ਵਾਰਾਣਸੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕੈਨੇਡਾ ਤੋਂ 108 ਸਾਲ ਬਾਅਦ ਦੇਸ਼ ਵਾਪਸ ਲਿਆਂਦੀ ਗਈ ਮਾਂ ਅੰਨਪੂਰਨਾ ਦੀ ਮੂਰਤੀ ਦੀ ਐਤਵਾਰ ਨੂੰ ਇੱਥੇ ਸਥਿਤ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ‘ਚ ਮੁੜ ਸਥਾਪਨਾ ਕਰਵਾਈ। ਲਗਭਗ ਅੱਧੇ ਘੰਟੇ ਤੱਕ ਚਲੀ ਪੂਜਾ ਦੌਰਾਨ ਰਾਜ ਦੇ ਸ਼ਹਿਰੀ ਵਿਕਾਸ ਮੰਤਰੀ ਆਸ਼ੂਤੋਸ਼ ਟੰਡਨ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੂਰਤੀ ਨੂੰ ਭਾਰਤ ਵਾਪਸ ਲਿਆਉਣ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ।
ਯੋਗੀ ਆਦਿੱਤਿਯਨਾਥ ਨੇ ਕਿਹਾ ਕਿ 108 ਸਾਲਾਂ ਬਾਅਦ, ਮਾਂ ਅੰਨਪੂਰਨਾ ਦੀ ਮੂਰਤੀ ਇੱਕ ਵਾਰ ਫਿਰ ਕਾਸ਼ੀ ਵਿੱਚ ਵਾਪਸ ਆਈ ਹੈ। ਇਸ ਦਾ ਸਿਹਰਾ ਕਾਸ਼ੀ ਤੋਂ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਮੈਂ ਕਾਸ਼ੀ ਅਤੇ ਰਾਜ ਦੇ ਹਰ ਕਿਸੇ ਦੀ ਤਰਫੋਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।
ਦਸ ਦਈਏ 108 ਸਾਲ ਪਹਿਲਾਂ ਵਾਰਾਣਸੀ ਤੋਂ ਮਾਂ ਅੰਨਪੂਰਨਾ ਦੀ ਪ੍ਰਾਚੀਨ ਮੂਰਤੀ ਚੋਰੀ ਹੋ ਗਈ ਸੀ।ਕਾਲਾਂਤਰ ‘ਚ ਮੂਰਤੀ ਤਸਕਰਾਂ ਵਲੋਂ ਇਸ ਨੂੰ ਕੈਨੇਡਾ ਭੇਜਿਆ ਗਿਆ।ਭਾਰਤ ਤੋਂ ਵਿਦੇਸ਼ਾਂ ‘ਚ ਲਿਜਾਈਆਂ ਗਈਆਂ ਵਿਰਾਸਤ ਵਸਤੂਆਂ ਦੀ ਵਾਪਸੀ ਦੇ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਮਾਂ ਅੰਨਪੂਰਨਾ ਦੀ ਮੂਰਤੀ ਨੂੰ ਦੇਸ਼ ਵਾਪਸ ਲਿਆ ਕੇ 11 ਨਵੰਬਰ ਨੂੰ ਉਤਰ ਪ੍ਰਦੇਸ਼ ਸਰਕਾਰ ਨੂੰ ਸੌਪਿਆ ਗਿਆ।