ਲੁਧਿਆਣਾ : ਪੀ.ਏ.ਯੂ. ਵਿੱਚ ਅੱਜ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਸਾਉਣੀ ਦੀ ਫ਼ਸਲਾਂ ਲਈ ਪਸਾਰ ਅਤੇ ਖੋਜ ਮਾਹਿਰਾਂ ਦੀ ਵਰਕਸ਼ਾਪ ਆਰੰਭ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਏਰੀ ਨੇ ਕਿਹਾ ਕਿ ਇਹ ਵਰਕਸ਼ਾਪ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਦੇ ਮਾਹਿਰਾਂ, ਅਫ਼ਸਰਾਂ ਵਿਚਕਾਰ ਸੰਵਾਦ ਰਚਾਉਣ ਲਈ ਅਤੇ ਆਪਣੇ ਮਿਥੇ ਖੇਤੀ ਏਜੰਡੇ ਨੂੰ ਅੱਗੇ ਤੋਰਨ ਲਈ ਬਿਹਤਰੀਨ ਪਲੇਟਫਾਮ ਹੈ ਜਿੱਥੇ ਅਸੀਂ ਆਉਣ ਵਾਲੇ ਸਮੇਂ ਦੇ ਟੀਚੇ ਨੂੰ ਪਾਉਣ ਲਈ ਪ੍ਰੋਗਰਾਮ ਵਿਉਂਤ ਸਕਦੇ ਹਾਂ ਅਤੇ ਪੰਜਾਬ ਦੀ ਕਿਸਾਨੀ ਦੀ ਬਿਹਤਰ ਸੇਵਾ ਕਰਨੀ ਯਕੀਨੀ ਬਣਾ ਸਕਦੇ ਹਾਂ। ਡਾ. ਏਰੀ ਨੇ ਕਿਹਾ ਕਿ ਉਤਪਾਦਨ ਤੋਂ ਅਗਾਂਹ ਹੁਣ ਸੂਖਮ ਯੋਜਨਾਬੰਦੀ ਦਾ ਸਮਾਂ ਆ ਗਿਆ ਹੈ। ਉਹਨਾਂ ਕਿਹਾ ਕਿ ਮੱਕੀ ਅਤੇ ਨਰਮੇ ਦੇ ਖੇਤਰ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ। ਇਸ ਲਈ ਨਵੀਆਂ ਕਿਸਮਾਂ ਖੋਜਣ ਹਿਤ ਪੀ.ਏ.ਯੂ. ਮਾਹਿਰ ਯੋਗਦਾਨ ਪਾ ਸਕਦੇ ਹਨ।
ਪਿਛਲੇ ਸਾਲ ਮਿੱਟੀ ਦੇ 24 ਲੱਖ ਨਮੂਨੇ ਪਰਖੇ ਗਏ ਸਨ ਹੁਣ ਉਹਨਾਂ ਦੇ ਨਤੀਜਿਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੀ ਲੋੜ ਹੈ। ਡਾ. ਏਰੀ ਨੇ ਕਿਹਾ ਕਿ ਝੋਨੇ ਹੇਠਾਂ ਰਕਬਾ ਹਟਾ ਕੇ ਪਾਣੀ ਬਚਾਉਣ ਲਈ ਬਾਜਰਾ, ਦਾਲਾਂ, ਬਾਸਮਤੀ, ਸਾਉਣੀ ਤੇਲ ਬੀਜਾਂ ਆਦਿ ਬਾਰੇ ਮਿੱਥੇ ਟੀਚੇ ਹਾਸਲ ਕਰਨਾ ਦੋਵਾਂ ਸੰਸਥਾਵਾਂ ਦੀ ਪਹਿਲ ਹੋਵੇਗੀ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਪੀ.ਏ.ਯੂ. ਵੱਲੋਂ ਵਿਕਸਿਤ/ਸਿਫ਼ਾਰਿਸ਼ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਪੇਸ਼ ਕੀਤੀਆਂ। ਉਹਨਾਂ ਨੇ ਦੱਸਿਆ ਕਿ ਝੋਨੇ ਦੀਆਂ ਤਿੰਨ ਨਵੀਆਂ ਕਿਸਮਾਂ ਆਰ ਵਾਈ ਟੀ-3437, ਆਰ ਵਾਈ ਟੀ-3468 ਅਤੇ ਐਚ ਕੇ ਆਰ-47 ਦੇ ਨਾਲ-ਨਾਲ ਮੱਕੀ ਦੀ ਕਿਸਮ ਜੇ ਸੀ-12 ਅਤੇ ਮੂੰਗਫਲੀ ਦੀ ਕਿਸਮ ਜੇ-87, ਬਾਜਰੇ ਦੀ ਕਿਸਮ ਪੀ ਸੀ ਬੀ-165 ਅਤੇ ਚਾਰੇ ਵਾਲੀ ਮੱਕੀ ਜੇ-1007 ਬਾਰੇ ਗੱਲ ਕੀਤੀ। ਨਵੀਆਂ ਉਤਪਾਦਨ ਤਕਨੀਕਾਂ ਅਤੇ ਸੁਰੱਖਿਆ ਤਕਨਾਲੋਜੀ ਤੋਂ ਵੀ ਜਾਣੂੰ ਕਰਵਾਇਆ। ਪੌਦ ਸੁਰੱਖਿਆ ਤਕਨੀਕਾਂ ਵਿੱਚ ਡਾ. ਬੈਂਸ ਨੇ ਨਰਮੇ ਦੇ ਪੱਤਿਆਂ ਉਪਰ ਉਲੀ ਦੇ ਧੱਬਿਆਂ, ਨਰਮੇ ਦੀ ਭੂਰੀ ਜੂੰਅ ਅਤੇ ਮੱਕੀ ਦੇ ਫਾਲ ਆਰਮੀਵਰਮ ਦੀ ਰੋਕਥਾਮ ਲਈ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ।
ਇਸ ਤੋਂ ਬਿਨਾਂ ਝੋਨੇ, ਕਮਾਦ, ਸੂਰਜਮੁਖੀ ਆਦਿ ਫ਼ਸਲਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਤੋਂ ਵੀ ਪਸਾਰ ਅਤੇ ਖੋਜ ਮਾਹਿਰਾਂ ਨੂੰ ਜਾਣੂੰ ਕਰਵਾਇਆ ਗਿਆ ।
ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੇ ਆਰੰਭ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ. ਸੁਰਿੰਦਰ ਕੁੱਕਲ ਨੇ ਆਏ ਮਹਿਮਾਨਾਂ, ਮਾਹਿਰਾਂ, ਵਿਗਿਆਨੀਆਂ ਦਾ ਸਵਾਗਤ ਕੀਤਾ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਇਹ ਵਰਕਸ਼ਾਪ ਲੱਗ ਰਹੀ ਹੈ, ਡਾ. ਜਸਕਰਨ ਸਿੰਘ ਮਾਹਲ ਨੇ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ, ਕਰਮੀਆਂ ਅਤੇ ਪੀ.ਏ.ਯੂ. ਦੇ ਮਾਹਿਰਾਂ ਅਤੇ ਵਿਗਿਆਨੀਆਂ ਨੂੰ ਇਸ ਮੌਕੇ ਭਰਪੂਰ ਸੰਵਾਦ ਰਚਾਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਨ ਦੇ ਮਾਮਲੇ ਵਿੱਚ ਕਿਸਾਨਾਂ ਨੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਉਪਰ ਅਮਲ ਕੀਤਾ ਹੈ। ਇਸੇ ਦਿਸ਼ਾ ਵਿੱਚ ਫਾਲ ਆਰਮੀਵਰਮ ਦੇ ਸੰਭਾਵੀ ਖਤਰੇ ਲਈ ਵੀ ਡਟ ਕੇ ਕੰਮ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਇਸ ਵਰਕਸ਼ਾਪ ਦੇ ਦੋ ਦਿਨਾਂ ਦੌਰਾਨ ਚਾਰ ਟੈਕਨੀਕਲ ਸੈਸ਼ਨ ਹੋਣਗੇ ਜਿਨ੍ਹਾਂ ਵਿੱਚ ਵੱਖ-ਵੱਖ ਖੇਤੀ ਮੁੱਦਿਆਂ ‘ਤੇ ਮਾਹਿਰ ਵਿਗਿਆਨੀ ਆਪਣੀਆਂ ਪੇਸ਼ਕਾਰੀਆਂ ਦੇਣਗੇ। ਪਸਾਰ ਮਾਹਿਰ ਅਤੇ ਖੇਤੀਬਾੜੀ ਵਿਭਾਗ ਦੇ ਅਫ਼ਸਰ ਆਪਣੇ ਇਲਾਕਿਆਂ ਵਿੱਚੋਂ ਮਿਲੀ ਫੀਡਬੈਕ ਇੱਥੇ ਸਾਂਝੀ ਕਰਨਗੇ ਤਾਂ ਜੋ ਖੇਤੀ ਖੋਜ ਨੂੰ ਉਸ ਅਨੁਸਾਰ ਦਿਸ਼ਾ ਦਿੱਤੀ ਜਾ ਸਕੇ। ਇਹਨਾਂ ਵਿੱਚ ਝੋਨੇ ਅਤੇ ਨਰਮੇ, ਸਾਉਣੀ ਦੇ ਤੇਲਬੀਜਾਂ, ਚਾਰੇ, ਦਾਲਾਂ, ਮੱਕੀ, ਕਮਾਦ, ਖੇਤੀ ਇੰਜਨੀਅਰਿੰਗ ਅਤੇ ਖੇਤੀ ਅਰਥ ਸਾਸ਼ਤਰ ਬਾਰੇ ਵਿਚਾਰ ਹੋਣਗੇ।
ਸਮੁੱਚੀ ਟੀਮ ਵੱਲੋਂ ਤਜ਼ਰਬੇ ਅਧੀਨ ਖੇਤਾਂ ਦਾ ਦੌਰਾ ਵੀ ਕੀਤਾ ਜਾਵੇਗਾ। ਇਸ ਮੌਕੇ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਪੜ੍ਹੀ ਅਤੇ ਉਸ ਉਪਰ ਨਿੱਠ ਕੇ ਵਿਚਾਰ-ਚਰਚਾ ਹੋਈ।
ਸਾਉਣੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ ਆਰੰਭ
Leave a Comment
Leave a Comment

