੈਂਦੇ ਹਨ। ਸਾਨੂੰ ਸਭ ਨੂੰ,ਅਜਿਹੇ ਖਿਡਾਰੀਆਂ ਦੇ ਜਜਬੇ ਨੂੰ ਸਲਾਮ ਕਰਨੀ ਚਾਹੀਦੀ ਹੈ।

ਇਨ੍ਹਾਂ ਉਲੰਪਿਕ ਖੇਡਾਂ ਦੇ ਦੌਰਾਨ, ਉਹ ਖਿਡਾਰੀ ਤਾਂ ਵਧਾਈ ਦੇ ਪਾਤਰ ਹਨ ਹੀ, ਜਿਹੜੇ ਕੋਈ ਨਾ ਕੋਈ ਤਗਮਾ ਜਿੱਤ ਕੇ ਲਿਆਏ ਹਨ। ਉਹਦੇ ਨਾਲ ਹੀ, ਉਹ ਖਿਡਾਰੀ ਵੀ ਸੱਚਮੁੱਚ ਹੀ ਵਧਾਈ ਦੇ ਪਾਤਰ ਹਨ, ਜਿਹੜੇ ਭਾਵੇਂ ਕੋਈ ਤਗਮਾ ਜਿੱਤਣ ਤੋਂ ਤਾਂ ਕਿਸੇ ਨਾ ਕਿਸੇ ਕਾਰਨ ਖੁੰਝ ਗਏ ਹੋਣ,ਪਰ ਉਨ੍ਹਾਂ ਨੇ ਲੋਕਾਂ ਦੇ ਦਿਲ ਜਰੂਰ ਜਿੱਤ ਲਏ ਹਨ। ਇਹਦੇ ਨਾਲ ਹੀ, ਖਿਡਾਰੀਆਂ ਦੇ ਨਾਲ ਗਿਆ ਸਾਰਾ ਪ੍ਰਬੰਧਕੀ ਅਮਲਾ, ਖਿਡਾਰੀਆਂ ਦੇ ਕੋਚ ਸਾਹਿਬਾਨ, ਉਹ ਲੋਕ ਜਿਨ੍ਹਾਂ ਨੇ ਖਿਡਾਰੀਆਂ ਨੂੰ ਆਰਥਿਕ ਮੱਦਦ ਦਿੱਤੀ, ਇਹ ਸਾਰੇ ਲੋਕ ਹੀ ਵਧਾਈ ਦੇ ਪਾਤਰ ਹਨ। ਇਸ ਤੋਂ ਇਲਾਵਾ, ਉੜੀਸਾ ਦੀ ਸਰਕਾਰ ਵੀ ਵਧਾਈ ਦੀ ਪੂਰੀ ਤਰ੍ਹਾਂ ਹੱਕਦਾਰ ਹੈ, ਜਿਸਨੇ ਹਾਕੀ ਦੀਆਂ ਦੋਵੇਂ ਟੀਮਾਂ ਨੂੰ ਸਪੌਂਸਰ ਕੀਤਾ ਹੈ। ਇਹਦੇ ਨਾਲ ਉਹ ਲੋਕ ਵੀ ਵਧਾਈ ਦੇ ਪੱਖੋਂ, ਕਿਸੇ ਗੱਲੋਂ ਵੀ ਘੱਟ ਨਹੀਂ, ਜਿਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਦੀ ਪੂਰੀ ਤਰ੍ਹਾਂ ਹੌਸਲਾ ਅਫਜਾਈ ਕੀਤੀ ਹੈ। ਕਿਸੇ ਵੀ ਖਿਡਾਰੀ ਦੀ ਕੀਤੀ ਗਈ ਹੌਸਲਾ ਅਫਜਾਈ ਉਸਦੀ ਖੇਡ ਨੂੰ ਚਾਰ ਚੰਨ ਲਾਉਂਦੀ ਹੈ।

ਅਜਿਹੇ ਮੌਕੇ ‘ਤੇ ਉਲੰਪਿਕ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ, ਵਧੀਆ ਕਾਰਗੁਜਾਰੀ ਕਰਨ ਵਾਲੇ ਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਹਰ ਖਿਡਾਰੀ ਦੀ ਹੌਸਲਾ ਅਫਜਾਈ ਅਤੇ ਅੱਗੋਂ ਲਈ ਹੋਰ ਵਧੀਆ ਤਰੀਕੇ ਨਾਲ ਖੇਡਣ ਲਈ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਨੂੰ ਇਨ੍ਹਾਂ ਖਿਡਾਰੀਆਂ ਦੀ ਹਰ ਪੱਖੋਂ ਦਿਲ ਖੋਲ ਕੇ ਮੱਦਦ ਕਰਨੀ ਚਾਹੀਦੀ ਹੈ। ਇਹਦੇ ਨਾਲ ਹੀ ਸਮਾਜਿਕ ਸੰਸਥਾਵਾਂ, ਫਿਲਮ ਜਗਤ ਨਾਲ ਜੁੜੇ ਲੋਕਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਵੀ ਇਨ੍ਹਾਂ ਖਿਡਾਰੀਆਂ ਦੀ ਹਰ ਪੱਖੋਂ ਮੱਦਦ ਕਰਨੀ ਚਾਹੀਦੀ ਹੈ, ਤਾਂ ਕਿ ਇਹ ਹੋਣਹਾਰ ਖਿਡਾਰੀ ਆਉਣ ਵਾਲੇ ਸਮੇਂ ਚ ਹੋਰ ਵਧੀਆ ਤਰੀਕੇ ਨਾਲ ਖੇਡ ਕੇ ਆਪਣੀ ਖੇਡ ਨੂੰ ਹੋਰ ਨਿਖਾਰ ਸਕਣ ਅਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਦੁਨੀਆਂ ਭਰ ਚ ਰੌਸ਼ਨ ਕਰ ਸਕਣ।

- Advertisement -

ਸੰਪਰਕ: 93169 10402

Share this Article
Leave a comment