ਆਹ ਕੰਮ ਕਰਨ ਵਾਲੇ ਪੁਲਿਸ ਅਫ਼ਸਰ ਨੂੰ ਮਿਲੇਗਾ 5 ਲੱਖ ਦਾ ਇਨਾਮ !

TeamGlobalPunjab
4 Min Read

ਚੰਡੀਗੜ੍ਹ : (ਦਰਸ਼ਨ ਸਿੰਘ ਖੋਖਰ): ਪੰਜਾਬ ਪੁਲਿਸ ਦੇ ਇੱਕ ਸਾਬਕਾ ਸਬ-ਇੰਸਪੈਕਟਰ ਨੇ ਇਕ ਅਜੀਬੋ ਗਰੀਬ ਇਨਾਮ ਦੇਣ ਦਾ ਐਲਾਨ ਕੀਤਾ ਹੈ । ਇਹ ਇਨਾਮ ਜ਼ਮੀਨ ਦੇ ਇਕ ਫਰਾਡ ਦੀ ਸਹੀ ਜਾਂਚ ਬਦਲੇ ਦਿੱਤਾ ਜਾਵੇਗਾ।

ਸਾਬਕਾ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਚੰਡੀਗੜ੍ਹ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ਨਾਲ ਇਕ ਬਿਲਡਰ ਨੇ ਵੱਡੀ ਠੱਗੀ ਲਗਾਈ ਸੀ । 2008 ਵਿਚ ਉਸ ਨੂੰ ਮੋਟੇ ਮੁਨਾਫੇ ਦਾ ਲਾਲਚ ਦੇ ਕੇ ਉਸਦੇ 74 ਲੱਖ ਰੁਪਏ ਅਮਿਤ ਨੰਦਾ ਨਾਮ ਦੇ ਬਿਲਡਰ ਨੇ ਇਕ ਵੱਡੇ ਪ੍ਰਾਜੈਕਟ ਵਿੱਚ ਲਗਵਾਏ ਸਨ। ਪਰ ਉਸ ਪ੍ਰੋਜੈਕਟ ਲਈ ਜੋ ਜ਼ਮੀਨ ਖ਼ਰੀਦੀ ਜਾਣੀ ਸੀ ਉਹ ਨਹੀਂ ਖਰੀਦੀ ਜਾ ਸਕੀ। ਜ਼ਮੀਨ ਮਾਲਕ ਨੂੰ ਪੂਰੀ ਪੇਮੈਂਟ ਨਾ ਦੇਣ ਕਾਰਨ ਕੁਝ ਥਾਂ ਦੀ ਹੀ ਰਜਿਸਟਰੀ ਹੋ ਸਕੀ। ਥੋੜੀ ਜ਼ਮੀਨ ਦੀ ਭਾਵੇਂ ਰਜਿਸਟਰੀ ਤਾਂ ਹੋ ਗਈ ਪਰ ਕਬਜ਼ਾ ਜ਼ਮੀਨ ਦੇ ਮਾਲਕ ਕੋਲ ਅਜੇ ਤੱਕ ਵੀ ਹੈ। ਬਾਅਦ ਵਿੱਚ ਜਦੋਂ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾ ਬਣੀ ਮਾਮਲਾ ਵਿਵਾਦਾਂ ਵਿੱਚ ਘਿਰ ਗਿਆ ਅਤੇ ਪ੍ਰੋਜੈਕਟ ਹਵਾ ਹਵਾਈ ਹੋ ਗਿਆ ।

ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਤਰ੍ਹਾਂ ਹੋਰ 70-80 ਬੰਦਿਆਂ ਤੋਂ ਬਿਲਡਰ ਨੇ ਕਰੋੜਾਂ ਰੁਪਏ ਇਕੱਠੇ ਕਰ ਲਏ ਸਨ ਅਤੇ ਮੋਟੇ ਮੁਨਾਫ਼ੇ ਦਾ ਸਬਜ਼ ਬਾਗ ਦਿਖਾਇਆ ਸੀ। ਇਸ ਫਰਾਡ ਦੀ ਸ਼ਿਕਾਇਤ ਉਨ੍ਹਾਂ ਮੁਹਾਲੀ ਪੁਲੀਸ ਨੂੰ 2019 ਵਿੱਚ ਕੀਤੀ ਸੀ । ਪਰ ਇਹ ਜਾਂਚ ਮੱਠੀ ਤੋਰ ਹੁਣ ਤੱਕ ਵੀ ਚੱਲ ਰਹੀ ਹੈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਉਸ ਕੋਲ ਮਾਮਲੇ ਦੇ ਸਾਰੇ ਦਸਤਾਵੇਜ਼ ਮੌਜੂਦ ਹਨ । ਜਿਹੜਾ ਵੀ ਪੁਲਿਸ ਦਾ ਕੋਈ ਵੱਡਾ ਅਧਿਕਾਰੀ ਇਸ ਮਾਮਲੇ ‘ਚ ਉਸ ਨੂੰ ਇਨਸਾਫ਼ ਦੇਵੇਗਾ ਜਾਂ ਫਿਰ ਸਹੀ ਜਾਂਚ ਕਰੇਗਾ ਉਸ ਨੂੰ ਉਹ 5 ਲੱਖ ਦਾ ਇਨਾਮ ਆਪਣੀ ਜ਼ਮੀਨ ਵੇਚਕੇ ਦੇਵੇਗਾ। ਸੁਖਦੇਵ ਸਿੰਘ ਨੇ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਵੀ ਸੁਚੇਤ ਕੀਤਾ ਹੈ ਕਿ ਕਿਸੇ ਵੀ ਮਾਮਲੇ ‘ਚ ਉਧਾਰ ਨਾ ਕੀਤੀ ਜਾਵੇ ਅਤੇ ਪੂਰੇ ਦਸਤਾਵੇਜ਼ ਦੇਖ ਕੇ ਹੀ ਜ਼ਮੀਨ ਦਾ ਸੌਦਾ ਤੈਅ ਕੀਤਾ ਜਾਵੇ।

- Advertisement -

(ਅਮਿਤ ਨੰਦਾ)

ਇਸ ਮਾਮਲੇ ‘ਚ ਅਮਿਤ ਨੰਦਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਸੁਖਦੇਵ ਸਿੰਘ ਕੋਲ ਰਕਮ ਦੇਣ ਦੇ ਕੋਈ ਸਬੂਤ ਨਹੀਂ ਅਤੇ ਨਾ ਹੀ ਕੋਈ ਰਸੀਦ ਹੈ।ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਉਸ ਨੂੰ ਬਦਨਾਮ ਕਰ ਰਿਹਾ ਹੈ ਅਤੇ ਉਸ ਨੇ ਸੁਖਦੇਵ ਸਿੰਘ ਦਾ ਕੁਝ ਵੀ ਨਹੀਂ ਦੇਣਾ।

ਉਧਰ ਸੁਖਦੇਵ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਇੱਕ ਦਸਤਾਵੇਜ ਜੋ 26/07/2018 ਨੂੰ ਅਮਿਤ ਨੰਦਾ ਨੇ ਉਸਨੂੰ ਆਪਣੇ ਕੰਪਿਉਰ ‘ਤੇ ਤਿਆਰ ਕਰਕੇ ਦਿਤਾ ਸੀ, ਜਿਸ ਦੀ ਫੋਟੋ ਕਾਪੀ ਉਸ ਕੋਲ ਮੌਜੂਦ ਹੈ । ਜਦਕਿ ਬਾਅਦ ਵਿੱਚ ਅਮਿਤ ਨੰਦਾ ਮੁੱਕਰ ਗਿਆ ਕਿ ਉਸਨੇ ਤਾਂ ਉਹ ਦਸਤਾਵੇਜ ਨੂੰ ਤਿਆਰ ਹੀ ਨਹੀਂ ਸੀ ਕੀਤਾ। ਜੋ ਪੁਲਿਸ ਅਫਸਰ ਉਸ ਨੂੰ ਬਰਾਮਦ ਕਰੇਗਾ ਅਤੇ ਮਾਮਲੇ ਦੀ ਸਹੀ ਜਾਂਚ ਕਰੇਗਾ ਉਸ ਅਫਸਰ ਨੂੰ 5 ਲੱਖ ਰੁਪਏ ਦੇ ਕੇ ਉਹ ਸਨਮਾਨਿਤ ਕੀਤਾ ਜਾਵੇਗਾ ।

ਜ਼ਮੀਨ ਦਾ ਇਹ ਵਿਵਾਦ ਜੀਰਕਪੁਰ ਨਾਲ ਸਬੰਧਤ ਹੈ ਅਤੇ ਜ਼ਮੀਨ ਦੇ ਮਾਲਕ ਆਲਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਨੇ ਜ਼ਮੀਨ ਦਾ 29 ਕਰੋੜ ਵਿਚ ਸੌਦਾ ਕੀਤਾ ਸੀ ਪਰ ਉਸ ਨੂੰ ਕੇਵਲ 14 ਕਰੋੜ ਰੁਪਏ ਹੀ ਦਿੱਤੇ ਗਏ। ਉਸ ਨੇ ਕਿਹਾ ਕਿ ਕੁਝ ਪੁਲਿਸ ਅਫਸਰ ਬਿਲਡਰ ਦੀ ਨਜਇਜ਼ ਮੱਦਦ ਕਰਦੇ ਹਨ ਜਿਸ ਕਾਰਨ ਉਸ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਦਾ ਖੁਲਾਸਾ ਉਹ ਆਉਣ ਵਾਲੇ ਦਿਨਾਂ ਵਿੱਚ ਕਰੇਗਾ ।

- Advertisement -
Share this Article
Leave a comment