ਪੰਚਕੂਲਾ: ਬਲਾਤਕਾਰ ਦੇ ਜ਼ੁਰਮ ‘ਚ ਸੁਨਾਰੀਆ ਜੇਲ੍ਹ ਅੰਦਰ ਬੰਦ ਡੇਰਾ ਮੁਖੀ ਰਾਮ ਰਹੀਮ ਦੇ ਖਿਲਾਫ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ਸਬੰਧੀ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਅਦਾਲਤ ਆਪਣਾ ਫੈਂਸਲਾ ਆਉਂਦੀ 11 ਤਾਰੀਖ ਨੂੰ ਸੁਣਾਉਣ ਜਾ ਰਹੀ ਹੈ । ਅਦਾਲਤ ਨੇ ਸਰਕਾਰ ਵੱਲੋਂ ਇਸ ਸਬੰਧੀ ਦਾਇਰ ਕੀਤੀ ਗਈ ਦਲੀਲ ਨਾਲ ਸਹਿਮਤ ਹੁੰਦਿਆਂ ਸੌਦਾ ਸਾਧ ਨੂੰ ਇਸ ਪੇਸ਼ੀ ਦੌਰਾਨ ਵੀਡੀਓ ਕਾਨਫਰੰਸਿੰਗ ਰਾਂਹੀ ਪੇਸ਼ ਕੀਤੇ ਜਾਣ ਸਬੰਧੀ ਆਪਣੀ ਸਹਿਮਤੀ ਦੇ ਦਿੱਤੀ ਗਈ ਹੈ।
ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਇਸ ਪੇਸ਼ੀ ਦੌਰਾਨ ਮਾਹੌਲ ਵਿਗੜਨ ਦੇ ਡਰੋਂ ਪਿਛਲੇ ਦਿਨੀ ਅਦਾਲਤ ‘ਚ ਇੱਕ ਅਰਜ਼ੀ ਦਾਇਰ ਕੀਤੀ ਸੀ ਕਿ ਕੀ ਅਦਾਲਤ ਰਾਮ ਰਹੀਮ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਂਹੀ ਕਬੂਲ ਕਰੇ ਕਿਉਂਕਿ 25 ਅਗਸਤ 2017 ਨੂੰ ਸੌਦਾ ਸਾਧ ਦੇ ਖਿਲਾਫ ਜਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੰਚਕੂਲਾ ਦੀ ਅਦਾਲਤ ਨੇ ਫੈਂਸਲਾ ਸੁਣਾਇਆ ਸੀ ਤਾਂ ਉਸ ਵੇਲੇ ਲੱਖਾਂ ਦੀ ਤਾਦਾਦ ਵਿੱਚ ਡੇਰਾ ਪ੍ਰੇਮੀ ਪੰਚਕੂਲੇ ਦੋ ਦਿਨ ਪਹਿਲਾਂ ਹੀ ਆਣ ਬੈਠੇ ਸਨ ਤੇ ਜਿਉਂ ਹੀ ਸੌਦਾ ਸਾਧ ਵਿਰੁੱਧ ਫੈਂਸਲਾ ਆਇਆ ਤਾ ਪ੍ਰੇਮੀਆਂ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ ਸੀ। ਇਸ ਦੌਰਾਨ ਕਈ ਬੰਦੇ ਮਾਰੇ ਗਏ, ਕਈ ਜ਼ਖਮੀ ਹੋਏ ਤੇ ਅਰਬਾਂ ਰੁਪਏ ਦੀ ਸਰਕਾਰੀ ਤੇ ਗੈਰ ਸਰਕਾਰੀ ਜਾਇਦਾਦ ਤਬਾਹ ਹੋ ਗਈ ਸੀ। ਇਸ ਮਾੜੇ ਤਜ਼ਰਬੇ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਅਦਾਲਤ ਨੂੰ ਸੌਦਾ ਸਾਧ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਂਹੀ ਕਬੂਲ ਕਰਨ ਦੀ ਦਲੀਲ ਦਿੱਤੀ ਸੀ ਜਿਸ ਨੂੰ ਅਦਾਲਤ ਨੇ ਮੰਨ ਲਿਆ ਹੈ ਤੇ ਹੁਣ ਇਸ ਪੇਸ਼ੀ ਦੌਰਾਨ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਂਹੀ ਤੇ ਉਸ ਦੇ ਸਹਿ ਮੁਲਜ਼ਮਾਂ ਨੂੰ ਅਦਾਲਤ ‘ਚ ਆਪ ਖੁਦ ਹਾਜ਼ਿਰ ਹੋਣਾਂ ਪਏਗਾ । ਇੱਥੇ ਇਹ ਵੀ ਦੱਸ ਦਈਏ ਕਿ ਮਾਹੌਲ ਵਿਗੜਨ ਦੇ ਡਰ ਤੋਂ ਸਰਕਾਰ ਨੇ ਪੰਚਕੂਲਾ ‘ਚ ਹਾਈ ਅਲਰਟ ਵੀ ਜ਼ਾਰੀ ਕੀਤਾ ਹੋਇਐ ।