ਅਲਬਰਟਾ ਸੂਬਾਈ ਚੋਣਾਂ ‘ਚ ਪੰਜਾਬੀਆਂ ‘ਤੇ ਭਾਰਤੀਆਂ ਦੀ ਹੋਈ ਬੱਲੇ-ਬੱਲੇ, 7 ਨੇ ਗੱਡੇ ਜਿੱਤ ਦੇ ਝੰਡੇ

TeamGlobalPunjab
2 Min Read

ਅਲਬਰਟਾ: ਕੈਨੇਡਾ ਵਿਖੇ ਅਲਬਰਟਾ ‘ਚ ਹੋਈਆਂ ਸੂਬਾਈ ਚੋਣਾਂ ‘ਚ ਸਾਬਕਾ ਫੈਡਰਲ ਕੈਬਨਿਟ ਮੰਤਰੀ ਜੇਸਨ ਕੇਨੀ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਬਹੁਗਿਣਤੀ ਨਾਲ ਜਿੱਤ ਹਾਸਲ ਕੀਤੀ ਹੈ। ਕੇਨੀ ਨੇ ਕੈਲਗਰੀ-ਲੌਫੀਡ ਦੇ ਆਪਣੇ ਇਲਾਕੇ ਤੋਂ ਜਿੱਤ ਦਰਜ ਕਰਵਾਈ। ਯੂਸੀਪੀ ਦੇ ਨੀਲੇ ਪਿੱਕ ਅੱਪ ਟਰੱਕ ‘ਚ ਰੋਡ ਸ਼ੋਅ ਕੱਢ ਕੇ ਕੇਨੀ ਨੇ ਪਹਿਲਾਂ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਫਿਰ ਉਨ੍ਹਾਂ ਆਪਣੇ ਸਾਰੇ ਸ਼ੁਭਚਿੰਤਕਾਂ ਸਾਹਮਣੇ ਸਟੇਜ ‘ਤੇ ਪਹੁੰਚ ਕੇ ਦੁਬਾਰਾ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਉਣ ਲਈ ਅਲਬਰਟਾ ਵਾਸੀਆਂ ਦਾ ਸ਼ੁਕਰੀਆ ਕੀਤਾ।

ਕੇਨੀ ਨੇ ਕਿਹਾ ਕਿ ਸਾਡੀ ਪ੍ਰੋਵਿੰਸ ਨੇ ਕੈਨੇਡਾ ਤੇ ਪੂਰੀ ਦੁਨੀਆ ਨੂੰ ਇਹ ਦੱਸ ਦਿੱਤਾ ਹੈ ਕਿ ਅਸੀਂ ਕਾਰੋਬਾਰ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਲਈ ਮਦਦ ਰਾਹ ਵਿੱਚ ਹੈ ਤੇ ਸਾਡੀ ਆਸ ਵੀ ਆਸਮਾਨ ਉੱਤੇ ਹੈ।

ਅਸੈਂਬਲੀ ਚੋਣਾਂ ‘ਚ 7 ਭਾਰਤੀਆਂ ਦੇ ਸਿਰ ਜਿੱਤ ਦੇ ਸਿਹਰੇ ਸਜੇ ਅਤੇ ਇਨ੍ਹਾਂ ‘ਚੋਂ 4 ਪੰਜਾਬੀ ਹਨ ਜਿਨ੍ਹਾਂ ‘ਚੋਂ ਐਡਮਿੰਟਨ ਵਿਖੇ ਰਹਿੰਦੇ ਹੁਸ਼ਿਆਰਪੁਰ ਦੇ ਜਸਬੀਰ ਦਿਓਲ ਸਿੰਘ , ਐਡਮਿੰਟਨ ਵ੍ਹਾਈਟ ਮਡ ਤੋਂ ਰਾਖੀ ਪੰਚੋਲੀ, ਕੈਲਗਰੀ ਈਸਟ ਤੋਂ ਪੀਟਰ ਸਿੰਘ, ਕੈਲਗਰੀ ਐੱਚ ਮਾਊਂਟ ਤੋਂ ਪ੍ਰਸਾਦ ਪਾਂਡਾ , ਕੈਲਗਰੀ ਨਾਰਥ ਤੋਂ ਰੰਜਨ ਸਾਹਨੀ, ਕੈਲਗਰੀ ਤੋਂ ਲੀਲਾ ਅਹੀਰ ਅਤੇ ਕੈਲਗਰੀ ਫੈਨਕਨ ਤੋਂ ਦਵਿੰਦਰ ਤੂਰ ਜੇਤੂ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ 2 ਪੰਜਾਬੀਆਂ ਨੇ ਵੀ ਇਨ੍ਹਾਂ ਚੋਣਾਂ ‘ਚ ਜਿੱਤ ਪ੍ਰਾਪਤ ਕੀਤੀ ਹੈ। ਇਰਫਾਨ ਸਾਬਰ ਅਤੇ ਮੁਹੰਮਦ ਜਾਸਿਨ ਵੀ ਅਲਬਰਟਾ ਵਿਧਾਨਸਭਾ ਲਈ ਚੁਣੇ ਗਏ ਹਨ।

ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ 87 ਸੀਟਾਂ ਵਿੱਚੋਂ ਯੂਸੀਪੀ ਨੂੰ 63 ਸੀਟਾਂ ਉੱਤੇ ਜਿੱਤ ਹਾਸਲ ਹੋਈ। ਬਾਕੀ 24 ਸੀਟਾਂ ਐਨਡੀਪੀ ਦੀ ਝੋਲੀ ਪਈਆਂ। ਕੇਨੀ ਨੇ ਆਪਣੀ ਜਿੱਤ ਨੂੰ ਅਲਬਰਟਾ ਵਾਸੀਆਂ ਨੂੰ ਮੁੜ ਕੰਮ ਉੱਤੇ ਪਰਤਾਉਣ ਵਾਲਾ ਦੱਸਿਆ। ਉਨ੍ਹਾਂ ਆਖਿਆ ਕਿ ਐਨਡੀਪੀ ਦੇ ਕਾਰਜਕਾਲ ਵਿੱਚ ਅਲਬਰਟਾ ਦੀ ਤੇਲ ਤੇ ਗੈਸ ਇੰਡਸਟਰੀ ਨੂੰ ਕਾਫੀ ਢਾਹ ਲੱਗੀ ਹੈ ਤੇ ਇਸ ਦਾ ਅਸਰ ਪ੍ਰੋਵਿੰਸ ਦੇ ਅਰਥਚਾਰੇ ਉੱਤੇ ਵੀ ਬਹੁਤ ਨਕਾਰਾਤਮਕ ਰਿਹਾ ਹੈ।

Share this Article
Leave a comment