ਫ਼ਰੀਦਕੋਟ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ। ਜਿਨ੍ਹਾਂ ਤਸਵੀਰਾਂ ‘ਚ 2 ਔਰਤਾਂ ਨਾਲ ਹੋ ਰਹੀ ਕੁੱਟਮਾਰ ਸਾਫ ਦਿਖਾਈ ਦਿੰਦੀ ਹੈ। ਪਤਾ ਲੱਗਾ ਹੈ ਕਿ ਇਹ ਤਸਵੀਰਾਂ ਕੋਟਕਪੂਰਾ ਦੇ ਚੋਪੜਾ ਬਾਗ ਦੀਆਂ ਹਨ ਜਿੱਥੇ ਸੁਖਦੇਵ ਸਿੰਘ ਅਤੇ ਜਸਵਿੰਦਰ ਸਿੰਘ ਨਾਮ ਦੇ 2 ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਇਨ੍ਹਾਂ ਔਰਤਾਂ ਨੂੰ ਕੁੱਟਿਆ ਜਾ ਰਿਹਾ ਸੀ। ਇਸ ਦੌਰਾਨ ਆਸ ਪਾਸ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਜਿਨ੍ਹਾਂ ਵਿੱਚੋਂ ਕਿਸੇ ਨੇ ਇਹ ਵੀਡੀਓ ਸ਼ੂਟ ਕਰ ਲਈ। ਜਿਸ ਬਾਰੇ ਸ਼ਿਕਾਇਤ ਮਿਲਦਿਆਂ ਹੀ ਥਾਣਾ ਸਿਟੀ ਕੋਟਕਪੁਰਾ ਦੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ।
ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਰਾਣੀ ਨੇ ਦੱਸਿਆ ਕਿ ਇਹ ਗੱਲ ਉਦੋਂ ਵਧੀ ਜਦੋਂ ਵੀਡੀਓ ‘ਚ ਕੁੱਟਮਾਰ ਕਰ ਰਹੇ ਵਿਅਕਤੀਆਂ ਦਾ ਇੱਕ ਭਰਾ ਗੋਰਾ ਉਸ ਨੂੰ ਉੱਥੇ ਖੜ੍ਹੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ, ਜਿਸ ‘ਤੇ ਉਸ ਨੇ ਗਾਲ੍ਹਾਂ ਕੱਢਣ ਵਾਲੇ ਵਿਅਕਤੀ ਦਾ ਵਿਰੋਧ ਕੀਤਾ ਤਾਂ ਇਸ ਦੌਰਾਨ ਉਨ੍ਹਾਂ ਦਾ ਇੱਕ ਹੋਰ ਭਰਾ ਸੁਖਦੇਵ ਆ ਗਿਆ ਤੇ ਉਹ ਮੋਟਰ ਸਾਈਕਲ ਤੋਂ ਉਤਰਦਿਆਂ ਹੀ ਉਸ ਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਣ ਲੱਗ ਪਿਆ। ਰਾਣੀ ਨੇ ਦੋਸ਼ ਲਾਇਆ ਕਿ ਇਨ੍ਹਾਂ ਵੱਲੋਂ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ। ਪੀੜਤ ਔਰਤ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਇੱਕ ਜੱਸੀ ਨਾਂ ਦਾ ਵਿਅਕਤੀ ਵੀ ਉੱਥੇ ਆ ਗਿਆ ਤੇ ਉਸ ਨੇ ਰਾਣੀ ਨੂੰ ਵਾਲਾਂ ਤੋਂ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਰਾਣੀ ਵੱਲੋਂ ਲਾਏ ਗਏ ਦੋਸ਼ਾਂ ਅਨੁਸਾਰ ਇਸ ਦੌਰਾਨ ਉਸ ਦੀ ਜਾਣ ਪਹਿਚਾਣ ਵਾਲੀ ਇੱਕ ਹੋਰ ਕੁੜੀ ਜਦੋਂ ਉਸ ਨੂੰ ਛੁਡਾਉਣ ਲਈ ਉੱਥੇ ਪਹੁੰਚੀ ਤਾਂ ਉਨ੍ਹਾਂ ਲੋਕਾਂ ਨੇ ਉਸ ਲੜਕੀ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਰਾਣੀ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਵਿਅਕਤੀ ਉਨ੍ਹਾਂ ਦੀ ਦੁਕਾਨ ‘ਤੇ ਕਬਜਾ ਕਰਨਾ ਚਾਹੁੰਦੇ ਹਨ ਜਿਸਦਾ ਅਦਾਲਤ ਵਿੱਚ ਵੀ ਕੇਸ ਚੱਲ ਰਿਹਾ ਹੈ। ਰਾਣੀ ਨੇ ਦੋਸ਼ ਲਾਇਆ ਕਿ ਇਹ ਅਕਾਲੀ ਦਲ ਦੇ ਬੰਦੇ ਹਨ ਤੇ ਇਹ ਹਮੇਸ਼ਾ ਹੀ ਧਮਕੀਆਂ ਦਿੰਦੇ ਰਹਿੰਦੇ ਹਨ ਕਿ ਤੂੰ ਕੀ ਕਰ ਲਵੇਗੀ? ਪੀੜਤ ਔਰਤ ਨੇ ਇੱਥੋਂ ਤੱਕ ਵੀ ਦੋਸ਼ ਲਾਇਆ ਕਿ ਉਹ ਵਿਅਕਤੀ ਉਸ ਨੂੰ ਜਾਤੀਸੂਚਕ ਸ਼ਬਦ ਵੀ ਬੋਲਦੇ ਹਨ। ਇੱਥੇ ਹੀ ਰਾਣੀ ਨੇ ਕੁੱਟਮਾਰ ਸਮੇਂ ਮੌਕੇ ‘ਤੇ ਮੌਜੂਦ ਲੋਕਾਂ ‘ਤੇ ਵੀ ਦੋਸ਼ ਲਾਇਆ ਕਿ ਉਸ ਨੂੰ ਦੋ ਵਿਅਕਤੀਆਂ ਤੋਂ ਬਿਨਾਂ ਕਿਸੇ ਨੇ ਵੀ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਹ ਲੋਕ ਉੱਥੇ ਖੜ੍ਹੇ ਵੀਡੀਓ ਬਣਾਉਂਦੇ ਰਹੇ। ਜਿਸ ਤੋਂ ਦੁਖੀ ਰਾਣੀ ਨੇ ਰੋਂਦੇ ਹੋਏ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਹਮਲਾਵਰਾਂ ਵੱਲੋਂ ਉਨ੍ਹਾਂ ਨਾਲ 2 ਸਾਲ ਤੋਂ ਧੱਕਾ ਕੀਤਾ ਜਾ ਰਿਹਾ ਹੈ।
ਇਸ ਮਾਮਲੇ ‘ਚ ਜਦੋਂ ਜਾਂਚ ਕਰ ਰਹੇ ਫਰੀਦਕੋਟ ਦੇ ਐੱਸ.ਪੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵਲੋਂ ਕੁੱਟਮਾਰ ਕਰਨ ਵਾਲੇ ਦੋਵਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਐਸਪੀ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਇਸ ਦੀ ਜਾਂਚ ਡੀਐਸਪੀ ਸਬ ਡਿਵੀਜ਼ਨ ਕੋਟਕਪੁਰਾ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੁਕਾਨ ਦਾ ਮਾਮਲਾ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਐਸਪੀ ਅਨੁਸਾਰ ਅੱਗੇ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਨੂੰ ਦੇਖਦਿਆਂ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਕੁੱਲ ਮਿਲਾ ਕੇ ਪੀੜਤ ਔਰਤ ਰਾਣੀ ਨੇ ਇਸ ਮਾਮਲੇ ਨੂੰ ਲੈ ਕੇ ਥਾਨਾ ਸਿਟੀ ਕੋਟਕਪੂਰਾ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਪੀੜਤ ਔਰਤਾਂ ਨੂੰ ਕਦੋਂ ਇਨਸਾਫ ਮਿਲਦਾ ਹੈ।
ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/zk3hjpV1Dew