ਗੁਰਦੁਆਰੇ ‘ਤੇ ਪਥਰਾਅ : ਭਾਰਤੀ ਵਿਦੇਸ਼ ਮੰਤਰਾਲੇ ਦੇ ਦਖ਼ਲ ਤੋਂ ਬਾਅਦ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਕਰਵਾਇਆ ਸਮਝੌਤਾ

TeamGlobalPunjab
3 Min Read

ਨਨਕਾਣਾ ਸਾਹਿਬ (ਪਾਕਿਸਤਾਨ) : ਬੀਤੇ ਕੱਲ੍ਹ ਕੁਝ ਕੱਟਰਪੰਥੀ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਨਨਕਾਣਾ  ਸਾਹਿਬ ਨੂੰ ਘੇਰ ਕੇ ਇਸ ‘ਤੇ ਪਥਰਾਅ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਿੱਖਾਂ ਨੂੰ ਉੱਥੋਂ ਭਜਾਉਣ ਅਤੇ ਨਨਕਾਣਾ ਸਾਹਿਬ ਦਾ ਨਾਮ ਬਦਲਣ ਦੀ ਵੀ ਧਮਕੀ ਦਿੱਤੀ ਸੀ। ਰਿਪੋਰਟਾਂ ਮੁਤਾਬਿਕ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ ‘ਚ ਦਖਲ ਦੇ ਕੇ ਪ੍ਰਦਰਸ਼ਨਕਾਰੀਆਂ ਨਾਲ ਸਮਝੌਤਾ ਕਰਵਾ ਦਿੱਤਾ। ਤਾਜ਼ਾ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਅੰਦਰੋਂ 35 ਸਿੱਖ ਸ਼ਰਧਾਲੂਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਗੁਰਦੁਆਰੇ ਅੱਗੋਂ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ।

- Advertisement -

ਕੀ ਹੈ ਪੂਰਾ ਮਾਮਲਾ
ਦਰਅਸਲ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਤੋਂ ਕੁਝ ਸਮਾਂ ਪਹਿਲਾਂ ਨਨਕਾਣਾ ਸਾਹਿਬ ਗੁਰਦੁਆਰਾ ਦੇ ਗ੍ਰੰਥੀ ਸਿੰਘ ਦੀ ਬੇਟੀ ਜਗਜੀਤ ਕੌਰ ਨੂੰ ਕੁਝ ਮੁਸਲਿਮ ਲੋਕਾਂ ਵੱਲੋਂ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਨਿਕਾਹ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਜਗਜੀਤ ਕੌਰ ਦੇ ਪਿਤਾ ਨੇ ਧਰਨਾ ਦੇਣ ਦੀ ਚੇਤਾਵਨੀ ਵੀ ਦਿੱਤੀ ਸੀ। ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ‘ਚ ਦਖਲ ਦਿੰਦਿਆਂ ਲੜਕੀ ਨੂੰ ਵਾਪਸ ਉਸ ਦੇ ਪਿਤਾ ਦੇ ਘਰ ਭੇਜ ਦਿੱਤਾ ਸੀ।

- Advertisement -

ਰਿਪੋਰਟਾਂ ਮੁਤਾਬਿਕ ਇਸ ਘਟਨਾ ਤੋਂ ਬਾਅਦ ਮੁਸਲਿਮ ਪਰਿਵਾਰ ਨੂੰ ਕੁਝ ਲੋਕਾਂ ਵੱਲੋਂ ਮੁੜ ਉਕਸਾਇਆ ਗਿਆ ਤਾਂ ਉਨ੍ਹਾਂ ਨੇ ਦੁਬਾਰਾ ਲੜਕੀ ਨੂੰ ਅਗਵਾ ਕਰ ਲਿਆ। ਇਸ ਦਾ ਸਿੱਖ ਭਾਈਚਾਰੇ ਨੇ ਵਿਰੋਧ ਕੀਤਾ ਤਾਂ ਇਸ ਨੂੰ ਮੁਸਲਮਾਨ ਭਾਈਚਾਰੇ ਨੇ ਸਮੁੱਚੇ ਭਾਈਚਾਰੇ ਦਾ ਵਿਰੋਧ ਸਮਝਿਆ। ਰਿਪੋਰਟਾਂ ਮੁਤਾਬਿਕ ਇਸੇ ਵਜ੍ਹਾ ਤੋਂ ਗੁਰਦੁਆਰਾ ਸਾਹਿਬ ‘ਤੇ ਪੱਥਰਬਾਜ਼ੀ ਕਿਤਿਉਂ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਸਿੱਖ ਭਾਈਚਾਰੇ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਲੜਕੀ ਨੂੰ ਅਗਵਾ ਕਰਨ ਵਾਲੇ ਹਸਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਬੀਤੇ ਕੱਲ੍ਹ ਪ੍ਰਦਰਸ਼ਨ ਤੋਂ ਬਾਅਦ ਉਸਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ । ਦਾਅਵਾ ਕੀਤਾ ਜਾ ਰਿਹਾ ਹੈ ਕਿ ਭੀੜ ਨੇ ਇਹ ਵੀ ਕਿਹਾ ਕਿ ਸਿੱਖ ਭਾਈਚਾਰਾ ਆਪਣੀ ਇੱਛਾ ਨਾਲ ਇਸਲਾਮ ਕਬੂਲ ਕਰਕੇ ਨਿਕਾਹ ਕਰਾਉਣ ਵਾਲੀਆਂ ਕੁੜੀਆਂ ਬਾਰੇ ਬੇਲੋੜਾ ਹੰਗਾਮਾ ਖੜ੍ਹਾ ਕਰਦਾ ਹੈ।
ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਵਾਲਿਆਂ ਨੇ ਕੀਤੀ, ਜਿਸ ‘ਤੇ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਨ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੇ ਦੋਸ਼ ਲੱਗੇ ਸਨ।

Share this Article
Leave a comment