ਜ਼ੀਰਕਪੁਰ : ਸਾਨੂੰ ਪਤਾ ਹੈ ਕਿ ਖ਼ਬਰ ਦਾ ਸਿਰਲੇਖ ਪੜ੍ਹ ਕੇ ਤੁਹਾਡੇ ਮਨ ‘ਚ ਜਿਗਿਆਸਾ ਜਰੂਰ ਜਾਗੀ ਹੋਵੇਗੀ ਕਿ ਮੁੰਡੇ ਦੇ ਸ਼ਰੀਰ ‘ਤੇ ਅਜਿਹਾ ਕੀ ਹੋਵੇਗਾ ਜਿਸ ਨੂੰ ਵੇਖ ਕੇ ਡਾਕਟਰ ਵੀ ਦੰਗ ਰਹਿ ਗਏ? ਲਓ ਪੜ੍ਹੋ! ਇਹ ਘਟਨਾ ਹੈ ਚੰਡੀਗੜ੍ਹ-ਜ਼ੀਰਕਪੁਰ ਰੋੜ ਤੇ ਪੈਂਦੇ ਪਿੰਡ ਮੌਲੀ ਜਾਗਰਾਂ ਦੀ ਜਿੱਥੋਂ ਦੇ ਇੱਕ 22 ਸਾਲਾ ਨੌਜਵਾਨ ਨੇ ਇਕ ਮੈਰਿਜ਼ ਪੈਲਿਸ ਅੰਦਰ ਗਲ਼ ਫਾਹਾ ਲੈ ਕੇ ਆਪਣੀ ਜਾਨ ਲੈ ਲਈ। ਨੌਜਵਾਨ ਕਬੀਰ ਰਾਏ ਪੁੱਤਰ ਜੈ ਬਹਾਦਰ ਰਾਏ ਮੈਰਿਜ਼ ਪੈਲਿਸ ਅੰਦਰ ਚਪੜਾਸੀ ਦੀ ਨੌਕਰੀ ਕਰਦਾ ਸੀ। ਪੁਲਿਸ ਨੇ ਆਪਣੀ ਲਿਖਤ-ਪੜ੍ਹਤ ਕਰਨ ਤੋਂ ਬਾਅਦ ਲਾਸ਼ ਪੋਸਟ-ਮਾਰਟਮ ਕਰਵਾਉਣ ਲਈ ਭੇਜ ਦਿੱਤੀ ਤੇ ਜਦੋਂ ਪੋਸਟ-ਮਾਰਟਮ ਸ਼ੁਰੂ ਹੋਇਆ ਤਾਂ ਉਸ ਵੇਲੇ ਕਹਾਣੀ ਨੇ ਐਸਾ ਪਲਟਾ ਖਾਧਾ ਕੀ ਚੰਗੇ ਚੰਗਿਆਂ ਦੇ ਦਿਮਾਗ ਚਕਰਾ ਗਏ। ਹੋਇਆ ਇੰਝ ਕਿ ਜਿਉਂ ਹੀ ਡਾਕਟਰਾਂ ਨੇ ਮੁੰਡੇ ਦੀ ਲਾਸ਼ ਦੇ ਕੱਪੜੇ ਲਾਹ ਕੇ ਉਸ ਦਾ ਪੋਸਟ-ਮਾਰਟਮ ਸ਼ੂਰੂ ਕਰਨ ਲਈ ਆਪਣੇ ਬਲੇਡ-ਬਲੂਡ ਚੱਕੇ ਤਾਂ ਉਹ ਮੁੰਡੇ ਦਾ ਸ਼ਰੀਰ ਦੇਖ ਕੇ ਦੰਗ ਰਹਿ ਗਏ ਕਿਉਕਿ ਸ਼ਰੀਰ ਤੋਂ ਕਬੀਰ ਰਾਏ ਲੜਕਾ ਨਹੀਂ ਲੜਕੀ ਸੀ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਇਸ ਕੇਸ ਦੇ ਪੜਤਾਲੀਆ ਅਧਿਕਾਰੀ ਥਾਣੇਦਾਰ ਨਾਥੀ ਰਾਮ ਨੇ ਦੱਸਿਆ ਕਿ ਮੌਲੀ ਜਾਗਰਾਂ ਦੇ ਵਿਕਾਸ ਨਗਰ ਦਾ ਰਹਿਣ ਵਾਲਾ ਕਬੀਰ ਰਾਏ ਓਏਸਿਸ ਮੈਰਿਜ਼ ਪੈਲਿਸ ਵਿੱਚ ਪਿਛਲੇ ਦੋ ਸਾਲ ਤੋਂ ਚਪੜਾਸੀ ਵੱਜੋਂ ਤਾਇਨਾਤ ਸੀ ਜਿਸ ਨੇ ਬੀਤੀ ਰਾਤ ਪੈਲਿਸ ਅੰਦਰ ਹੀ ਬਣੇ ਸਟੋਰ ‘ਚ ਲੱਗੇ ਛੱਤ ਵਾਲੇ ਪੱਖੇ ਨਾਲ ਫਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ ਤੋਂ ਪੁਲਿਸ ਨੇ ਜੋ ਖੁਦਕੁਸ਼ੀ ਨੋਟ ਬਰਾਮਦ ਕੀਤਾ, ਉਸ ਵਿੱਚ ਕਬੀਰ ਰਾਏ ਨੇ ਲਿਖਿਆ ਸੀ ਕਿ ਦਿੱਲੀ ਵਿੱਚ ਰਹਿੰਦੀ ਉਸ ਦੀ ਇੱਕ ਮਹਿਲਾ ਦੋਸਤ ਨੇ 20 ਦਿਨ ਪਹਿਲਾਂ ਆਤਮ-ਹੱਤਿਆ ਕਰ ਲਈ ਸੀ ਜਿਸ ਦਾ ਉਸ ਨੂੰ ਬਹੁਤ ਜ਼ਿਆਦਾ ਦੁੱਖ ਸੀ ਤੇ ਇਹ ਦੁੱਖ ਨਾ-ਸਹਾਰਦਿਆਂ ਉਹ ਵੀ ਆਪਣੀ ਜਾਨ ਦੇ ਰਿਹਾ ਹੈ। ਨਾਥੀ ਰਾਮ ਅਨੁਸਾਰ ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਏ ਉਨ੍ਹਾਂ ਵਿੱਚ ਕਬੀਰ ਰਾਏ ਦੇ ਲੜਕਾ ਹੋਣ ਦੀ ਹੀ ਪੁਸ਼ਟੀ ਹੁੰਦੀ ਸੀ ਪਰ ਡਾਕਟਰਾਂ ਨੇ ਪੋਸਟ-ਮਾਰਟਮ ਸਮੇਂ ਉਸ ਦਾ ਸ਼ਰੀਰ ਦੇਖ ਕੇ ਦੱਸਿਆ ਹੈ ਕਿ ਉਹ ਲੜਕਾ ਨਹੀਂ ਲੜਕੀ ਹੈ।
ਦੂਜੇ ਪਾਸੇ ਮ੍ਰਿਤਕ ਦੀ ਭੈਣ ਨਿਰਮਲਾ ਰਾਏ ਨੇ ਵੀ ਜਿਹੜੇ ਬਿਆਨ ਪੁਰਸ਼ ਨੂੰ ਦਿੱਤੇ ਸਨ ਉਸ ਵਿੱਚ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਕਬੀਰ ਰਾਏ ਲੜਕਾ ਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ ਮ੍ਰਿਤਕ ਦੇ ਜੋ ਸ਼ਨਾਖ਼ਤੀ ਕਾਰਡ ਬਰਾਮਦ ਕੀਤੇ ਸਨ ਉਸ ਵਿੱਚ ਵੀ ਮਰਨ ਵਾਲੇ ਦੀ ਪੁਸ਼ਟੀ ਲੜਕੇ ਵੱਜੋਂ ਹੁੰਦੀ ਸੀ। ਪੁੱਛੇ ਜਾਣ ਤੇ ਨਿਰਮਲਾ ਰਾਏ ਨੇ ਦੱਸਿਆ ਕਿ ਸਾਰੀ ਦੁਨੀਆਂ ਨਾਲ ਕਬੀਰ ਲੜਕਿਆਂ ਵਾਂਗ ਹੀ ਮਿਲਦਾ-ਜੁਲਦਾ ਅਤੇ ਵਿਹਾਰ ਕਰਦਾ ਸੀ, ਪਰ ਪਿਛਲੇ ਲੰਮੇ ਸਮੇਂ ਤੋਂ ਉਹ ਘਰੋਂ ਬਾਹਰ ਰਿਹਾ ਹੈ, ਲਿਹਾਜ਼ਾ ਹੋ ਸਕਦਾ ਹੈ ਕਿ ਉਸ ਨੇ ਅਪ੍ਰੇਸ਼ਨ ਕਰਵਾ ਕਿ ਆਪਣਾ ਲਿੰਗ ਬਦਲਵਾ ਲਿਆ ਹੋਵੇ।
ਫਿਲਹਾਲ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟ-ਮਾਰਟਮ ਤੋਂ ਬਾਅਦ ਮ੍ਰਿਤਕ ਕਬੀਰ ਦਾ ਵਿਸਰਾ ਜਾਂਚ ਲਈ ਭੇਜ ਦਿੱਤਾ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।