Home / News / ਆਈਜੇਯੂ ਨੇ ਬਿਹਾਰ ‘ਚ ਪੱਤਰਕਾਰ ਦੇ ਕਤਲ ਦੀ ਜਾਂਚ ਅਤੇ ਨਜ਼ਰਬੰਦ ਮਹਿਲਾ ਪੱਤਰਕਾਰਾਂ ਦੀ ਰਿਹਾਈ ਦੀ ਕੀਤੀ ਮੰਗ
india journalist union IJU

ਆਈਜੇਯੂ ਨੇ ਬਿਹਾਰ ‘ਚ ਪੱਤਰਕਾਰ ਦੇ ਕਤਲ ਦੀ ਜਾਂਚ ਅਤੇ ਨਜ਼ਰਬੰਦ ਮਹਿਲਾ ਪੱਤਰਕਾਰਾਂ ਦੀ ਰਿਹਾਈ ਦੀ ਕੀਤੀ ਮੰਗ

ਚੰਡੀਗੜ੍ਹ  : ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਨੇ ਬਿਹਾਰ ਵਿੱਚ ਇੱਕ ਨੌਜਵਾਨ ਪੱਤਰਕਾਰ ਦੀ ਬੇਰਹਿਮੀ ਨਾਲ ਹੱਤਿਆ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਬੁੱਧਨਾਥ ਝਾਅ ਦੀ ਬੇਵਕਤੀ ਮੌਤ ਦਾ ਕਾਰਨ ਬਣੀ ਘਟਨਾ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ। ਯੂਨੀਅਨ ਨੇ ਤ੍ਰਿਪੁਰਾ ਸਰਕਾਰ ਵੱਲੋਂ ਅਗਰਤਲਾ ਵਿੱਚ ਨਜ਼ਰਬੰਦ ਦੋ ਮਹਿਲਾ ਪੱਤਰਕਾਰਾਂ ਦੀ ਤੁਰੰਤ ਰਿਹਾਈ ਲਈ ਆਵਾਜ਼ ਉਠਾਈ ਹੇੈ।

ਜ਼ਿਕਰਯੋਗ ਹੈ ਕਿ ਇੱਕ 22 ਸਾਲਾ ਮਧੂਬਨੀ ਵਾਸੀ ਪੱਤਰਕਾਰ ਅਤੇ ਸੂਚਨਾ ਅਧਿਕਾਰ ਕਾਰਕੁਨ ਕੁਝ ਦਿਨਾਂ ਤੋਂ ਲਾਪਤਾ ਹੋਣ ਤੋਂ ਬਾਅਦ 12 ਨਵੰਬਰ ਨੂੰ ਮ੍ਰਿਤਕ ਪਾਇਆ ਗਿਆ ਸੀ। ਬੁੱਧੀਨਾਥ (ਅਵਿਨਾਸ਼ ਝਾਅ ਵਜੋਂ ਵੀ ਜਾਣਿਆ ਜਾਂਦਾ ਹੈ) ਤੇ ਉਸ ਨੇ ਆਪਣੇ ਇਲਾਕੇ ਵਿੱਚ ਚੱਲ ਰਹੇ ਕਈ ਫਰਜ਼ੀ ਮੈਡੀਕਲ ਕਲੀਨਿਕਾਂ ਬਾਰੇ ਖ਼ਬਰਾਂ ਛਾਪੀਆਂ ਸਨ । ਪਹਿਲਾਂ ਤਾਂ ਨਾਜਾਇਜ਼ ਕਲੀਨਿਕ ਮਾਲਕਾਂ ਵੱਲੋਂ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ, ਪਰ ਜਦੋਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ, ਤ੍ਰਿਪੁਰਾ ਪੁਲਿਸ ਦੀ ਬੇਨਤੀ ‘ਤੇ ਆਸਾਮ ਪੁਲਿਸ ਨੇ ਕਰੀਮਗੰਜ ਇਲਾਕੇ ਤੋਂ ਸਮ੍ਰਿਧੀ ਸਕੁਨੀਆ ਅਤੇ ਸਵਰਨ ਝਾਅ ਦੋਨੋਂ ਦਿੱਲੀ ਤੋੰ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ। ਇੱਕ ਨਿਊਜ਼-ਪੋਰਟਲ ਨਾਲ ਜੁੜੇ, ਦੋਵੇਂ ਰਿਪੋਰਟਰ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਰਾਜ ਵਿੱਚ ਹਾਲ ਹੀ ਵਿੱਚ ਹੋਈ ਫਿਰਕੂ ਹਿੰਸਾ ਨੂੰ ਕਵਰ ਕਰਨ ਲਈ ਤ੍ਰਿਪੁਰਾ ਆਏ ਸਨ ਅਤੇ ਉਹ ਆਸਾਮ ਦੇ ਸਿਲਚਰ ਵੱਲ ਐਤਵਾਰ ਨੂੰ ਸੜਕ ਰਸਤੇ ਜਾ ਰਹੇ ਸਨ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ।

ਇਸ ਮਾਮਲੇ ਤੇ ਆਈ ਜੇ ਯੂ ਦੇ ਪ੍ਰਧਾਨ ਸ੍ਰੀਨਿਵਾਸ ਰੈੱਡੀ ਅਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਤ੍ਰਿਪੁਰਾ ਸਰਕਾਰ ਸਖ਼ਤ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਪੱਤਰਕਾਰਾਂ ਸਮੇਤ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਡਰਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਆਵਾਜ਼ਾਂ ਦੇ ਖਿਲਾਫ ਬੇਰਹਿਮ ਕਾਨੂੰਨਾਂ ਤਹਿਤ ਇਸ ਤਰੀਕੇ ਨਾਲ ਪੱਤਰਕਾਰਾਂ ਤੇ ਮੁਕੱਦਮੇ ਦਰਜ ਕਰਨ ਨਾਲ ਅਵਾਜ਼ਾਂ ਦੱਬਣਨਗੀਆਂ ਨਹੀਂ ਸਗੋਂ ਇਹ ਰੋਸ ਹੋਰ ਵੀ ਵਧੇਗਾ ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 102 ਵਿਅਕਤੀਆਂ ‘ਤੇ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

Check Also

ਬਹੁਜਨ ਸਮਾਜ ਪਾਰਟੀ ਨੇ ਐਲਾਨੇ 14 ਸੀਟਾਂ ਤੋਂ  ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ …

Leave a Reply

Your email address will not be published. Required fields are marked *