ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਪੁਲਵਾਮਾ ਅੱਤਵਾਦੀ ਹਮਲੇ ਨੂੰ ਭਿਣਕ ਸਥਿਤੀ ਕਰਾਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਰਿਪੋਰਟ ਦੇਖ ਰਹੇ ਹਨ ਤੇ ਜਲਦ ਹੀ ਇਸ ‘ਤੇ ਬਿਆਨ ਜਾਰੀ ਕਰਨਗੇ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਜੇ ਭਾਰਤ ਤੇ ਪਾਕਿਸਤਾਨ ਇਕੱਠੇ ਹੋਣ ਤਾਂ ਚੰਗਾ ਹੋਵੇਗਾ। ਦੱਸ ਦੇਈਏ ਕਿ ਅਮਰੀਕਾ ਤੋਂ ਇਲਾਵਾ ਇਸ ਹਮਲੇ ਦੇ ਸਬੰਧ ਵਿੱਚ ਫਰਾਂਸ ਤੇ ਇਜ਼ਰਾਈਲ ਵੀ ਭਾਰਤ ਨਾਲ ਖੜੇ ਹਨ।
ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰਾ ਰਾਬਰਟ ਪਲਾਡਿਨੋ ਨੇ ਕਿਹਾ ਕਿ ਭਾਰਤ ਨਾਲ ਅਮਰੀਕਾ ਦੀਆਂ ਸਿਰਫ ਸੰਵੇਦਨਾਵਾਂ ਹੀ ਨਹੀਂ ਬਲਕਿ ਭਾਰਤ ਨੂੰ ਅਮਰੀਕਾ ਦਾ ਪੂਰਾ ਸਮਰਥਨ ਹਾਸਲ ਹੈ। ਪਾਕਿਸਤਾਨ ਨੂੰ ਹਮਲੇ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਇਸ ਦੀ ਜਾਂਚ ਵਿੱਚ ਵੀ ਸਹਿਯੋਗ ਦੇਣਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਾਰੀਆਂ ਚੀਜ਼ਾਂ ’ਤੇ ਨਜ਼ਰ ਹੈ। ਉਨ੍ਹਾਂ ਕਈ ਰਿਪੋਰਟਾਂ ਵੇਖੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਹੀ ਸਮਾਂ ਆਉਣ ’ਤੇ ਇਸ ਸਬੰਧੀ ਬਿਆਨ ਦੇਣਗੇ। ਉਨ੍ਹਾਂ ਕਿਹਾ ਕਿ ਜੇ ਭਾਰਤ ਤੇ ਪਾਕਿਸਤਾਨ ਇਕੱਠੇ ਹੋਣ ਤਾਂ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਏਗੀ ।
ਦੱਸ ਦੇਈਏ 14 ਫਰਵਰੀ ਨੂੰ ਪੁਲਵਾਮਾ ‘ਚ ਭਾਰਤੀ ਫੌਜ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਸੀਆਰਪੀਐੱਫ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ ਜਦੋਂਕਿ ਪੰਜ ਜਖ਼ਮੀ ਹੋਏ ਸਨ ਇਹ ਇੱਕ ਆਤਮਘਾਤੀ ਹਮਲਾ ਸੀ। ਜਿਸਦੀ ਜ਼ਿੰਮੇਦਾਰੀ ਪਾਕਿਸਤਾਨ ਸਥਿਤ ਆਤੰਕੀ ਸੰਗਠਨ ਜੈਸ਼ – ਏ – ਮੁਹੰਮਦ ਨੇ ਲਈ ਹੈ । ਜਿਸਨੂੰ ਸੰਯੁਕਤ ਰਾਸ਼ਟਰ ਵੀ ਅੱਤਵਾਦੀ ਸੰਗਠਨ ਘੋਸ਼ਿਤ ਕਰ ਚੁੱਕਿਆ ਹੈ ।