ਕਿਉਂ ਬਈ ਚਾਚਾ … ਹਾਂ ਭਤੀਜਾ.. ਬੁਰੇ ਕਾਮ ਕਾ…..

TeamGlobalPunjab
3 Min Read

ਪੁੱਤਰ ਤੇ ਭਤੀਜੇ ਦੇ ਰਿਸ਼ਤੇ ਨੂੰ ਕਿਹਾ ਤਾਂ ਖੂਨ ਦਾ ਰਿਸ਼ਤਾ ਜਾਂਦਾ ਹੈ ਪਰ ਜਦੋਂ ਕੋਈ ਅਹਿਮ ਲਾਭ ਲੈਣ ਦੀ ਵਾਰੀ ਆਓਂਦੀ ਹੈ ਤਾਂ ਗੁਣਾ ਪੁੱਤਰ ਵੱਲ ਹੀ ਪੈਂਦਾ ਹੈ। ਪੁੱਤਰ ਮੋਹ ਕਿਸੇ ਤੋਂ ਤਿਆਗਿਆ ਨਹੀਂ ਗਿਆ।  ਜਾਇਦਾਦ ਤੋਂ ਲੈ ਸਿਆਸੀ ਅਹੁਦਿਆਂ ਦੀ ਵੰਡ ਵੇਲੇ ਵੀ ਵਧੇਰੇ ਹਿੱਸਾ ਪੁੱਤਰ ਕੋਲ ਹੀ ਜਾਂਦਾ ਹੈ। ਕਾਨੂੰਨ ਨੇ ਪਰਿਵਾਰਾਂ ਵਿੱਚ ਭਾਵੇਂ ਧੀ ਨੂੰ ਵੀ ਹੱਕ ਬਰਾਬਰ ਦਾ ਦਿੱਤਾ ਹੈ ਪਰ ਸਾਡੇ ਭਾਵੁਕ ਸਮਾਜ ਵਿੱਚ ਵੱਡਾ ਹਿੱਸਾ ਮੁੰਡੇ ਨੂੰ ਹੀ ਦਿੱਤਾ ਜਾਂਦਾ ਹੈ।
ਸਿਆਸਤ ਵਿਚ ਵੀ ਇਹੋ ਕੁਝ ਵਾਪਰ ਰਿਹਾ ਹੈ। ਚਾਚੇ ਨੇ ਭਤੀਜੇ ਨੂੰ ਭਾਵੇਂ ਉਂਗਲ ਫੜ ਕੇ ਸਿਆਸਤ ਸਿਖਾਈ ਹੋਵੇ ਅਤੇ ਦਾਅਵੇ ਵਾਅਦੇ ਵੀ ਕੀਤੇ ਹੋਣ ਕਿ ਮੇਰੀ ਵਿਰਾਸਤ ਉਸ ਕੋਲ ਜਾਵੇਗੀ ਪਰ ਸਮਾਂ ਆਉਣ ‘ਤੇ ਚਾਚਾ ਵੀ ਅੱਖਾਂ ਫੇਰ ਲੈਂਦਾ ਹੈ। ਇਸ ਤਰ੍ਹਾਂ ਭਤੀਜੇ ਨੂੰ ਕੋਈ ਹੋਰ ਘਰ ਲੱਭਣਾ ਪੈਂਦਾ ਹੈ।
ਭਾਰਤ ਦੇ ਸੂਬੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਚਾਚੇ ਭਤੀਜੇ ਵਿੱਚ ਛਿੜੀ ਜੰਗ ਨੇ ਦੇਸ਼ ਦੀ ਚਾਚਾ ਭਤੀਜਾ ਬਰਾਂਡ ਸਿਆਸਤ ਲੋਕਾਂ ਨੂੰ ਮੁੜ ਯਾਦ ਕਰਵਾ ਦਿੱਤੀ ਹੈ। ਲੰਬੇ ਸਮੇਂ ਤੋਂ ਚਾਚੇ ਸ਼ਰਦ ਪਵਾਰ ਦਾ ਸਾਥ ਦੇ ਰਹੇ ਉਹਨਾਂ ਦੇ ਭਤੀਜੇ ਅਜੀਤ ਪਵਾਰ ਨੇ ਰਾਤੋ ਰਾਤ ਪੈਂਤੜਾ ਬਦਲ ਕੇ ਐਸੀ ਖੇਡ ਖੇਡੀ ਕਿ ਚਾਚਾ ਸ਼ਰਦ ਪਵਾਰ ਅੱਖਾਂ ਮਲਦਾ ਅਤੇ ਮੂੰਹ ਸਿੱਧਾ ਕਰਦਾ ਰਹਿ ਗਿਆ।
ਪੰਜਾਬ ਦੀ ਅਕਾਲੀ ਸਿਆਸਤ ਵਿਚ ਵੀ ਉਦੋਂ ਕੁਝ ਇਸੇ ਤਰ੍ਹਾਂ ਦਾ ਹੀ ਵਾਪਰਿਆ ਸੀ ਜਦੋਂ ਪੰਜਾਬ ਦੀ ਸਿਆਸਤ ਵਿੱਚ ਘਾਗ ਨੇਤਾ ਅਖਵਾਏ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਕਰ ਦਿੱਤਾ ਸੀ। ਸੁਖਬੀਰ ਸਿੰਘ ਬਾਦਲ ਨਾਲ ਵਿਵਾਦ ਕਾਰਨ ਮੌਜੂਦਾ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ।
ਸਿਆਸਤ ਦੇ ਮੌਜੂਦਾ ਘਟਨਾਕ੍ਰਮ ਦੌਰਾਨ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਭਾਜਪਾ ਨਾਲ ਗਿਟਮਿਟ ਕਰਕੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਬਣ ਗਏ ਸਨ। ਉਨ੍ਹਾਂ ਦੇ ਚਾਚੇ ਸ਼ਰਦ ਪਵਾਰ ਨੇ ਭਾਜਪਾ ਨੂੰ ਸਮਰਥਨ ਦੇਣ ਤੋਂ ਇਨਕਾਰ ਕੀਤਾ ਹੋਇਆ ਸੀ। ਭਾਰਤ ਦੇ ਕਈ ਰਾਜਾਂ ਵਿੱਚ ਖੇਤਰੀ ਪਾਰਟੀਆਂ ਕੁਝ ਪਰਿਵਾਰਾਂ ਜਾਂ ਆਗੂਆਂ ਦੀਆਂ ਨਿੱਜੀ ਕੰਪਨੀਆਂ ਵਾਂਗ ਕੰਮ ਕਰ ਰਹੀਆਂ ਹਨ। ਪੰਜਾਬ ਵਿੱਚ ਬਾਦਲਾਂ ਦਾ ਟੱਬਰ, ਮਹਾਰਾਸ਼ਟਰ ‘ਚ ਹੀ ਬਾਲ ਠਾਕਰੇ ਤੇ ਰਾਜ ਠਾਕਰੇ ਦਾ ਝਗੜਾ, ਹਰਿਆਣਾ ‘ਚ ਚੌਟਾਲਿਆ ਦੀ ਲੜਾਈ ਤੇ ਉੱਤਰ ਪ੍ਰਦੇਸ਼ ਵਿੱਚ ਅਖਿਲੇਸ਼ ਤੇ ਸ਼ਿਵਪਾਲ ਯਾਦਵ ਦੀ ਲੜਾਈ ਮੁੱਖ ਮਿਸਾਲਾਂ ਹਨ।
ਹੁਣ ਮਹਾਰਾਸ਼ਟਰ ਦੀ ਮਹਾ ਸਿਆਸਤ ਵਿੱਚ ਮੰਗਲਵਾਰ (26 ਨਵੰਬਰ) ਨੂੰ ਬਾਅਦ ਦੁਪੈਹਰ ਉਸ ਵੇਲੇ ਨਵਾਂ ਮੋੜ ਆਇਆ ਕਿ ਉਪ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਲੇ ਅਜੀਤ ਪਵਾਰ ਅਤੇ ਬਿਨਾ ਬਹੁਮਤ ਤੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਲੇ ਦੇਵੇਂਦਰ ਫੜਨਵੀਸ ਨੇ ਆਖਿਰ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਸਾਡੇ ਕੋਲ ਬਹੁਮਤ ਨਹੀਂ ਹੈ। ਇਥੇ 1977 ‘ਚ ਬਣੀ ਹਿੰਦੀ ਫਿਲਮ ‘ਚਾਚਾ ਭਤੀਜਾ’ ਦੇ ਇਕ ਗੀਤ ਕਿਓਂ ਬਈ ਚਾਚਾ … ਹਾਂ ਭਤੀਜਾ.. ਬੁਰੇ ਕਾਮ ਕਾ ਬੁਰਾ ਨਤੀਜਾ ਕਾਫੀ ਢੁਕਦਾ ਹੈ ।

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

Share this Article
Leave a comment