ਜੇਕਰ ਤੁਸੀਂ ਵੀ ਹੋ ਸ਼ਾਕਾਹਾਰੀ ਤਾਂ ਸਾਵਧਾਨ, ਇਸ ਵਿਟਾਮਿਨ ਦੀ ਹੋ ਸਕਦੀ ਹੈ ਘਾਟ!

TeamGlobalPunjab
4 Min Read

ਨਿਊਜ਼ ਡੈਸਕ : ਵਿਟਾਮਿਨ-ਸੀ ਦੀ ਤਰ੍ਹਾਂ ਵਿਟਾਮਿਨ ਬੀ-12 ਵੀ ਸਰੀਰ ਲਈ ਬਹੁਤ ਲਾਭਦਾਇਕ ਹੈ। ਵਿਟਾਮਿਨ-ਬੀ 12 ਸਾਡੇ ਸਰੀਰ ਨੂੰ ਅੰਦਰ ਤੋਂ ਬਹੁਤ ਮਜ਼ਬੂਤ ਬਣਾਉਂਦਾ ਹੈ। ਵਿਟਾਮਿਨ ਬੀ-12 ਦੀ ਕਮੀ ਨਾਲ ਸਰੀਰ ਅੰਦਰ ਤੋਂ ਕਮਜ਼ੋਰ ਹੋ ਜਾਂਦਾ ਹੈ। ਇਸ ਦੀ ਘਾਟ ਨਾਲ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।

ਇੰਡੀਅਨ ਜਰਨਲ ਆਫ਼ ਐਂਡੋਕਰੀਨੋਲੋਜੀ ਐਂਡ ਮੈਟਾਬੋਲਿਜ਼ਮ ਵਿੱਚ ਪ੍ਰਕਾਸ਼ਤ ਇਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉੱਤਰੀ ਭਾਰਤ ਦੇ 74% ਲੋਕਾਂ ‘ਚ ਵਿਟਾਮਿਨ ਬੀ -12 ਦੀ ਘਾਟ ਪਾਈ ਜਾਂਦੀ ਹੈ। ਇਨ੍ਹਾਂ ਰਾਜਾਂ ‘ਚ ਸਿਰਫ 26% ਆਬਾਦੀ ਅਜਿਹੀ ਹੈ ਜਿਨ੍ਹਾਂ ਦੇ ਸਰੀਰ ਵਿੱਚ ਵਿਟਾਮਿਨ ਬੀ -12 ਪੂਰੀ ਮਾਤਰਾ ‘ਚ ਪਾਇਆ ਜਾਂਦਾ ਹੈ। ਵਿਟਾਮਿਨ ਬੀ-12 ਸਰੀਰ ‘ਚ ਰੈੱਡ ਸੈੱਲ ਬਣਾਉਣ ‘ਚ ਮਦਦ ਕਰਦਾ ਹੈ ਜੋ ਸਰੀਰ ‘ਚ ਆਕਸੀਜਨ ਪਹੁੰਚਾਉਣ ਦਾ ਕੰਮ ਕਰਦੇ ਹਨ।

ਜੇਕਰ ਕਿਸੇ ਵਿਅਕਤੀ ‘ਚ ਵਿਟਾਮਿਨ ਬੀ-12 ਦੀ ਮਾਤਰਾ 200-300 ਪਿਕੋਗ੍ਰਾਮ ਪ੍ਰਤੀ ਮਿਲੀਲੀਟਰ ਪਾਈ ਜਾਂਦੀ ਹੈ ਤਾਂ ਇਸ ਨੂੰ ਬਾਰਡਰ ਲਾਈਨ ਮੰਨਿਆ ਜਾਂਦਾ ਹੈ। ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਉੱਤਰੀ ਭਾਰਤ ਦੇ 47 ਪ੍ਰਤੀਸ਼ਤ ਲੋਕਾਂ ‘ਚ ਵਿਟਾਮਿਨ ਬੀ-12 ਦੀ ਮਾਤਰਾ 200-300 ਪਿਕੋਗ੍ਰਾਮ ਪ੍ਰਤੀ ਮਿਲੀਲੀਟਰ ਤੋਂ ਵੀ ਘੱਟ ਪਾਈ ਜਾਂਦੀ ਹੈ। ਉਥੇ ਹੀ 27 ਪ੍ਰਤੀਸ਼ਤ ਅਬਾਦੀ ‘ਚ ਵਿਟਾਮਿਨ ਬੀ-12 200-300 ਪਿਕੋਗ੍ਰਾਮ ਪ੍ਰਤੀ ਮਿਲੀਲੀਟਰ ਪਾਇਆ ਜਾਂਦਾ ਹੈ।

ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸ਼ੂਗਰ ਵਾਲੇ ਲੋਕਾਂ ‘ਚ ਵਿਟਾਮਿਨ ਬੀ -12 ਦੀ ਮਾਤਰਾ ਤੰਦਰੁਸਤ ਲੋਕਾਂ ਦੇ ਮੁਕਾਬਲੇ ਜ਼ਿਆਦਾ ਪਾਈ ਜਾਂਦੀ ਹੈ। ਇਸ ਦਾ ਕਾਰਨ ਸ਼ੂਗਰ ਵਾਲੇ ਲੋਕਾਂ ਦਾ ਨਿਯਮਿਤ ਇਲਾਜ ਤੇ ਦਵਾਈਆਂ ਦੀ ਵਰਤੋਂ ਕਰਨਾ ਹੈ। ਦਵਾਈਆਂ ਦੀ ਵਰਤੋਂ ਨਾਲ ਸਰੀਰ ਅੰਦਰ ਵਿਟਾਮਿਨ ਬੀ-12 ਦੀ ਪੂਰਤੀ ਹੋ ਜਾਂਦੀ ਹੈ।

- Advertisement -

ਵਿਟਾਮਿਨ ਬੀ -12 ਦੇ ਸਾਡੇ ਸਰੀਰ ਨੂੰ ਕਈ ਫਾਇਦੇ ਹਨ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਵਿਟਾਮਿਨ ਬੀ-12 ਸਾਡੇ ਸਰੀਰ ਦੇ ਸੈੱਲਾਂ ਨੂੰ ਕੰਮ ਕਰਨ ਵਿੱਚ ਮਦਦ ਕਰਦਾ ਹੈ। ਜਿਸ ਵਿਅਕਤੀ ਦੇ ਸਰੀਰ ‘ਚ ਵਿਟਾਮਿਨ ਬੀ-12 ਦੀ ਘਾਟ ਪਾਈ ਜਾਂਦੀ ਹੈ ਉਸ ਦੇ ਸਰੀਰ ਦੇ ਸੈੱਲ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰਦੇ। ਜਿਸ ਨਾਲ ਪੀੜਤ ਵਿਅਕਤੀ ਦੇ ਸਰੀਰ ਦਾ ਵਿਕਾਸ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਬੀ-12 ਸਾਡੀ ਦਿਮਾਗੀ ਪ੍ਰਣਾਲੀ ਦੇ ਕੰਮਕਾਜ ਨੂੰ ਵੀ ਕਾਇਮ ਰੱਖਦਾ ਹੈ।

ਸਰੀਰ ਨੂੰ ਥਕਾਵਟ ਮਹਿਸੂਸ ਹੋਣਾ, ਵਾਲਾਂ ਦਾ ਡਿੱਗਣਾ, ਯਾਦਦਾਸ਼ਤ ਦਾ ਕਮਜ਼ੋਰ ਹੋ ਜਾਣਾ ਆਦਿ ਵਿਟਾਮਿਨ ਬੀ-12 ਦੀ ਘਾਟ ਦੇ ਮੁੱਖ ਲੱਛਣ ਹਨ। ਵਿਟਾਮਿਨ ਬੀ-12 ਦੀ ਘਾਟ ਕਾਰਨ ਔਰਤਾਂ ਦੇ ਸੁਭਾਅ ‘ਤੇ ਵੀ ਕਾਫੀ ਪ੍ਰਭਾਵ ਪੈਂਦਾ ਹੈ। ਜਿਨ੍ਹਾਂ ਔਰਤਾਂ ‘ਚ ਇਸ ਦੀ ਘਾਟ ਪਾਈ ਜਾਂਦੀ ਹੈ ਉਹ ਸੁਭਾਅ ਪੱਖੋਂ ਉਦਾਸ ਹੁੰਦੀਆਂ ਹਨ। ਇਸ ਤੋਂ ਇਲਾਵਾ ਵਿਟਾਮਿਨ ਬੀ-12 ਦੀ ਵਧੇਰੇ ਘਾਟ ਕਾਰਨ ਅੱਡੀਆਂ ਤੇ ਹੱਥਾਂ ‘ਚ ਜਲਣ ਹੋਣ ਲੱਗਦੀ ਹੈ।

ਜੇਕਰ ਸਰੀਰ ‘ਚ ਉਪਰੋਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਵਿਟਾਮਿਨ ਬੀ -12 ਦੀ ਘਾਟ ਹੋ ਸਕਦੀ ਹੈ। ਇਸ ਲਈ ਕਿਸੇ ਵੀ ਆਮ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਖੂਨ ਦੀ ਜਾਂਚ ਨਾਲ ਇਸ ਦੀ ਪੁਸ਼ਟੀ ਹੋ ਸਕਦੀ ਹੈ। ਡਾਕਟਰ ਆਮ ਤੌਰ ‘ਤੇ ਇਸ ਦੀ ਘਾਟ ਨੂੰ ਪੂਰਾ ਕਰਨ ਲਈ ਵਿਟਾਮਿਨ ਬੀ -12 ਕੈਪਸੂਲ ਦਿੰਦੇ ਹਨ। ਜਿਸ ਨਾਲ ਇਸ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਮੀਟ, ਅੰਡੇ , ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ‘ਚ ਵਿਟਾਮਿਨ ਬੀ -12 ਦੀ ਵਧੇਰੇ ਮਾਤਰਾ ‘ਚ ਪਾਇਆ ਜਾਂਦਾ ਹੈ। ਉੱਤਰੀ ਭਾਰਤ ‘ਚ ਜ਼ਿਆਦਾਤਰ ਲੋਕਾਂ ‘ਚ ਵਿਟਾਮਿਨ ਬੀ-12 ਦੀ ਘਾਟ ਦਾ ਇੱਕ ਮੁੱਖ ਕਾਰਨ ਇਸ ਇਲਾਕੇ ਦੇ ਲੋਕਾਂ ਦਾ ਸ਼ਾਕਾਹਾਰੀ ਹੋਣਾ ਵੀ ਹੈ। ਅਧਿਐਨ ਵਿੱਚ ਨਿਊਰੋਪੈਥਿਕ ਲੱਛਣਾਂ ਵਾਲੇ ਲੋਕਾਂ ਵਿੱਚ ਵਿਟਾਮਿਨ ਬੀ -12 ਦੀ ਜਾਂਚ ਕਰਨ ਅਤੇ ਭੋਜਨ ਵਿੱਚ ਵਿਟਾਮਿਨ ਬੀ -12 ਦੀ ਮਜ਼ਬੂਤੀ ਦੀ ਸਿਫਾਰਸ਼ ਕੀਤੀ ਜਾਂਦੀ ਹੈ।

- Advertisement -
Share this Article
Leave a comment