ਦਿੱਲੀ ਚੋਣਾਂ : ਜਾਣੋ ਕਿੰਨੇ ਲੋਕ ਸੁਣਾਉਣਗੇ ਆਪਣਾ ਫੈਸਲਾ ਅਤੇ ਕਿੰਨੇ ਬੂਥਾਂ ‘ਤੇ ਵੋਟ ਹੋਵੇਗੀ ਪੋਲ

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਅੰਦਰ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁਕਿਆ ਹੈ। ਆਉਂਦੀ 8 ਫਰਵਰੀ ਨੂੰ ਦਿੱਲੀ ਵਾਸੀ ਆਪਣਾ ਫਤਵਾ ਸੁਣਾਉਣਗੇ ਅਤੇ ਉਸ ਤੋਂ  ਤਿੰਨ ਦਿਨ ਬਾਅਦ ਯਾਨੀ 11 ਫਰਵਰੀ ਨੂੰ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ। ਇਹ ਸਭ ਜਾਣਕਾਰੀ ਅੱਜ ਦਿੱਲੀ ਦੇ ਚੋਣ ਅਧਿਕਾਰੀ ਸੁਨੀਲ ਅਰੋੜਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ।

ਹੁਣ ਜੇਕਰ ਦਿੱਲੀ ਅੰਦਰ ਪੋਲਿੰਗ ਬੂਥਾਂ ਦੀ ਗੱਲ ਕਰੀਏ ਤਾਂ ਸੁਨੀਲ ਅਰੋੜਾ ਮੁਤਾਬਿਕ ਇੱਥੇ 13 ਹਜ਼ਾਰ 7 ਸੌ 50 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਬੂਥਾਂ ‘ਤੇ ਨਿਗਰਾਨੀ ਲਈ 90 ਹਜ਼ਾਰ ਕਰਮਚਾਰੀ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਆਪਣੀ ਵੋਟ ਦੇਣ ਵਿੱਚ ਅਸਮਰਥ ਹੋਵੇਗਾ ਭਾਵ ਜਿਹੜਾ ਸਰੀਰਕ ਤੌਰ ‘ਤੇ ਅਪਾਹਿਜ ਹੋਵੇਗਾ ਜਾਂ ਫਿਰ ਜਿਸ ਦੀ ਉਮਰ 80 ਸਾਲ ਤੋਂ ਵਧੇਰੇ ਹੋਵੇਗੀ ਉਨ੍ਹਾਂ ਲਈ ਪੋਸਟਲ ਬੈਲੇਟ ਰਾਹੀਂ ਵੋਟ ਦੇਣ ਦੀ ਸੁਵਿਧਾ ਦਿੱਤੀ ਜਾਵੇਗੀ। ਦਿੱਲੀ ਵਿੱਚ ਕੁੱਲ 1 ਕਰੋੜ 46 ਲੱਖ 92 ਹਜ਼ਾਰ 1 ਸੌ 36 ਵੋਟਰ ਹਨ, ਜਿਨ੍ਹਾਂ ਵਿੱਚ 80.55 ਲੱਖ ਮਰਦ ਹਨ ਅਤੇ 66.35 ਲੱਖ ਔਰਤਾਂ ਸ਼ਾਮਲ ਹਨ।

ਹੁਣ ਜੇਕਰ ਪਿਛਲੀਆਂ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਉਸ ਦੌਰਾਨ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਸੀ। ਉਸ ਸਮੇਂ ਆਪ ਨੇ 70 ਸੀਟਾਂ ਵਿੱਚੋਂ 67 ਸੀਟਾਂ ਜਿੱਤ ਕੇ ਬੜੀ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਤਿੰਨ ਸੀਟਾਂ ਤੋਂ ਭਾਜਪਾ ਨੂੰ ਜਿੱਤ ਪ੍ਰਾਪਤ ਹੋਈ ਸੀ ਜਦੋਂ ਕਿ ਕਾਂਗਰਸ ਪਾਰਟੀ ਦਾ ਖਾਤਾ ਤੱਕ ਵੀ ਨਹੀਂ ਸੀ ਖੁੱਲ੍ਹਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਸ਼ਾਨਦਾਰ ਢੰਗ ਨਾਲ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਕੀ ਇਸ ਵਾਰ ਆਪਣੀ ਕੁਰਸੀ ਬਚਾ ਸਕੇਗੀ। ਫਿਲਹਾਲ ‘ਆਪ’ ਸੁਪਰੀਮੋਂ ਅਰਵਿੰਦਰ ਕੇਜਰੀਵਾਲ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਲੋਕ ਉਨ੍ਹਾਂ ਦੇ ਕੰਮ ਦੇਖ ਕੇ ਹੀ ਵੋਟ ਕਰਨਗੇ।

Share this Article
Leave a comment