Home / ਪੰਜਾਬ / “ਪੰਜਾਬ ਦੀ ਸਿਆਸਤ ਉਤੇ ਪਰਵਾਸੀ ਪੰਜਾਬੀਆਂ ਨੇ ਹਾਂ-ਪੱਖੀ ਅਤੇ ਨਾਂਹ-ਪੱਖੀ ਵੀ ਪ੍ਰਭਾਵ ਪਾਏ”

“ਪੰਜਾਬ ਦੀ ਸਿਆਸਤ ਉਤੇ ਪਰਵਾਸੀ ਪੰਜਾਬੀਆਂ ਨੇ ਹਾਂ-ਪੱਖੀ ਅਤੇ ਨਾਂਹ-ਪੱਖੀ ਵੀ ਪ੍ਰਭਾਵ ਪਾਏ”

ਚੰਡੀਗੜ੍ਹ (ਅਵਤਾਰ ਸਿੰਘ): “ਪਰਵਾਸੀ ਪੰਜਾਬੀਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਸਦਾ ਗੂੜਾ ਪ੍ਰਭਾਵਤ ਕੀਤਾ ਹੈ। ਇਸ ਦਾ ਪੁਖਤਾ ਤੇ ਇਤਿਹਾਸਕ ਪ੍ਰਮਾਣ ਗਦਰ ਲਹਿਰ ਹੈ ਜਿਸ ਨੇ ਆਜਾਦੀ ਦੀ ਪਹਿਲੀ ਲੜਾਈ ਦਾ ਮੁੱਢ ਬੰਨ੍ਹਿਆ।” ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀ ਸਿਆਸਤ ‘ਤੇ ਪ੍ਰਭਾਵ ਮੁੱਦੇ ‘ਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋ ਕਰਵਾਏ ਕੌਮਾਂਤਰੀ ਵੈੱਬਨਾਰ ਨੂੰ ਸੰਬੋਧਨ ਕਰਦਿਆਂ ਚਿੰਤਕ ਸੁਖਵਿੰਦਰ ਕੰਬੋਜ ਨੇ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਤੇ ਵਰਤਮਾਨ ਦੇ ਹਵਾਲਿਆਂ ਨਾਲ ਆਪਣੀ ਗੱਲ ਅਗੇ ਤੋਰਦਿਆਂ ਕਿਹਾ ਕਿ ਪੰਜਾਬੀਆਂ ਨੇ ਆਪਣਾ ਖੂਨ ਦੇ ਕੇ ਆਜਾਦੀ ਦਾ ਮਹਿੰਗਾ ਮੁੱਲ ਤਾਰਿਆ। ਇਸ ਦਾ ਮੁੱਢ ਰੋਜੀ ਰੋਟੀ ਤੇ ਚੰਗੇਰੀਆਂ ਸੁੱਖ ਸਹੂਲਤਾਂ ਦੀ ਭਾਲ ‘ਚ ਬਦੇਸ਼ੀ ਵਸੇ ਗਦਰੀ ਬਾਬਿਆਂ ਨੇ ਬੰਨ੍ਹਿਆ ਜਿਨ੍ਹਾਂ ਨੇ “ਗਦਰ “ ਅਖਬਾਰ ਰਾਹੀਂ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ‘ਚ ਆਜਾਦੀ ਦੀ ਚਿਣਗ ਬਾਲੀ ਤੇ ਚੇਤਨਾ ਦੀ ਜਾਗ ਲਾਈ। ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਬਦੇਸ਼ੀ ਵਸਦੇ ਪੰਜਾਬੀਆਂ ‘ਚ ਸੈੱਲ ਹਨ ਜਿਥੋਂ ਉਨ੍ਹਾਂ ਨੂੰ ਪੰਜਾਬ ‘ਚ ਸਰਗਰਮੀਆਂ ਕਰਨ ਲਈ ਆਰਥਕ ਮਦਦ ਵੀ ਮਿਲਦੀ ਹੈ। ਉਂਝ ਇਹ ਵੱਖਰੀ ਗੱਲ ਹੈ ਕਿ ਪੰਜਾਬ ‘ਚ ਜਿਸ ਸਕਾਰਤਾਮਕ ਤਬਦੀਲੀਆਂ ਦਾ ਸੁਫਨਾ ਲੈ ਕੇ ਉਨ੍ਹਾਂ ਇਹ ਮਦਦ ਕੀਤੀ ਉਸਦਾ ਅਜੇ ਆਗਾਜ਼ ਵੀ ਨਹੀਂ ਹੋਇਆ ਫਿਰ ਵੀ ਉਨ੍ਹਾਂ ਆਪਣੀ ਸਾਂਝ ਦੀ ਤੰਦ ਪੰਜਾਬ ਨਾਲ ਜੋੜੀ ਹੋਈ ਹੈ। ਕਿਸਾਨ ਸੰਘਰਸ਼ ਇਸ ਦੀ ਪ੍ਰਤੱਖ ਮਿਸਾਲ ਹੈ ਜਿਸ ਦੇ ਸਮਰਥਨ ‘ਚ ਬਹੁਤ ਸਾਰੇ ਮੁਲਕਾਂ ‘ਚ ਪੰਜਾਬੀਆਂ ਨੇ ਵੱਡੇ ਮੁਜਹਾਰੇ ਵੀ ਕੀਤੇ ਤੇ ਆਰਥਕ ਮਦਦ ਵੀ ਘੱਲੀ। ਚਿੰਤਕ ਕੰਬੋਜ ਨੇ ਪ੍ਰਵਾਸੀ ਪੰਜਾਬੀਆਂ ਦੇ ਨਜਰੀਏ ‘ਤੋਂ ਕਿਸਾਨ ਸੰਘਰਸ਼ ਤੇ ਕਿਸਾਨੀ ਸੰਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ‘ਚ 70 ਫੀਸਦੀ ਰੁਜ਼ਗਾਰ ਖੇਤੀ ਅਧਾਰਤ ਹੈ ਤੇ ਇਹ ਸੂਬੇ ਦੀ ਆਰਥਕਤਾ ਦਾ ਧੁਰਾ ਵੀ ਹੈ। ਜੇ ਕਿਸਾਨੀ ਡੁੱਬਦੀ ਹੈ ਤਾਂ ਬਚਣੀ ਖੇਤੀ ਆਰਥਕਤਾ ਵੀ ਨਹੀ ਤੇ ਨਾ ਹੀ ਖੇਤੀ ਅਥਾਰਤ ਰੁਜ਼ਗਾਰ ਬਚਣਾ ਹੈ। ਇਸ ਨਾਲ ਪੰਜਾਬ ਦੀ ਆਰਥਕਤਾ ਦਾ ਵੱਡਾ ਸੋਮਾ ਵੀ ਖੁੱਸ ਜਾਣਾ ਹੈ। ਮੁੱਦੇ ‘ਤੇ ਮੁੜਦਿਆਂ ਉਨ੍ਹਾਂ ਜਿਥੇ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਦੀ ਸਿਆਸਤ ‘ਤੇ ਹਾਂ ਪੱਖੀ ਪ੍ਰਭਾਵੀ ਪੱਖਾਂ ਦਾ ਜ਼ਿਕਰ ਕੀਤਾ ਉਥੇ ਇਸ ਦੇ ਕਈ ਨਾਂਹ ਪੱਖੀ ਪ੍ਰਭਾਵ ਵੀ ਉਦਾਹਰਣਾਂ ਸਹਿਤ ਸਾਹਮਣੇ ਲਿਆਂਦੇ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਦੇ ਸੰਦਰਭ ‘ਚ ਗਦਰੀ ਬਾਬਿਆਂ ਵਾਲੀ ਭੂਮਿਕਾ ਹੀ ਸਾਰਥਕ ਤਬਦੀਲੀਆਂ ਦੀ ਵਾਹਕ ਬਣ ਸਕਦੀ ਹੈ ਜਿਹੜੀ ਉਨ੍ਹਾਂ ‘ਤੇ ਗਦਰੀ ਬਾਬਿਆਂ ਦੇ ਸੁਫਨੇ ਸਾਕਾਰ ਕਰਨ ਦੇ ਸਮਰੱਥ ਹੋਵੇਗੀ।

ਗੁਰਮੀਤ ਸਿੰਘ ਪਲਾਹੀ ਦੀ ਪ੍ਰਧਾਨਗੀ ‘ਚ ਕਰਵਾਏ ਇਸ ਵੈਬੀਨਾਰ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦਸਿਆ ਹੈ ਕਿ ਵਿਚਾਰ ਚਰਚਾ ਦੇ ਇਸ ਪ੍ਰਵਾਹ ਨੂੰ ਅੱਗੇ ਤੋਰਦਿਆਂ ਡਾ ਗਿਆਨ ਸਿੰਘ ਨੇ ਵਦੇਸ਼ੀਂ ਵਸੇ ਵੱਡੇ ਕਾਰੋਬਾਰੀ ਪੰਜਾਬੀਆਂ ਵਲੋਂ ਉਥੋਂ ਦੇ ਸਟਰਗਲ ਕਰ ਰਹੇ ਪ੍ਰਵਾਸੀ ਪੰਜਾਬੀਆਂ ਵਲੋ ਸ਼ੋਸ਼ਣ ਕਰਨ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਦੁਖਾਂਤਕ ਕਰਾਰ ਦਿੰਦਿਆਂ ਕਿਹਾ ਸਥਾਪਤ ਪੰਜਾਬੀਆਂ ਨੂੰ ਇਨ੍ਹਾਂ ਸਟਰਗਲਰਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਸ਼ਕ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ ਪਰ ਉਹ ਇਨ੍ਹਾਂ ਚੋਂ ਭ੍ਰਿਸ਼ਟਾਚਾਰ ਖਤਮ ਨਹੀ ਕਰਵਾ ਸਕੇ। ਡਾ ਵਰਿੰਦਰ ਸ਼ਰਮਾ ਐਮ ਪੀ ਯੂ ਕੇ ਤੇ ਪ੍ਰੋ ਰਣਜੀਤ ਧੀਰ ਯੂ ਕੇ ਦਾ ਮਤ ਸੀ ਕਿ ਪੰਜਾਬੀਆਂ ਤੇ ਭਾਰਤੀਆਂ ਨੇ ਆਪਣੀ ਸਿਆਸਤ ਲੋਕਤੰਤਰੀ ਤੌਰ ਤਰੀਕਿਆਂ ਨਾਲ ਚਲਾਉਣ ਦੇਣੀ ਚਾਹੀਦੀ ਹੈ ਤੇ ਇਸ ‘ਚ ਨਾਕਾਰਾਤਮਿਕ ਲੱਤ ਨਹੀ ਅੜਾਉਣੀ ਚਾਹੀਦੀ।ਅਸੀਂ ਜਿਸ ਵੀ ਮੁਲਕ ਦੇ ਸ਼ਹਿਰੀ ਹਾਂ ਉਹ ਹੀ ਸਾਡਾ ਮੁਲਕ ਹੈ। ਸਾਨੂੰ ਪੰਜਾਬ ਦੀ ਸਿਆਸਤ ਵਿੱਚ ਬਹੁਤ ਹੀ ਸਾਰਥਿਕ ਰੋਲ ਅਦਾ ਕਰਨਾ ਚਾਹੀਦਾ ਹੈ। ਜਾਤੀ ਪੱਧਰ ਤੋਂ ਉੱਚਾ ਉੱਠ ਕੇ ਹੀ ਪੰਜਾਬ ਨੂੰ ਗਦਰੀ ਬਾਬਿਆਂ ਦੀ ਸੋਚ ਦਾ ਪੰਜਾਬ ਬਣਾਇਆ ਜਾ ਸਕਦਾ ਹੈ। ਜੇਕਰ ਪੰਜਾਬ ਵਿੱਚ ਬੰਦੇ ਨੂੰ ਬੰਦਾ ਸਮਝਣ ਦੀ ਸਮਝ ਖਤਮ ਹੋ ਗਈ ਤਾਂ ਪੰਜਾਬ ਨਹੀਂ ਬਚ ਸਕੇਗਾ। ਪੰਜਾਬ ਦੀਆਂ ਰਾਜਸੀ ਪਾਰਟੀਆਂ ਪ੍ਰਵਾਸੀ ਪੰਜਾਬੀਆਂ ਨੂੰ ਏ ਟੀ ਐਮ ਸਮਝਦੀਆਂ ਹਨ ਜਿਸ ਨਾਲ ਉਥੋਂ ਦੇ ਮੁਲਕਾਂ ਤੇ ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤੇ ਵਿਗੜਦੇ ਹਨ। ਇਸ ਕਰਕੇ ਕਈ ਮੁਲਕਾਂ ਨੂੰ ਇਸ ਤਰ੍ਹਾਂ ਦੀ ਫੰਡਿਗ ‘ਤੇ ਪਾਬੰਦੀ ਵੀ ਲਾਉਣੀ ਪਈ। ਕੇਹਰ ਸ਼ਰੀਫ਼ ਨੇ ਇਤਰਾਜ ਕੀਤਾ ਕਿ ਜਿਹੜਾ ਪ੍ਰਵਾਸੀ ਪੰਜਾਬ ਵਿੱਚ ਜਾਕੇ ਖੇਡਾਂ ਜਾਂ ਸਿਹਤ ਸੇਵਾਵਾਂ ਕਰਕੇ ਢੌਂਗ ਕਰਦੇ ਹਨ ਉਹਨਾ ਵਿਚੋਂ ਕਈਆਂ ਦਾ ਇਧਰਲਾ ਪਿਛੋਕੜ ਬਹੁਤ ਚੰਗਾ ਨਹੀਂ ਹੁੰਦਾ। ਉਹਨਾ ਨੇ ਪੰਜਾਬੀ ਲੋਕਾਂ ਵਿੱਚ ਗਦਰ ਦੀ ਲਹਿਰ ਚਲਾਉਣ ਤੇ ਵੀ ਜ਼ੋਰ ਦਿੱਤਾ। ਡਾ: ਐਸ.ਪੀ. ਸਿੰਘ ਨੇ ਦੱਸਿਆ ਕਿ ਪ੍ਰਵਾਸੀਆਂ ਨੇ ਆਪਣੀ ਜਨਮ ਭੂਮੀ ਨੂੰ ਆਪਣੀ ਮਾਨਸਿਕਤਾ ਦਾ ਹਿੱਸਾ ਬਣਾਇਆ ਹੋਇਆ ਹੈ। ਪ੍ਰਵਾਸੀਆਂ ਦੇ ਆਪਣੇ ਮੁਲਕਾਂ ਵਿੱਚ ਜੋ ਵਾਪਰਦਾ ਹੈ ਉਹ ਉਹਨਾ ਦੀ ਪ੍ਰਵਾਸ ਦੀ ਜ਼ਿੰਦਗੀ ਤੇ ਵੀ ਪ੍ਰਭਾਵ ਪਾਉਂਦਾ ਹੈ। ਰਾਜਨੀਤਕ ਪਾਰਟੀਆਂ ਨੂੰ ਤਾਂ ਉਹਨਾ ਦੇ ਡਾਲਰਾਂ ਦੀ ਲੋੜ ਹੁੰਦੀ ਹੈ। ਪ੍ਰਵਾਸੀ ਪੰਜਾਬ ਵਿੱਚ ਚਲਦੀਆਂ ਸਾਰੀਆਂ ਲਹਿਰਾਂ ਨੂੰ ਆਪਣੇ ਪੈਸੇ ਨਾਲ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ। ਇਹ ਉਹਨਾ ਦਾ ਨਾਕਾਰਤਮਕ ਪੱਖ ਹੈ। ਬਹਿਸ ਵਿੱਚ ਡਾ: ਚਰਨਜੀਤ ਸਿੰਘ ਗੁੰਮਟਾਲਾ, ਜਗਦੀਪ ਕਾਹਲੋਂ, ਡਾ: ਆਸਾ ਸਿੰਘ, ਡਾ: ਸੁਖਪਾਲ ਸਿੰਘ ਨੇ ਵੀ ਹਿੱਸਾ ਲਿਆ।

ਅੰਤ ਵਿੱਚ ਸੁਖਵਿੰਦਰ ਕੰਬੋਜ ਨੇ ਉਠੇ ਸਵਾਲਾਂ ਦੇ ਵਿਸਥਾਰ ਪੂਰਵਕ ਜੁਆਬ ਦਿੱਤੇ ਅਤੇ ਗਿਆਨ ਸਿੰਘ ਡੀ ਪੀ ਆਰ ਓ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਤੋਂ ਇਲਾਵਾ ਡਾ: ਗਿਆਨ ਸਿੰਘ, ਕੇਹਰ ਸਰੀਫ, ਕੰਵਲਜੀਤ ਜਵੰਦਾ ਕੈਨੇਡਾ, ਡਾ: ਚਰਨਜੀਤ ਸਿੰਘ ਗੁੰਮਟਾਲਾ, ਡਾ: ਆਸਾ ਸਿੰਘ ਘੁੰਮਣ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਜਗਦੀਪ ਸਿੰਘ ਕਾਹਲੋਂ, ਮਨਦੀਪ ਸਿੰਘ, ਡਾ: ਮੁਹੰਮਦ ਇੰਦਰੀਸ, ਪ੍ਰੋ: ਰਣਜੀਤ ਧੀਰ ਯੂ.ਕੇ., ਵਰਿੰਦਰ ਸ਼ਰਮਾ ਐਮ.ਪੀ. ਯੂ.ਕੇ., ਡਾ: ਐਸ ਪੀ ਸਿੰਘ, ਸੁਰਿੰਦਰ ਮਚਾਕੀ, ਡਾ: ਸੁਖਪਾਲ ਸਿੰਘ, ਰਵਿੰਦਰ ਚੋਟ, ਗੁਰਚਰਨ ਨੂਰਪੁਰ, ਸੀਤਲ ਰਾਮ ਬੰਗਾ, ਐਸ ਐਲ ਵਿਰਦੀ , ਸ਼ਿਵਦੀਪ ਕੌਰ ਢੇਸੀ, ਬੰਸੋ ਦੇਵੀ, ਸੁਖਦੇਵ ਸਿੰਘ ਗੰਢਵਾ ਆਦਿ ਨੇ ਹਿੱਸਾ ਲਿਆ। ਪਰਵਿੰਦਰਜੀਤ ਸਿੰਘ ਇਸ ਵੈਬੀਨਾਰ ਦੇ ਹੋਸਟ ਸਨ।

Check Also

ਦਿਹਾਤੀ ਖੇਤਰ ਦੇ ਕੁਲੈਕਟਰ ਰੇਟਾਂ ਦੀਆਂ ਸੰਸ਼ੋਧਿਤ ਸੂਚੀਆਂ ਦੀ ਤਿਆਰੀ

ਚੰਡੀਗੜ੍ਹ: ਪੰਜਾਬ ਸਰਕਾਰ ਪੂਰੇ ਸੂਬੇ ’ਚ ਕੁਲੈਕਟਰ ਰੇਟ ਵਧਾਉਣ ਜਾ ਰਹੀ ਹੈ। ਵਧੇ ਹੋਏ ਕੁਲੈਕਟਰ …

Leave a Reply

Your email address will not be published. Required fields are marked *