ਅਮਰੀਕਾ ਦੇ ਇਸ ਹਸਪਤਾਲ ਦੇ ਕਰਮਚਾਰੀ ਕਰਨਗੇ ਨਿੱਜੀ ਪੈਨਿਕ ਬਟਨ ਦੀ ਵਰਤੋਂ

TeamGlobalPunjab
2 Min Read
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕੀ ਸਟੇਟ ਮਿਸੂਰੀ ਵਿੱਚ ਇੱਕ ਹਸਪਤਾਲ ਦੇ ਫਰੰਟ-ਲਾਈਨ ਕਰਮਚਾਰੀਆਂ ਨੂੰ ਉਹਨਾਂ ਵਿਰੁੱਧ ਹਮਲਿਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਣ ਤੋਂ ਬਾਅਦ ਨਿੱਜੀ ਪੈਨਿਕ ਬਟਨ ਮੁਹੱਈਆ ਕਰਵਾਏ ਜਾ ਰਹੇ ਹਨ। ਮਿਸੂਰੀ ਦੇ ਬ੍ਰੈਨਸਨ ਸ਼ਹਿਰ ਵਿਚਲੇ ਕਾਕਸ ਮੈਡੀਕਲ ਸੈਂਟਰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਕੰਮ ਕਰ ਰਹੇ 300 ਤੋਂ 400 ਸਟਾਫ ਮੈਂਬਰਾਂ ਦੇ  ਬੈਜਾਂ ਵਿੱਚ ਇਹ ਬਟਨ ਪਾਏ ਜਾਣਗੇ। ਜੇਕਰ ਉਹ ਕਿਸੇ ਮੁਸੀਬਤ ਵਿੱਚ ਹਨ, ਤਾਂ ਉਹ ਇਹ ਬਟਨ  ਦਬਾ ਸਕਦੇ ਹਨ, ਜੋ ਕਿ ਹਸਪਤਾਲ ਦੇ ਕੰਪਿਊਟਰਾਂ ਤੇ ਸੁਰੱਖਿਆ ਸਿਸਟਮ ਨੂੰ ਅਲਰਟ ਕਰਦਾ ਹੈ। ਇਸਦੇ ਨਾਲ ਹੀ ਇਸ ਨਾਲ ਕਰਮਚਾਰੀ ਦੀ ਸਹੀ ਸਥਿਤੀ ਵੀ ਦਿਖਾਈ ਦਿੰਦੀ ਹੈ।
ਹਸਪਤਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ ਬਟਨ ਪ੍ਰਣਾਲੀ ਸਾਲ ਦੇ ਅੰਤ ਤੱਕ ਲਾਗੂ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਹਸਪਤਾਲ ਦੇ ਕਰਮਚਾਰੀਆਂ ਵਿਰੁੱਧ ਹਮਲਿਆਂ ਵਿੱਚ ਤੇਜ਼ੀ ਆਈ ਹੈ।  2019 ਅਤੇ 2020 ਦੇ ਵਿਚਕਾਰ, ਕਾਕਸ ਮੈਡੀਕਲ ਸੈਂਟਰ ਦੀਆਂ ਕੁੱਲ ਹਿੰਸਕ ਘਟਨਾਵਾਂ 94 ਤੋਂ 162 ਤੱਕ ਅਤੇ ਕੁੱਲ ਹਮਲੇ 40 ਤੋਂ 123 ਤੱਕ ਵਧੇ ਹਨ।
ਹਸਪਤਾਲ ਦੇ ਅਨੁਸਾਰ, ਜ਼ਿਆਦਾਤਰ ਹਮਲੇ ਮਰੀਜ਼ਾਂ ਵੱਲੋਂ ਹੁੰਦੇ ਹਨ ਅਤੇ ਸਟਾਫ ਨੇ ਕਈ ਮਹਿਮਾਨਾਂ ਨੂੰ ਵੀ ਹਿੰਸਕ ਹੁੰਦੇ ਵੀ ਵੇਖਿਆ ਹੈ। ਕਾਕਸ ਮੈਡੀਕਲ ਸੈਂਟਰ ਵਿਖੇ ਸੁਰੱਖਿਆ ਬਟਨ ਸਿਸਟਮ ਨੂੰ ਸਕੈਗਸ ਫਾਉਂਡੇਸ਼ਨ ਦੀ 132,000 ਡਾਲਰ ਦੀ ਗ੍ਰਾਂਟ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।
ਮਿਸੂਰੀ ਹਸਪਤਾਲ ਐਸੋਸੀਏਸ਼ਨ ਦੇ ਅਨੁਸਾਰ, ਹੋਰ ਹਸਪਤਾਲ ਵੀ ਸਮਾਨ ਉਪਕਰਣਾਂ ਦੀ ਵਰਤੋਂ ਕਰ ਰਹੇ ਹਨ, ਜਿਹਨਾਂ ਵਿੱਚ ਬਾਡੀ ਕੈਮਰੇ ਆਦਿ ਸ਼ਾਮਲ ਹਨ।

TAGGED:
Share this Article
Leave a comment