ਓਨਟਾਰੀਓ: ਕੈਨੇਡਾ ਦੇ ਹੈਮਿਲਟਨ ‘ਚ 17 ਸਾਲਾ ਲੜਕੇ ਦੀ ਇੱਕ ਕਰ ‘ਚ ਲਾਸ਼ ਮਿਲਣ ਤੋਂ ਬਾਅਦ ਤਿੰਨ ਕਿਸ਼ੋਰਾਂ ‘ਤੇ ਫਰਸਟ ਡਿਗਰੀ ਮਰਡਰ ਦੇ ਚਾਰਜ ਲਗਾਏ ਗਏ ਹਨ। ਜਿਸ ਕਾਰ ‘ਚੋਂ ਲਾਸ਼ ਬਰਾਮਦ ਹੋਈ ਉਹ ਸੜਕ ਦੀ ਥਾਂ ਜੰਗਲ ‘ਚ ਮਿਲੀ। ਹੈਮਿਲਟਨ ਪੁਲਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਨ੍ਹਾਂ ਨੂੰ ਇੱਕ ਕਾਰ ਹਾਦਸੇ ਦੀ ਜਾਣਕਾਰੀ ਦੇ ਕੇ ਜੰਗਲ ਵਾਲੇ ਇਲਾਕੇ ਵਿੱਚ ਸੱਦਿਆ ਗਿਆ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਵੇਖਿਆ ਤਾਂ ਉਨ੍ਹਾਂ ਨੂੰ 17 ਸਾਲਾ ਅਬਦਾਲਾ ਹਸਨ ਦੀ ਲਾਸ਼ ਕਾਰ ਵਿੱਚ ਪਈ ਮਿਲੀ।
ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਇਹ ਸਾਹਮਣੇ ਹੋਇਆ ਕਿ ਆਪਣੇ ਪਰਿਵਾਰ ਨਾਲ 2014 ਵਿੱਚ ਦੁਬਈ ਤੋਂ ਕੈਨੇਡਾ ਸਿ਼ਫਟ ਹੋਏ ਹਸਨ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਲੜਕੇ ਨੂੰ ਕਿੱਥੇ ਗੋਲੀ ਮਾਰੀ ਗਈ ਤੇ ਕਿੰਨੀ ਵਾਰੀ ਗੋਲੀ ਮਾਰੀ ਗਈ। ਪੁਲਿਸ ਨੇ ਦੱਸਿਆ ਕਿ 16 ਸਾਲਾਂ ਦੇ ਦੋ ਲੜਕਿਆਂ ਤੇ 15 ਸਾਲਾਂ ਦੇ ਇੱਕ ਹੋਰ ਲੜਕੇ ਨੂੰ ਮੌਕੇ ਤੋਂ ਫਰਾਰ ਹੁੰਦਾ ਵੇਖ ਕੇ ਗ੍ਰਿਫਤਾਰ ਕਰ ਲਿਆ ਗਿਆ।
ਹੈਮਿਲਟਨ ਪੁਲਿਸ ਦੀ ਹੋਮੀਸਾਈਡ ਸਕੁਐਡ ਦੇ ਸਾਰਜੈਂਟ ਸਟੀਵ ਬੇਰੇਜਿ਼ਊਕ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਾਫੀ ਪਰੇਸ਼ਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਇਹ ਜਾਨਣਾ ਚਾਹੁੰਦੇ ਹਾਂ ਕਿ ਆਖਿਰਕਾਰ ਅਜਿਹਾ ਕਿਉਂ ਵਾਪਰਿਆ। ਮੌਕੇ ਤੋਂ ਅਧਿਕਾਰੀਆਂ ਨੂੰ ਹਥਿਆਰ ਵੀ ਬਰਾਮਦ ਹੋਇਆ। ਪੁਲਿਸ ਦਾ ਮੰਨਣਾ ਹੈ ਕਿ ਇਹ ਹਥਿਆਰ ਹੀ ਇਸ ਕਤਲ ਵਿੱਚ ਵੀ ਵਰਤਿਆ ਗਿਆ।