ਅਮਨ ਅਰੋੜਾ ਤੇ ਹਰਪਾਲ ਚੀਮਾਂ ਵਿਚਕਾਰਲੇ ਫਾਸਲੇ ਹੋਣ ਲੱਗੇ ਜੱਗ ਜ਼ਾਹਿਰ, ਆਹ ਦੇਖੋ ਕੀ ਕਹਿਤਾ ਦੋਵਾਂ ਨੇ

TeamGlobalPunjab
7 Min Read

ਅਬੋਹਰ : ਜਿਸ ਦਿਨ ਤੋਂ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਅੰਦਰੋਂ ਵਿਰੋਧੀ ਧਿਰ ਦੇ ਆਗੂ ਵਾਲੇ ਆਹੁਦੇ ਤੋਂ ਹਟਾਇਆ ਹੈ ਉਸ ਦਿਨ ਤੋਂ ਆਪ ਅੰਦਰ ਅਜਿਹਾ ਘਮਾਸਾਨ ਸ਼ੁਰੂ ਹੋਇਆ ਹੈ ਕਿ ਹੁਣ ਤੱਕ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਉਸ ਤੋਂ ਬਾਅਦ ਭਾਵੇਂ ਵਿਧਾਇਕ ਜੈ ਕ੍ਰਿਸ਼ਨ ਅਰੋੜੀ ਦੀ ‘ਆਪ’ ਵਿੱਚ ਘਰ ਵਾਪਸੀ ਹੋ ਗਈ ਸੀ ਇਸ ਦੇ ਬਾਵਜੂਦ ਕੰਵਰ ਸੰਧੂ ਸਣੇ ਚਾਰ ਵਿਧਾਇਕ ਅਜੇ ਵੀ ਬਗਾਵਤੀ ਸੁਰ ਅਪਣਾਈ ਬੈਠੇ ਹਨ ਤੇ ਸੁਖਪਾਲ ਖਹਿਰਾ ਤੋਂ ਇਲਾਵਾ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਬਣਾ ਲਈ ਹੈ। ਹਾਲਾਤ ਇਹ ਹਨ  ਕਿ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਅਸਤੀਫਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਤੇ ਜਿਹੜੇ ਬਾਕੀ ਬਚੇ ਹਨ ਉਨ੍ਹਾ ਵਿੱਚ ਵੀ ਧੜ੍ਹੇਬੰਦੀਆਂ ਸਾਫ ਦਿਖਾਈ ਦਿੰਦੀਆਂ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਰਿਹਾਇਸ਼ ‘ਤੇ ਹਮਲਾ ਕਰਨ ਦਾ ਦੋਸ਼ ਝੱਲ ਰਹੇ ‘ਆਪ’ ਆਗੂ ਰਮੇਸ਼ ਸੋਨੀ ਨੂੰ ਅਮਨ ਅਰੋੜਾ ਨੇ ਤਾਂ ਪਹਿਚਾਣਨ ਤੋਂ ਵੀ ਇਨਕਾਰ ਕਰ ਦਿੱਤਾ ਜਦਕਿ ਹਰਪਾਲ ਚੀਮਾਂ ਨੇ ਰਮੇਸ਼ ਸੋਨੀ ‘ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਟਿੱਪਣੀ ਕਰਦਿਆਂ ਕਿਹਾ ਹੈ ਕਿ ‘ਆਪ’ ਕਿਸੇ ਵੀ ਆਗੂ ਜਾਂ ਵਰਕਰ ਨੂੰ ਅਜਿਹੀ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਤੇ ਉਹ ਖੁਦ ਵੀ ਇਸ ਘਟਨਾ ਦੀ ਨਿੰਦਾ ਕਰਦੇ ਹਨ। ਦੋਵਾਂ ਆਗੂਆਂ ਵੱਲੋਂ ਦਿੱਤੇ ਗਏ ਇਹ ਅੱਡ ਅੱਡ ਬਿਆਨ ਸਾਬਤ ਕਰਦੇ ਹਨ ਕਿ ਪਾਰਟੀ ਅੰਦਰ ਸਭ ਕੁਝ ਠੀਕ ਠਾਕ ਨਹੀਂ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਰਿਹਾਇਸ਼ ਅੰਦਰ ਜ਼ਬਰਦਸਤੀ ਦਾਖਲ ਹੋਣ, ਉੱਥੇ ਪੈਟਰੋਲ ਬੰਬ ਨਾਲ ਅੱਗ ਲਾਉਣ ਅਤੇ ਇੱਟਾਂ ਪੱਥਰਾਂ ਨਾਲ ਹਮਲਾ ਕਰਨ ਦੇ ਦੋਸ਼ਾਂ ਤਹਿਤ ‘ਆਪ’ ਦੇ ਹਲਕਾ ਅਬੋਹਰ ਅੰਦਰਲੇ ਬਲਾਕ ਪ੍ਰਧਾਨ ਰਾਮੇਸ਼ ਸੋਨੀ ਨੂੰ ਇੱਥੋਂ ਦੀ ਥਾਣਾ ਸੀਟੀ 2 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਰਮੇਸ਼ ਸੋਨੀ ‘ਤੇ ਇਹ ਦੋਸ਼ ਸਨ ਕਿ ਉਨ੍ਹਾਂ ਦੀ ਪਤਨੀ ਵੱਲੋਂ ਸਥਾਨਕ ਸਰਕਾਰਾਂ ਦੀ ਇੱਕ ਚੋਣ ਵਿੱਚ ਕਾਗਜ ਰੱਦ ਹੋਣ ਦੇ ਰੋਸ ਵਜੋਂ ਉਨ੍ਹਾਂ ਨੇ ਨਸ਼ਾ ਕਰਕੇ ਉਕਤ ਕਾਰਵਾਈ ਕੀਤੀ ਸੀ। ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਹਰਪਾਲ ਚੀਮਾਂ ਅਤੇ ਅਮਨ ਅਰੋੜਾ ਵੱਲੋਂ ਮੀਡੀਆ ਅੱਗੇ ਅਲੱਗ ਅਲੱਗ ਬਿਆਨਬਾਜ਼ੀ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੋਵਾਂ ਆਗੂਆਂ ਵਿਚਲੇ ਫਾਸਲੇ ਖੁੱਲ੍ਹ ਕੇ ਸਾਹਮਣੇ ਆ ਗਏ ਹਨ।

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਵਿਚ ਅਮਨ ਅਰੋੜਾ ਅਤੇ ਹਰਪਾਲ ਚੀਮਾਂ ਵੱਲੋਂ ਅਲੱਗ ਅਲੱਗ ਬਿਆਨਬਾਜ਼ੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਅਮਨ ਅਰੋੜਾ ਵੱਖਰੇ ਅਤੇ ਹਰਪਾਲ ਚੀਮਾਂ ਵੱਖਰੇ ਤੌਰ ‘ਤੇ ਬਿਆਨਬਾਜ਼ੀਆਂ ਕਰਦੇ ਆ ਰਹੇ ਹਨ ਤੇ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿਖੇ ‘ਆਪ’ ਵਿਧਾਇਕ ਦਲ ਦੀ ਮੀਟਿੰਗ ਵਿੱਚ ਹਰਪਾਲ ਚੀਮਾਂ ਵੱਲੋਂ ਦਿੱਤੇ ਗਏ ਸੱਦੇ ਦੌਰਾਨ ਅਮਨ ਅਰੋੜਾ ਨੂੰ ਨਹੀਂ ਬੁਲਾਇਆ ਗਿਆ ਸੀ। ਜਿਸ ਦਾ ਅਮਨ ਅਰੋੜਾ ਨੇ ਇੰਨਾ ਬੁਰਾ ਮਨਾਇਆ ਸੀ  ਕਿ ਉਨ੍ਹਾਂ ਨੇ ਪਾਰਟੀ ਪੱਧਰ ਨੂੰ ਛੱਡ ਕੇ ਆਪਣੇ ਪੱਧਰ ‘ਤੇ ਪੱਤਰਕਾਰ ਸੰਮੇਲਨ ਕਰਨੇ ਸ਼ੁਰੂ ਕਰ ਦਿੱਤੇ ਸਨ। ਹਾਲਾਂਕਿ ਹਰਪਾਲ ਚੀਮਾਂ ਨੇ  ਇਹ ਕਹਿ ਕੇ ਇਸ ਗੱਲ ‘ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਭ ਅਣਜਾਣੇ ਵਿੱਚ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਦੋਵਾਂ ਆਗੂਆਂ ਵਿਚਕਾਰ ਇਹ ਤਲਖੀ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਪਿਛਲੇ ਸਮੇਂ ਦੌਰਾਨ ਗਲੋਬਲ ਪੰਜਾਬ ਟੀਵੀ ਦੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਅਮਨ ਅਰੋੜਾ ਨੇ ਇਹ ਕਹਿ ਕੇ ਦੱਬ ਕੇ ਭੜਾਸ ਕੱਢੀ ਸੀ। ਉਸ ਵੇਲੇ ਅਮਨ ਅਰੋੜਾ ਨੇ ਵੀ ਇਹ ਤਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਅੰਦਰ ਕਿਸੇ ਨਾਲ ਕੋਈ ਲੜਾਈ ਨਹੀਂ ਹੈ, ਪਰ ਜਦੋਂ ਉਨ੍ਹਾਂ ਨੂੰ ਪਾਰਟੀ ਦੇ ਭਲੇ ਸਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਪੁੱਛਿਆ ਗਿਆ ਹੈ ਤਾਂ ਉਹ ਆਪਣੇ ਸ਼ਬਦਾਂ ਨੂੰ ਰੋਕ ਨਹੀਂ ਪਾਏ ਤੇ ਕਹਿਣ ਲੱਗੇ ਕਿ ਸਾਨੂੰ ਵਿਧਾਨ ਸਭਾ ਚੋਣਾਂ ਜਿੱਤਿਆਂ ਢਾਈ ਸਾਲ ਦੇ ਕਰੀਬ ਸਮਾਂ ਹੋ ਚੱਲਿਆ ਹੈ ਤੇ ਹੁਣ ਸਾਨੂੰ ਇਸ ਗੱਲ ਦਾ ਜਰੂਰ ਅਹਿਸਾਸ ਹੋਣਾ ਚਾਹੀਦਾ ਹੈ, ਕਿ ਅਸੀ਼ 25 ਪ੍ਰਤੀਸ਼ਤ ਵੋਟ ਬੈਂਕ ਤੋਂ ਘਟ ਕੇ ਅਸੀਂ 7 ਪ੍ਰਤੀਸ਼ਤ ਵੋਟ ਬੈਂਕ ‘ਤੇ ਕਿਉਂ ਆ ਗਏ ਹਾਂ? ਤੇ ਉਸ 7 ਪ੍ਰਤੀਸ਼ਤ ਵਿੱਚੋਂ ਵੀ ਜੇਕਰ ਭਗਵੰਤ ਮਾਨ ਦਾ 4 ਪ੍ਰਤੀਸ਼ਤ ਵੋਟ ਬੈਂਕ ਨਿੱਕਲ ਜਾਵੇ ਤਾਂ ਅਸੀਂ ਕਿੱਥੇ ਖੜ੍ਹੇ ਹਾਂ ? ਉਹ ਸਵਾਲ ਕਰਦੇ ਹਨ ਕਿ, ਕੀ ਅਸੀਂ ਸਿਰਫ ਇੰਨੇ ਘੱਟ ਵੋਟ ਬੈਂਕ ਨਾਲ ਅਗਲੀਆਂ ਚੋਣਾਂ ਵਿੱਚ ਲੋਕਾਂ ਕੋਲ ਜਾ ਸਕਦੇ ਹਾਂ? ਅਰੋੜਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਇਹ ਜਜਬਾਤ ਕਦੇ ਲਕੋਏ ਨਹੀਂ ਹਨ ਤੇ ਹਮੇਸ਼ਾ ਪਾਰਟੀ ਪੱਧਰ ‘ਤੇ ਵੀ ਇਨ੍ਹਾਂ ਜਜਬਾਤਾਂ ਨੂੰ ਰੱਖਿਆ ਹੈ। ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਅਮਨ ਅਰੋੜਾ ਅਨੁਸਾਰ ਇਸ ਵੇਲੇ ਉਹ ਜਿਸ ਥਾਂ ‘ਤੇ ਹਨ ਇੱਥੇ ਪਹੁੰਚਣ ਲਈ ਉਨ੍ਹਾਂ ਨੂੰ 17 ਸਾਲ ਦਾ ਲੰਮਾਂ ਸਿਆਸੀ ਸਫਰ ਤੈਅ ਕਰਨਾ ਪਿਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਕਿਤੇ ਪਾਰਟੀ ਨੂੰ ਪਹੁੰਚ ਰਹੇ ਨੁਕਸਾਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਉਨ੍ਹਾਂ ਵੱਲੋਂ ਕਹੇ ਗਏ ਸ਼ਬਦ ਕੁਝ ਲੋਕਾਂ ਨੂੰ ਚੁਭਦੇ ਤਾਂ ਜਰੂਰ ਹਨ, ਪਰ ਉਹ ਕਹਿੰਦੇ ਸਿਰਫ ਉਹੀ ਹਨ ਜੋ ਉਹ ਮਹਿਸੂਸ ਕਰਦਾ ਹਾਂ ਕਿਉਂਕਿ ਉਹ ਪਾਰਟੀ ਦੇ ਇੱਕ ਵਫਾਦਾਰ ਸਪਾਹੀ ਹਨ। ਅਮਨ ਅਰੋੜਾ ਨੇ ਇੱਥੇ ਚੇਤਾਵਨੀ ਵੀ ਦਿੱਤੀ ਸੀ ਕਿ ‘ਆਪ’ ਵਾਲਿਆਂ ਨੂੰ ਸਮਾਂ ਰਹਿੰਦਿਆਂ ਜਾਗਣ ਦੀ ਲੋੜ ਹੈ, ਤਾਂ ਕਿ ਜਿਹੜੇ ਲੋਕ ਉਨ੍ਹਾਂ ਦੀ ਪਾਰਟੀ ਵੱਲ ਤੀਜਾ ਬਦਲ ਦੇਣ ਦੀ ਉਮੀਦ ਨਾਲ ਝਾਕ ਰਹੇ ਹਨ, ਉਹ ਨਾ ਉਮੀਦ ਨਾ ਹੋ ਜਾਣ।

ਕੁੱਲ ਮਿਲਾ ਕੇ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਜੇਕਰ ਕੜੀ-ਦਰ-ਕੜੀ ਜੋੜ ਕੇ ਦੇਖਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਵੀ ‘ਆਪ’ ਵਾਲਿਆਂ ਨੇ ਆਪਣੀ ਪਹਿਲਾਂ ਵਾਲੀ ਅੰਦਰੂਨੀ ਲੜਾਈ ਤੋਂ ਕੋਈ ਸਬਕ ਨਹੀਂ ਲਿਆ ਤੇ ਇਸ ਲੜਾਈ ਨੂੰ ਦੇਖ ਕੇ ਹੁਣ ਲੋਕ ਵੀ ਇਹ ਸਵਾਲ ਕਰਨ ਲੱਗ ਪਏ ਹਨ ਕਿ, ਕੀ ਇੱਦਾਂ ਦੇ ਹੁੰਦੇ ਹਨ ਆਮ ਆਦਮੀ ਤੇ ਜੇਕਰ ਇੱਦਾਂ ਦੇ ਹੁੰਦੇ ਹਨ ਤਾਂ ਫਿਰ ਤਾਂ ਪੁਰਾਣੇ ਵਾਲੇ ਖਾਸ ਆਦਮੀ ਹੀ ਠੀਕ ਹਨ ਉਹ ਘੱਟੋ ਘੱਟ ਇਕੱਠੇ ਮਿਲ ਕੇ ਤਾਂ ਰਹਿੰਦੇ ਹਨ, ਇੱਥੇ ਤਾਂ ਇਹ ਵੀ ਨਹੀਂ ਪਤਾ ਕਿ ਅੱਜ ਵੋਟ ਪਾ ਕੇ ਅਸੀਂ ਕਿਸੇ ਨੂੰ ਵਿਧਾਇਕ ਚੁਣੀਏ ਤੇ ਕੱਲ੍ਹ ਨੂੰ ਅਗਲਾ ਪਾਲਾ ਬਦਲ ਕੇ ਕੋਈ ਆਪਣੀ ਪਾਰਟੀ ਬਣਾਈ ਬੈਠਾ ਹੋਵੇ? ਤੇ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਰਿਹਾ ਹੋਵੇ?

- Advertisement -

Share this Article
Leave a comment