ਚੰਡੀਗੜ੍ਹ : ਦੇਸ਼ ਅੰਦਰ ਭਾਜਪਾ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ । ਆਏ ਦਿਨ ਕੋਈ ਨਾ ਕੋਈ ਵਰਗ ਭਾਜਪਾ ਵਿਰੁੱਧ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉਤਰ ਆਉਂਦਾ ਹੈ। ਜਿੱਥੇ ਇਕ ਪਾਸੇ ਪਿਛਲੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਕਿਸਾਨ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਵੀ ਦੇਸ਼ ਅੰਦਰ ਵੱਖ ਵੱਖ ਥਾਈਂ ਪ੍ਰਦਰਸ਼ਨ ਹੋ ਰਹੇ ਹਨ । ਇਸੇ ਲੜੀ ਤਹਿਤ ਹੁਣ ਦੇਸ਼ ਦੇ ਵਪਾਰੀ ਵਰਗ ਵੱਲੋਂ ਵੀ ਜੀਐੱਸਟੀ ਨੂੰ ਲੈ ਕੇ ਦੇਸ਼ ਅੰਦਰ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
ਇਸ ਮਸਲੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ ਰਾਜ ਕੁਮਾਰ ਵੇਰਕਾ ਵੱਲੋਂ ਭਾਜਪਾ ‘ਤੇ ਤੰਜ਼ ਕੱਸਿਆ ਗਿਆ ਹੈ। ਵੇਰਕਾ ਦਾ ਕਹਿਣਾ ਹੈ ਕਿ ਅੱਜ ਭਾਜਪਾ ਸਰਕਾਰ ਤੋਂ ਹਰ ਵਰਗ ਤੰਗ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਾਜਪਾ ਨੂੰ ਕੇਂਦਰੀ ਭਾਜਪਾ ਦਾ ਸਾਥ ਛੱਡਦਿਆਂ ਪੰਜਾਬ ਦੇ ਨਾਲ ਖੜ੍ਹਨਾ ਚਾਹੀਦਾ ਹੈ । ਇਸ ਮੌਕੇ ਉਨ੍ਹਾਂ ਪਾਣੀਆਂ ਦੇ ਮਸਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਸ ਸਮੇਂ ਪਾਣੀਆਂ ਦੇ ਮਸਲੇ ਤੇ ਪੰਜਾਬ ਵਿਰੁੱਧ ਫੈਸਲਾ ਆਇਆ ਸੀ ਤਾਂ ਪੰਜਾਬ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਕਾਂਗਰਸ ਪਾਰਟੀ ਵੱਲੋਂ ਕੇਂਦਰ ਦੇ ਵਿਰੁੱਧ ਜਾ ਕੇ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਸੀ। ਡਾ ਵੇਰਕਾ ਨੇ ਕਿਹਾ ਕਿ ਅੱਜ ਪੰਜਾਬ ਭਾਜਪਾ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ। ਵੇਰਕਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕਰਨਾ ਤਾਂ ਉਹ ਪੰਜਾਬ ਛੱਡ ਕੇ ਯੂ ਪੀ ਚਲੇ ਜਾਣ।