ਜਗਤਾਰ ਸਿੰਘ ਸਿੱਧੂ (ਐਡੀਟਰ)
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹਾਕਮ ਧਿਰ ਅਤੇ ਵਿਰੋਧੀ ਧਿਰਾਂ ਦੇ ਟਕਰਾਅ ‘ਚ ਰੁੜ੍ਹਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਬੀਤੇ ਕੱਲ੍ਹ ਸਦਨ ਅੰਦਰ ਮੈਂਬਰਾਂ ਨੂੰ ਸੰਬੋਧਨ ਕਰਨ ਦੇ ਨਾਲ ਹੀ ਟਕਰਾਅ ਸ਼ੁਰੂ ਹੋ ਗਿਆ ਸੀ। ਅੱਜ ਰਾਜਪਾਲ ਦੇ ਭਾਸ਼ਣ ‘ਤੇ ਹਾਕਮ ਧਿਰ ਵੱਲੋਂ ਰੱਖੇ ਧੰਨਵਾਦ ਦੇ ਮਤੇ ਉੱਪਰ ਵਿਰੋਧੀ ਧਿਰ ਵੱਲੋਂ ਸਦਨ ਵਿੱਚ ਆਪਣਾ ਪੱਖ ਨਾ ਰੱਖੇ ਜਾਣ ਦੇ ਮੁੱਦੇ ‘ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸਦਨ ਵਿੱਚੋਂ ਵਾਕਆਊਟ ਕੀਤਾ। ਸਦਨ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿੱਚ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਣ ਦੇ ਸੰਵੇਦਨਾਸ਼ੀਲ ਮੁੱਦੇ ‘ਤੇ ਬਹਿਸ ਕਰਨ ਦੀ ਮੰਗ ਕੀਤੀ, ਪਰ ਸਪੀਕਰ ਵੱਲੋਂ ਆਗਿਆ ਨਾ ਦਿੱਤੇ ਜਾਣ ‘ਤੇ ਆਪ ਦੇ ਵਿਧਾਇਕਾਂ ਨੇ ਰੋਸ ਵੱਜੋਂ ਵਾਕਆਊਟ ਕੀਤਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੰਮ ਰੋਕੂ ਪ੍ਰਸਤਾਵ ਰੱਖਿਆ ਗਿਆ।
ਵਿਧਾਨ ਸਭਾ ਦੇ ਸਪੀਕਰ ਵੱਲੋਂ ਕੰਮ ਰੋਕੂ ਪ੍ਰਸਤਾਵ ਦੀ ਆਗਿਆ ਨਾ ਦਿੱਤੇ ਜਾਣ ਕਾਰਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸਦਨ ‘ਚ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ ਕਰ ਗਏ। ਪੰਜਾਬ ਵਿਧਾਨ ਸਭਾ ਦੇ ਸਦਨ ਨੂੰ ਸਾਰੀਆਂ ਰਾਜਸੀ ਧਿਰਾਂ ਪਵਿੱਤਰ ਸਦਨ ਕਹਿ ਕੇ ਸੰਬੋਧਨ ਕਰਦੀਆਂ ਹਨ, ਪਰ ਉਨ੍ਹਾਂ ਦੇ ਵਤੀਰੇ ਵਿੱਚ ਵਿਧਾਨ ਸਭਾ ਦੀ ਮਰਿਆਦਾ ਜਾਂ ਸਤਿਕਾਰ ਦੀ ਝਲਕ ਕਿਧਰੇ ਵਖਾਈ ਨਹੀਂ ਦਿੰਦੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਦਨ ‘ਚ ਬੈਠੀ ਹਾਕਮ ਧਿਰ ਦੀ ਜਿੰਮੇਵਾਰੀ ਬਣਦੀ ਹੈ ਕਿ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ। ਬੇਸ਼ੱਕ ਕਹਿਣ ਨੂੰ ਤਾਂ ਸਪੀਕਰ ਵਲੋਂ ਸਾਰੀਆਂ ਰਾਜਸੀ ਧਿਰਾਂ ਦੇ ਪ੍ਰਤੀਨਿਧੀਆਂ ਤੇ ਅਧਾਰਿਤ ਬਣੀ ਕਮੇਟੀ ਦੀ ਮੀਟਿੰਗ ਵਿੱਚ ਰਾਏ ਕਰਕੇ ਵਿਧਾਨ ਸਭਾ ਦਾ ਏਜੰਡਾ ਤੈਅ ਕੀਤਾ ਜਾਂਦਾ ਹੈ ਪਰ ਅਮਲੀ ਤੌਰ ‘ਤੇ ਹਾਕਮ ਧਿਰ ਦੇ ਲਏ ਫੈਸਲਿਆਂ ਅਨੁਸਾਰ ਹੀ ਸਦਨ ਦੀ ਕਾਰਵਾਈ ਚਲਾਈ ਜਾਂਦੀ ਹੈ। ਜੇਕਰ ਹਾਕਮ ਧਿਰ ਖੁਲ੍ਹ ਦਿਲੀ ਵਾਲਾ ਵਤੀਰਾ ਅਪਣਾਏ ਅਤੇ ਸਦਨ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਤਾਂ ਸਦਨ ਵਿੱਚ ਬੇਲੋੜੇ ਟਕਰਾਅ ਤੋਂ ਬਚਿਆ ਜਾ ਸਕਦਾ ਹੈ।
ਇਸ ਸਮੇਂ ਰਾਜਸੀ ਧਿਰਾਂ ਵਿੱਚ ਕੁੜੱਤਣ ਇੰਨੀ ਜ਼ਿਆਦਾ ਵਧੀ ਹੋਈ ਹੈ ਕਿ ਉਨ੍ਹਾਂ ਵੱਲੋਂ ਆਪਸੀ ਵਿਚਾਰ ਵਟਾਂਦਰਾ ਕਰਨ ਦਾ ਕੋਈ ਮੌਕਾ ਹੀ ਨਹੀਂ ਰਹਿ ਗਿਆ। ਇਸ ਲਈ ਪੰਜਾਬ ਵਿਧਾਨ ਸਭਾ ਦਾ ਸਦਨ ਹੀ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਰੀਆਂ ਧਿਰਾਂ ਆਪਣੀਆਂ ਗੱਲਾਂ ਰੱਖ ਸਕਦੀਆਂ ਹਨ। ਪੰਜਾਬ ਦੇ ਲੋਕਾਂ ਨੇ ਹਾਕਮ ਧਿਰ ਅਤੇ ਵਿਰੋਧੀ ਧਿਰਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਸੂਬੇ ਦੇ ਬਹੁਪੱਖੀ ਵਿਕਾਸ ਲਈ ਚੁਣ ਕੇ ਭੇਜਿਆ ਹੈ। ਇਸ ਲਈ ਵਿਰੋਧੀ ਧਿਰਾਂ ਨੂੰ ਸਦਨ ਦੇ ਅੰਦਰ ਆਪਣੀ ਸਾਰਥਿਕ ਭੂਮਿਕਾ ਨਭਾਉਣੀ ਚਾਹੀਦੀ ਹੈ। ਪੰਜਾਬ ਇਸ ਵੇਲੇ ਬਹੁਤ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਿਸਾਨੀ ਆਰਥਿਕ ਸੰਕਟ ਕਾਰਨ ਬਹੁਤ ਵੱਡੀ ਮੁਸੀਬਤ ਵਿੱਚ ਫਸੀ ਹੋਈ ਹੈ। ਸਰਕਾਰੀ ਦਾਅਵਿਆਂ ਦੇ ਬਾਵਜੂਦ ਨਸ਼ੇ ਦੀ ਸਮੱਸਿਆ ‘ਤੇ ਕਾਬੂ ਨਹੀਂ ਪੈ ਸਕਿਆ ਅਤੇ ਨਾ ਹੀ ਨਸ਼ਿਆਂ ਦਾ ਕੋਈ ਵੱਡਾ ਸਦਾਗਰ ਕਾਬੂ ਆਇਆ ਹੈ। ਨੌਜਵਾਨ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਨੂੰ ਦੌੜ ਰਹੇ ਹਨ। ਸਾਡਾ ਕੀਮਤੀ ਸਰਮਾਇਆ ਅਤੇ ਜੁਆਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਮੁਲਾਜ਼ਮਾਂ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਬਹੁਤ ਵੱਡੀ ਬੇਚੈਨੀ ਹੈ। ਪੰਜਾਬੀ ਉਮੀਦ ਕਰਦੇ ਹਨ ਕਿ ਪੰਜਾਬ ਵਿਧਾਨ ਸਭਾ ਵਿੱਚ ਇੱਕ ਦੂਜੇ ਨੂੰ ਰਾਜਸੀ ਠਿੱਬੀਆਂ ਲਾਉਣ ਦੀ ਥਾਂ ਪੰਜਾਬ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਕੋਈ ਠੋਸ ਨੀਤੀ ਅਪਣਾਈ ਜਾਵੇ।