ਅੰਮ੍ਰਿਤਸਰ : ਨਸ਼ਾ ਤਸਕਰੀ ਦੇ ਸਬੰਧ ਵਿਚ ਦਰਜ ਐੱਫਆਈਆਰ ‘ਚ ਨਾਂ ਆਉਣ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹਲਕੇ ਅਤੇ ਪੰਜਾਬ ਵਿੱਚੋਂ ਗਾਇਬ ਹਨ। ਜਿਸ ਤੋਂ ਬਾਅਦ ਕਿਸੇ ਸ਼ਰਾਰਤੀ ਤੱਤਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਪੋਸਟਰ ਲਗਾ ਕੇ ਵੀਡੀਓ ਵਾਇਰਲ ਕੀਤੀ ਗਈ।
ਬਿਕਰਮ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਦੇ ਮਹਾਨਗਰ ਵਿਚ ਵੱਖ-ਵੱਖ ਸਥਾਨਾਂ ’ਤੇ ਪੋਸਟਰ ਲੱਗ ਗਏ ਹਨ। ਇਹ ਰੰਗਦਾਰ ਪੋਸਟਰ ਸਰਕਟ ਹਾਊਸ ਤੋਂ ਲੈ ਕੇ ਕਚਹਿਰੀ ਚੌਕ ਤਕ ਕਾਫ਼ੀ ਗਿਣਤੀ ਵਿਚ ਲੱਗੇ ਹੋਏ ਹਨ। ਪੋਸਟਰ ਕਿਸ ਸੰਸਥਾਨ ਜਾਂ ਸਰਕਾਰੀ ਏਜੰਸੀ ਨੇ ਲਗਵਾਏ ਹਨ, ਇਸ ਦਾ ਵੀ ਪੋਸਟਰਾਂ ਉੱਤੇ ਕੋਈ ਜ਼ਿਕਰ ਨਹੀ ਹੈ। ਬਿਕਰਮ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਸਬੰਧੀ ਪੋਸਟਰ ਲੱਗਣ ਨਾਲ ਸ਼ਹਿਰ ‘ਚ ਖੂਬ ਚਰਚਾ ਹੋ ਰਹੀ ਹੈ।
ਦਸ ਦਈਏ ਕਿ ਪਿਛਲੇ ਮਹੀਨੇ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਸਬੰਧੀ ਐੱਫਆਈਆਰ ਦਰਜ ਹੋਈ ਸੀ। ਪੋਸਟਰ ’ਤੇ ਗੁੰਮਸ਼ੁਦਾ ਦੀ ਤਲਾਸ਼ ਵੀ ਲਿਖਿਆ ਹੋਇਆ ਹੈ ਅਤੇ ਨਾਂ ਸਿੱਧੇ ਤੌਰ ’ਤੇ ਨਸ਼ੇ ਨਾਲ ਜੋੜ ਦਿੱਤਾ ਗਿਆ ਹੈ। ਇਨ੍ਹਾਂ ਪੋਸਟਰਾਂ ’ਤੇ ਮਜੀਠੀਆ ਦੀ ਪਹਿਚਾਣ ਮਜੀਠਾ ਚਿੱਟੇ ਵਾਲਾ ਦੱਸਿਆ ਗਿਆ ਹੈ। ਪੋਸਟਰ ’ਤੇ ਉਮਰ 45 ਸਾਲ, ਰੰਗ ਸਾਂਵਲਾ ਅਤੇ ਕੱਦ ਛੇ ਫੁੱਟ ਚਾਰ ਇੰਚ ਦੱਸਿਆ ਗਿਆ ਹੈ। ਇਸ ’ਤੇ ਦੋਸ਼ ਪੰਜਾਬ ਵਿਚ ਨਸ਼ਾ ਲਿਆਉਣ ਵਾਲਾ ਦੱਸਿਆ ਗਿਆ ਹੈ। ਪੋਸਟਰ ’ਤੇ ਇਨਾਮ ਦੀ ਰਾਸ਼ੀ ਦੇ ਤੌਰ ’ਤੇ ਲਿਖਿਆ ਹੈ ਕਿ ਨਸ਼ਾ-ਮੁਕਤ ਪੰਜਾਬ। ਪੋਸਟਰ ਦੇ ਹੇਠਾਂ ਨੋਟ ਵੀ ਲਿਖਿਆ ਹੈ ਕਿ ਬਿਕਰਮ ਮਜੀਠੀਆ ਕਿਤੇ ਵੀ ਦਿਸੇ ਤਾਂ ਤੁਰੰਤ ਨਜ਼ਦੀਕ ਦੇ ਪੁਲਿਸ ਸਟੇਸ਼ਨ ’ਤੇ ਸੂਚਿਤ ਕਰੋ।