ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਗੈਂਗਸਟਰ ਮਸੂਦ ਅਜਹਰ ਨੂੰ ਖਤਰਨਾਕ ਅੱਤਵਾਦੀ ਐਲਾਨਣ ਲਈ ਰੱਖੇ ਗਏ ਪ੍ਰਸਤਾਵ ‘ਤੇ ਚੀਨ ਦੇ ਹੁਣ ਨਰਮ ਹੋਣ ਦੇ ਸੰਕੇਤ ਮਿਲ ਰਹੇ ਹਨ। ਇਸ ਮਾਮਲੇ ‘ਤੇ ਆਪਣੇ ਪਹਿਲਾਂ ਵਾਲੇ ਰਵੱਈਏ ਨੂੰ ਬਦਲਦਿਆਂ ਬੀਤੇ ਕੱਲ੍ਹ ਚੀਨ ਨੇ ਕਿਹਾ ਕਿ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਹੱਲ ਕਰਨ ਲਈ ਯਤਨ ਕੀਤੇ ਜਾਣਗੇ ਹਾਲਾਂਕਿ ਚੀਨ ਨੇ ਇਸ ਲਈ ਕੋਈ ਸਮਾਂ ਤੈਅ ਨਹੀਂ ਕੀਤਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਚੀਨ ਦੌਰੇ ਤੋਂ ਬਾਅਦ ਭਾਰਤ ਦੇ ਪੜੋਸੀ ਮੁਲਕ ਦੀ ਇਹ ਰਾਏ ਅਹਿਮ ਮੰਨੀ ਜਾ ਰਹੀ ਹੈ। ਚੀਨੀ ਵਿਦੇਸ਼ ਮੰਤਰਾਲਿਆ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਹੈ ਕਿ,”ਮੈਂ ਸਿਰਫ ਇੰਨਾਂ ਕਹਿ ਸਕਦਾ ਹਾਂ ਕਿ ਮੇਰਾ ਵਿਸ਼ਵਾਸ ਹੈ ਕਿ ਇਸ ਮਸਲੇ ਦਾ ਸਹੀ ਢੰਗ ਨਾਲ ਹੱਲ ਕੱਢਿਆ ਜਾਵੇਗਾ।” ਫ੍ਰਾਂਸ, ਅਮਰੀਕਾ ਅਤੇ ਬ੍ਰਿਟੇਨ ਵੱਲੋਂ ਮਸੂਦ ਨੂੰ ਖਤਰਨਾਕ ਅੱਤਵਾਦੀ ਘੋਸ਼ਿਤ ਕਰਨ ਦੀ ਮੰਗ ‘ਤੇ ਆਪਣਾ ਵਿਰੋਧ ਵਾਪਸ ਲੈਣ ਦੀਆਂ ਖਬਰਾਂ ਨਾਲ ਜੁੜੇ ਸਵਾਲ ਨੂੰ ਲੈ ਕੇ ਚੀਨ ਨੇ ਇਹ ਗੱਲ ਕਹੀ।
ਚੀਨੀ ਬੁਲਾਰੇ ਨੇ ਕਿਹਾ ਕਿ,” ਅਸੀਂ ਇਸ ਮਸਲੇ ‘ਤੇ ਕਈ ਵਾਰ ਆਪਣਾ ਰੁੱਖ ਸਪੱਸ਼ਟ ਕਰ ਚੁਕੇ ਹਾਂ। ਮੈਂ ਸਿਰਫ ਦੋ ਬਿੰਦੂਆਂ ‘ਤੇ ਜੋਰ ਦੇਣਾ ਚਾਹੁੰਦਾ ਹਾਂ। ਪਹਿਲਾ ਇਹ ਕਿ ਇਸ ਮਸਲੇ ‘ਤੇ ਜਿਆਦਾ ਤੋਂ ਜਿਆਦਾ ਮੈਂਬਰਾਂ ਦੀ ਸਹਿਮਤੀ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ, ਤੇ ਦੂਜਾ ਇਹ ਕਿ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਤੇ ਕੁਝ ਪ੍ਰਗਤੀ ਵੀ ਹੋਈ ਹੈ। ਸਾਨੂੰ ਯਕੀਨ ਹੈ ਕਿ ਸਾਰੇ ਪੱਖਾਂ ਦੀ ਸਹਿਮਤੀ ਨਾਲ ਇਸ ਮਸਲੇ ‘ਤੇ ਅੱਗੇ ਵਧਿਆ ਜਾ ਸਕਦਾ ਹੈ।”
ਦੱਸ ਦਈਏ ਕਿ ਚੀਨ 4 ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਮਸੂਦ ਨੂੰ ਖਤਰਨਾਕ ਅੱਤਵਾਦੀ ਐਲਾਨਣ ਦੀ ਮੰਗ ‘ਚ ਅੜਿੱਕਾ ਲਾ ਚੁੱਕਿਆ ਹੈ। ਪਿਛਲੇ ਮਹੀਨੇ ਚੀਨ ਵੱਲੋਂ ਇਸ ਮਾਮਲੇ ‘ਤੇ ਚੌਥੀ ਵਾਰ ਰੋਕ ਲਾਉਣ ਦੀ ਗੱਲ ਵੀ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ ਪੁਲਵਾਮਾ ‘ਚ ਸੀਆਰਪੀਐਫ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਜੈਸ਼ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਫ੍ਰਾਂਸ, ਅਮਰੀਕਾ ਅਤੇ ਬ੍ਰਿਟੇਨ ਨੇ ਮਸੂਦ ਨੂੰ ਖਤਰਨਾਕ ਅੱਤਵਾਦੀ ਐਲਾਨਣ ਲਈ ਸੰਯੁਕਤ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ‘ਚ 1267 ਅਲਕਾਇਦਾ ਪਾਬੰਦੀ ਕਮੇਟੀ ਅਨੁਸਾਰ ਮੰਗ ਰੱਖੀ ਸੀ। ਪਰ ਇਸ ਮਾਮਲੇ ‘ਚ ਚੀਨ ਨੇ ਆਪਣੀ ਸਹਿਮਤੀ ਨਹੀਂ ਜਤਾਈ ਸੀ।