ਖਤਰਨਾਕ ਗੈਂਗਸਟਰ ਰਵੀ ਪੁਜਾਰੀ ਨੂੰ ਅਦਾਲਤ ਨੇ 7 ਮਾਰਚ ਤੱਕ ਭੇਜਿਆ ਪੁਲਿਸ ਰਿਮਾਂਡ ‘ਤੇ!

TeamGlobalPunjab
2 Min Read

ਬੰਗਲੁਰੂ : ਖਤਰਨਾਕ ਗੈਂਗਸਟਰ ਰਵੀ ਪੁਜਾਰੀ ਨੂੰ ਸਥਾਨਕ ਅਦਾਲਤ ਨੇ 7 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਕਾਫੀ ਸਮੇਂ ਤੋਂ ਭਗੌੜਾ ਚੱਲ ਰਹੇ ਅੰਡਰ-ਵਰਲਡ ਡੌਨ ਰਵੀ ਪੁਜਾਰੀ ਨੂੰ ਦੱਖਣੀ ਅਫਰੀਕਾ ਤੇ ਭਾਰਤੀ ਜਾਂਚ ਏਜੰਸੀ ਰਾਅ (RAW) ਵੱਲੋਂ ਸਾਂਝੇ ਤੌਰ ‘ਤੇ ਮਿਸ਼ਨ ਚਲਾ ਕੇ ਬੀਤੀ ਕੱਲ੍ਹ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਭਾਰਤ ਲਿਆਂਦਾ ਗਿਆ ਸੀ। ਏਜੰਸੀਆਂ ਨੇ ਰਵੀ ਪੁਜਾਰੀ ਨੂੰ ਦੱਖਣੀ ਅਫਰੀਕਾ ਦੇ ਸੇਨੇਗਲ ਤੋਂ ਗ੍ਰਿਫਤਾਰ ਕੀਤਾ ਹੈ। ਭਾਰਤ ਸਰਕਾਰ ਨੇ ਸਾਲ 2019 ‘ਚ ਪੁਜਾਰੀ ਨੂੰ ਭਾਰਤ ਹਵਾਲੇ ਕਰਨ ਲਈ ਸੇਨੇਗਲ ਸਰਕਾਰ ਨੂੰ ਅਪੀਲ ਕੀਤੀ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਾਟਕ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਅਮਰ ਕੁਮਾਰ ਪਾਂਡੇ ਨੇ ਦੱਸਿਆ ਸੀ ਕਿ ਪੁਲਿਸ ਰਵੀ ਪੁਜਾਰੀ ਨੂੰ ਅੱਜ ਅਦਾਲਤ ‘ਚ ਪੇਸ਼ ਕਰ ਪੁੱਛਗਿੱਛ ਕਰਨ ਲਈ ਰਿਮਾਂਡ ਦੀ ਮੰਗ ਕਰੇਗੀ। ਉਨ੍ਹਾਂ ਦੱਸਿਆ ਕਿ ਰਵੀ ਪੁਜਾਰੀ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਜਾਂਚ ਪੜਤਾਲ ‘ਚ ਸਹਿਯੋਗ ਦੇ ਰਿਹਾ ਹੈ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 7 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਰਵੀ ਪੁਜਾਰੀ ‘ਤੇ ਭਾਰਤ ‘ਚ ਕਤਲ, ਨਸ਼ਾ ਤਸਕਰੀ ਤੇ ਜਬਰ ਜਨਾਹ ਦੇ ਲਗਭਗ 200 ਮਾਮਲੇ ਦਰਜ ਹਨ। ਪੁਜਾਰੀ ਪਹਿਲਾਂ ਮਾਫੀਆ ਡੌਨ ਛੋਟਾ ਰਾਜਨ ਨਾਲ ਮਿਲਕੇ ਜ਼ੁਰਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਜਿਸ ਤੋਂ ਬਾਅਦ ਸਾਲ 2000 ‘ਚ ਉਸ ਨੇ ਛੋਟਾ ਰਾਜਨ ਤੋਂ ਵੱਖ ਹੋ ਕੇ ਆਪਣਾ ਗਿਰੋਹ ਬਣਾ ਲਿਆ ਸੀ। ਪੁਜਾਰੀ ਸਭ ਤੋਂ ਪਹਿਲਾਂ 2000 ਦੇ ਸ਼ੁਰੂਆਤੀ ਦਹਾਕੇ ’ਚ ਬਾਲੀਵੁੱਡ ਦੀਆਂ ਪ੍ਰਸਿੱਧ ਹਸਤੀਆਂ ਤੇ ਬਿਲਡਰਾਂ ਤੋਂ ਵਸੂਲੀ ਵਰਗੀਆਂ ਘਟਨਾਵਾਂ ਨੂੰ ਲੈ ਕੇ ਚਰਚਾ ‘ਚ ਆਇਆ ਸੀ।

Share this Article
Leave a comment