ਲੁਧਿਆਣਾ : ਪੀ.ਏ.ਯੂ. ਵਿੱਚ ਅੱਜ ਭੋਜਨ ਸਪਲਾਈ ਪ੍ਰਣਾਲੀ ਦੇ ਢਾਂਚੇ ਅਤੇ ਸੰਭਾਵਨਾਵਾਂ ਬਾਰੇ ਵਿਚਾਰ ਲਈ ਅੱਜ ਇੱਕ ਕਾਨਫਰੰਸ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ ਆਰੰਭ ਹੋਈ । ਇਸ ਕਾਨਫਰੰਸ ਵਿੱਚ ਅਕਾਦਮਿਕ, ਉਦਯੋਗਿਕ ਅਤੇ ਸਰਕਾਰੀ ਧਿਰਾਂ ਪੰਜਾਬ ਅਤੇ ਭਾਰਤ ਵਿੱਚ ਭੋਜਨ ਸਪਲਾਈ ਲੜੀ ਦੀ ਉਸਾਰੀ ਲਈ ਵਿਚਾਰ ਕਰ ਰਹੀਆਂ ਹਨ । ਇਸ ਦੋ ਰੋਜ਼ਾ ਕਾਨਫਰੰਸ ਦੇ ਆਰੰਭਿਕ ਸੈਸ਼ਨ ਵਿੱਚ ਪ੍ਰਸਿੱਧ ਉਦਯੋਗਪਤੀ ਅਤੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਨੂਪ ਬੈਕਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਬੈਕਟਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭੋਜਨ ਸਪਲਾਈ ਲੜੀ ਨਵਾਂ ਪਰ ਬਹੁਤ ਅਹਿਮ ਵਿਸ਼ਾ ਹੈ । ਇਹ ਖੇਤਰ ਕਿਸਾਨਾਂ ਦੇ ਵਿਕਾਸ ਦੇ ਨਾਲ-ਨਾਲ ਖਪਤਕਾਰਾਂ ਦੀ ਸੰਤੁਸ਼ਟੀ ਅਤੇ ਸੁਰੱਖਿਆ ਨਾਲ ਜੁੜਿਆ ਹੋਇਆ ਹੈ । ਬੈਕਟਰ ਨੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਖੇਤੀ ਉਤਪਾਦਾਂ ਦੇ ਮਾਮਲੇ ਵਿੱਚ ਅਸੀਂ ਲਗਭਗ ਸਵੈ-ਨਿਰਭਰ ਹਾਂ ਪਰ ਭੋਜਨ ਸੁਰੱਖਿਆ ਅਤੇ ਕਿਸਾਨਾਂ ਦੀ ਆਮਦਨ ਅਜੇ ਵੀ ਗੰਭੀਰ ਮੁੱਦੇ ਹਨ । ਉਨ੍ਹਾਂ ਨੇ ਕਿਹਾ ਕਿ ਉਤਪਾਦਨ ਤੋਂ ਅਗਾਂਹ ਮੰਡੀ ਅਧਾਰਿਤ ਨੀਤੀਆਂ ਦਾ ਵਿਕਾਸ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ । ਬੈਕਟਰ ਨੇ ਦੱਸਿਆ ਕਿ ਉਤਪਾਦਨ ਦਾ ਵਡੇਰਾ ਹਿੱਸਾ ਨਸ਼ਟ ਹੋ ਜਾਂਦਾ ਹੈ ਜਿਸ ਦੀ ਸੰਭਾਲ ਲਈ ਪ੍ਰੋਸੈਸਿੰਗ ਅਤੇ ਮੁੱਲ ਉਤਪਾਦ ਢਾਂਚੇ ਦੇ ਵਿਕਾਸ ਵੱਲ ਧਿਆਨ ਦੇਣ ਦੀ ਲੋੜ ਹੈ । ਉਨ੍ਹਾਂ ਨੇ ਸੰਸਾਰ ਪੱਧਰ ਤੇ ਤਾਜ਼ੇ ਭੋਜਨ ਦੀ ਮੰਗ ਵਧਣ ਵੱਲ ਧਿਆਨ ਦਿਵਾਉਂਦਿਆਂ ਬਾਗਬਾਨੀ ਫ਼ਸਲਾਂ ਦੀ ਲੋੜ ਅਤੇ ਮਹੱਤਵ ਉਪਰ ਚਾਨਣਾ ਪਾਇਆ । ਕਾਨਫਰੰਸ ਦੇ ਮਹੱਤਵ ਬਾਰੇ ਗੱਲ ਕਰਦਿਆਂ ਬੈਕਟਰ ਨੇ ਨੌਜਵਾਨ ਖੋਜਾਰਥੀਆਂ ਨੂੰ ਇਸ ਖੇਤਰ ਵਿੱਚ ਸੰਜੀਦਗੀ ਨਾਲ ਖੋਜ ਕਰਨ ਲਈ ਪ੍ਰੇਰਿਤ ਕੀਤਾ ।
ਇਸੇ ਸੈਸ਼ਨ ਵਿੱਚ ਮੁਨਾਸ਼ ਯੂਨੀਵਰਸਿਟੀ ਆਸਟ੍ਰੇਲੀਆ ਦੇ ਪ੍ਰੋਫੈਸਰ ਅਮਰੀਕ ਸੋਹਲ ਨੇ ਪੀ.ਏ.ਯੂ. ਦੇ ਖੇਤੀ ਤਕਨਾਲੋਜੀ ਦੇ ਵਿਕਾਸ ਵਿੱਚ ਕੀਤੇ ਕਾਰਜ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਹੋਈ ਪਹਿਲੀ ਕਾਨਫਰੰਸ ਦੀਆਂ ਚੁਣੌਤੀਆਂ ਦਾ ਹੱਲ ਕਰਨ ਵਿੱਚ ਇਹ ਕਾਨਫਰੰਸ ਜ਼ਰੂਰੀ ਤੌਰ ਤੇ ਸਫ਼ਲ ਰਹੇਗੀ । ਉਨ੍ਹਾਂ ਨੇ ਜਾਣਕਾਰੀ ਦੀ ਸਾਂਝ ਲਈ ਲਿੰਕਨ ਯੂਨੀਵਰਸਿਟੀ, ਮੁਨਾਸ਼ ਯੂਨੀਵਰਸਿਟੀ ਅਤੇ ਪੀ.ਏ.ਯੂ. ਵੱਲੋਂ ਨਿਊਟਨ ਭਾਬਾ ਪ੍ਰੋਜੈਕਟ ਤਹਿਤ ਹੋ ਰਹੇ ਕਾਰਜਾਂ ਉਪਰ ਤਸੱਲੀ ਪ੍ਰਗਟ ਕੀਤੀ ।
ਲਿੰਕਨ ਯੂਨੀਵਰਸਿਟੀ ਦੇ ਮਾਰਕ ਸਵੇਨਸਨ ਨੇ ਇਸ ਸੈਸ਼ਨ ਵਿੱਚ ਨਿਊਟਨ ਭਾਬਾ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਨ੍ਹਾਂ ਨੇ ਕਿਹਾ ਕਿ ਤਿੰਨੇ ਯੂਨੀਵਰਸਿਟੀਆਂ ਪੀ.ਏ.ਯੂ., ਮੁਨਾਸ਼ ਯੂਨੀਵਰਸਿਟੀ ਅਤੇ ਲਿੰਕਨ ਯੂਨੀਵਰਸਿਟੀ ਤੋਂ ਇਲਾਵਾ ਚਾਰ ਉਦਯੋਗਿਕ ਇਕਾਈਆਂ ਅਤੇ ਭੋਜਨ ਪ੍ਰੋਸੈਸਿੰਗ ਯੂਨਿਟ ਇਸ ਪ੍ਰੋਜੈਕਟ ਦਾ ਹਿੱਸਾ ਹਨ ਅਤੇ ਇਸ ਪ੍ਰੋਜੈਕਟ ਦਾ ਉਦੇਸ਼ ਉਤਪਾਦਾਂ ਦਾ ਮਿਆਰ ਵਧਾ ਕੇ ਕਿਸਾਨੀ ਦੇ ਲਾਭ ਵਿੱਚ ਈਜ਼ਾਫ਼ਾ ਕਰਨਾ ਹੈ । ਉਨ੍ਹਾਂ ਨੇ ਭੋਜਨ ਦੇ ਖੇਤਰ ਵਿੱਚ ਭਾਰਤ ਦੀ ਸਥਿਤੀ ਨੂੰ ਵਿਸ਼ਵ ਦੀਆਂ ਚੁਣੌਤੀਆਂ ਦੇ ਸਮਵਿਥ ਰੱਖ ਕੇ ਦੇਖਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤੀ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਭੋਜਨ ਸਪਲਾਈ ਲੜੀ ਦਾ ਢਾਂਚਾ ਉਸਾਰਨ ਵੱਲ ਵਧਣਾ ਚਾਹੀਦਾ ਹੈ । ਸਵਿਨਸਨ ਨੇ ਜਾਣਕਾਰੀ ਤੇ ਤਕਨੀਕ ਦੇ ਤਬਾਦਲੇ ਨੂੰ ਭਵਿੱਖ ਦਾ ਰਾਹ ਕਿਹਾ । ਉਨ੍ਹਾਂ ਨੇ ਇਸ ਪ੍ਰੋਜੈਕਟ ਤਹਿਤ ਕਿਸਾਨਾਂ ਲਈ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਜਿਵੇਂ ਕੋਲਡ ਸਟੋਰੇਜ਼ ਤਕਨੀਕ, ਪੈਕੇਜਿੰਗ ਤਕਨੀਕ ਅਤੇ ਭੰਡਾਰਨ ਸੰਬੰਧੀ ਜਾਣਕਾਰੀ ਬਾਰੇ ਵਿਸਥਾਰ ਨਾਲ ਗੱਲ ਕੀਤੀ ।
ਸੰਘਾ ਇਨੋਵੇਸ਼ਨਜ਼ ਪਿੰਡ ਕਾਦੀਆਂ ਵਾਲੀ ਦੇ ਪ੍ਰਤੀਨਿਧੀ ਜੰਗ ਬਹਾਦਰ ਸੰਘਾ ਨੇ ਇਸ ਸੈਸ਼ਨ ਦੌਰਾਨ ਪ੍ਰੋਸੈਸਿੰਗ ਨਾਲ ਜੁੜੇ ਕਿਸਾਨ ਵਜੋਂ ਆਪਣੇ ਤਜ਼ਰਬੇ ਸਾਂਝੇ ਕੀਤੇ । ਉਨ੍ਹਾਂ ਨੇ ਭੋਜਨ ਖੇਤਰ ਦੀ ਤਬਦੀਲੀ ਵਿੱਚ ਸਧਾਰਨ ਲੋਕਾਂ ਦੀ ਜਾਗਰੂਕਤਾ ਬਾਰੇ ਗੱਲ ਕੀਤੀ ਅਤੇ ਨਾਲ ਹੀ ਕਿਹਾ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਅਤੇ ਸਿੱਧਾ ਵੰਡ ਢਾਂਚਾ ਉਸਾਰ ਕੇ ਹੀ ਇਸ ਕਾਨਫਰੰਸ ਦੇ ਉਦੇਸ਼ਾਂ ਦੀ ਪੂਰਤੀ ਹੋ ਸਕੇਗੀ ।
ਇਸ ਤੋਂ ਪਹਿਲਾਂ ਪੀ.ਏ.ਯੂ. ਦੇ ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਉਦਘਾਟਨੀ ਸ਼ਬਦ ਕਹੇ । ਉਨ੍ਹਾਂ ਨੇ ਆਸ ਪ੍ਰਗਟਾਈ ਕਿ ਭੋਜਨ ਉਦਯੋਗ ਦੇ ਖੇਤੀ ਦੇ ਵਿਕਾਸ ਲਈ ਇਸ ਕਾਨਫਰੰਸ ਵਿੱਚੋਂ ਨਿੱਤਰ ਕੇ ਆਏ ਸਿੱਟੇ ਲਾਜ਼ਮੀ ਤੌਰ ਤੇ ਸਹਾਈ ਸਿੱਧ ਹੋਣਗੇ ।
ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ. ਅਸ਼ੋਕ ਕੁਮਾਰ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹਸਤੀਆਂ ਦਾ ਸਵਾਗਤ ਗੁਲਦਸਤਿਆਂ ਨਾਲ ਕੀਤਾ । ਸਮੁੱਚੇ ਮੰਡਲ ਨੇ ਸ਼ਮਾਂ ਰੌਸ਼ਨ ਕਰਕੇ ਗਿਆਨ ਅਤੇ ਵਿੱਦਿਆ ਦੇ ਪਸਾਰ ਦਾ ਪ੍ਰਤੀਕ ਉਜਾਗਰ ਕੀਤਾ । ਅੰਤ ਵਿੱਚ ਡਾ. ਅਸ਼ੋਕ ਕੁਮਾਰ ਨੇ ਕਾਨਫਰੰਸ ਵਿੱਚ ਸ਼ਾਮਲ ਵਿਦੇਸ਼ੀ ਮਾਹਿਰਾਂ, ਤਿੰਨਾਂ ਯੂਨੀਵਰਸਿਟੀਆਂ ਦੇ ਵਿਗਿਆਨੀਆਂ, ਡੈਲੀਗੇਟਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਦੋਵੇਂ ਦਿਨ ਨਿੱਠ ਕੇ ਵਿਚਾਰਾਂ ਹੋਣਗੀਆਂ ਜਿਸ ਨਾਲ ਭੋਜਨ ਸਪਲਾਈ ਲੜੀ ਸੰਬੰਧੀ ਨੀਤੀਆਂ ਬਣਾਉਣ ਵਿੱਚ ਮਦਦ ਮਿਲੇਗੀ ।
ਅੱਜ ਇਸ ਕਾਨਫਰੰਸ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਆਏ ਮਾਹਿਰਾਂ ਨੇ ਪੈਨਲ ਵਿਚਾਰ-ਚਰਚਾ ਵਿੱਚ ਹਿੱਸਾ ਲਿਆ । ਇਸ ਵਿਚਾਰ-ਚਰਚਾ ਵਿੱਚ ਉਦਯੋਗ, ਕਿਸਾਨੀ ਅਤੇ ਅਕਾਦਮਿਕ ਸੰਸਥਾਵਾਂ ਵਿੱਚ ਸਾਂਝ ਦੇ ਮੌਕੇ ਵਧਾਉਣ ਲਈ ਨਿੱਠ ਕੇ ਵਿਚਾਰ ਚਰਚਾ ਹੋਈ । ਇਸ ਦੇ ਨਾਲ-ਨਾਲ ਸਾਂਝ ਦੇ ਮੌਕੇ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਮਾਹਿਰਾਂ ਨੇ ਪੇਸ਼ਕਾਰੀਆਂ ਕੀਤੀਆਂ । ਕੱਲ ਇਸ ਕਾਨਫਰੰਸ ਦੇ ਦੂਜੇ ਦਿਨ ਸਮੁੱਚੇ ਸੰਸਾਰ ਅਤੇ ਭਾਰਤ ਵਿੱਚ ਬਿਹਤਰ ਖੇਤੀ, ਪ੍ਰੋਸੈਸਿੰਗ ਅਤੇ ਮੁੱਲ ਵਾਧੇ ਬਾਰੇ ਮਾਹਿਰ ਆਪਣੇ ਵਿਚਾਰ ਪੇਸ਼ ਕਰਨਗੇ ।