ਅਵਤਾਰ ਸਿੰਘ
ਨਿਊਜ਼ ਡੈਸਕ : ਅੱਜ ਗਣਤੰਤਰ ਦਿਵਸ ਮੌਕੇ ਮੁਲਕ ਦੀਆਂ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਨੂੰ ਵੱਡੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦੀ ਪ੍ਰਵਾਨਗੀ ਮਗਰੋਂ ਭਾਰਤ ਸਰਕਾਰ ਨੇ ਇਸ ਵਰ੍ਹੇ ਦੇ 141 ਪਦਮ ਪੁਰਸਕਾਰ ਦਿੱਤੇ ਗਏ।
ਰਿਪੋਰਟਾਂ ਮੁਤਾਬਿਕ ਇਸ ਸੂਚੀ ਵਿੱਚ ਸੱਤ ਪਦਮ ਵਿਭੂਸ਼ਨ, 16 ਪਦਮ ਭੂਸ਼ਨ ਤੇ 118 ਪਦਮ ਸ਼੍ਰੀ ਪੁਰਸਕਾਰ ਸ਼ਾਮਿਲ ਹਨ। ਇਹ ਪੁਰਸਕਾਰ ਹਾਸਿਲ ਕਾਰਨ ਵਾਲਿਆਂ ਵਿੱਚ 34 ਔਰਤਾਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ 18 ਭਾਰਤੀ ਮੂਲ ਦੀਆਂ ਵਿਦੇਸ਼ੀ ਹਸਤੀਆਂ ਨੂੰ ਅਤੇ 12 ਨੂੰ ਮਰਨ ਉਪਰੰਤ ਪਦਮ ਪੁਰਸਕਾਰ ਨਿਵਾਜਿਆ ਗਿਆ ਹੈ। ਸਾਬਕਾ ਮੰਤਰੀਆਂ ਜਾਰਜ ਫਾਰਨਾਂਡੇਜ਼ ਅਤੇ ਅਰੁਣ ਜੇਤਲੀ ਨੂੰ ਮਰਨ ਉਪਰੰਤ ਪਦਮ ਵਿਭੂਸ਼ਨ ਸਨਮਾਨ ਦਿੱਤਾ ਗਿਆ।
ਇਨ੍ਹਾਂ ਤੋਂ ਇਲਾਵਾ ਮੌਰੀਸ਼ਸ ਦੇ ਸਿਆਸਤਦਾਨ ਅਨੀਰੁੱਧ ਜਗਨਾਥ, ਮੁੱਕੇਬਾਜ਼ ਐੱਮ.ਸੀ. ਮੇਰੀਕੋਮ, ਕਲਾ ਦੇ ਖੇਤਰ ’ਚ ਯੂਪੀ ਦੇ ਛੰਨੂਲਾਲ ਮਿਸ਼ਰਾ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਅਧਿਆਤਮ ਲਈ ਕਰਨਾਟਕ ਦੇ ਉਡੁਪੀ ਮੱਠ ਦੇ ਵਿਸ਼ਵੇਸ਼ਤੀਰਥ ਸਵਾਮੀਜੀ ਨੂੰ ਵੀ ਮਰਨ ਉਪਰੰਤ ਪਦਮ ਵਿਭੂਸ਼ਨ ਦਿੱਤਾ ਗਿਆ ਹੈ। ਪਦਮ ਭੂਸ਼ਨ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ’ਚ ਕਾਰੋਬਾਰੀ ਆਨੰਦ ਮਹਿੰਦਰਾ, ਪੀ.ਵੀ. ਸਿੰਧੂ, ਐੱਮ. ਮੁਮਤਾਜ਼ ਅਲੀ ਤੇ ਮਰਹੂਮ ਮਨੋਹਰ ਪਰੀਕਰ ਸ਼ਾਮਲ ਹਨ।
ਪੰਜਾਬ ਨਾਲ ਸਬੰਧਤ ਜਗਦੀਸ਼ ਲਾਲ ਅਹੂਜਾ ਨੂੰ ਸਮਾਜ ਸੇਵਾ ਲਈ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮਸ੍ਰੀ ਹਾਸਲ ਕਰਨ ਵਾਲੀਆਂ ਹੋਰਨਾਂ ਅਹਿਮ ਸ਼ਖ਼ਸੀਅਤਾਂ ’ਚ ਕ੍ਰਿਕਟਰ ਜ਼ਹੀਰ ਖ਼ਾਨ, ਖੇਡ ਵਰਗ ’ਚ ਹੀ ਐੱਮ.ਪੀ. ਗਣੇਸ਼ ਸ਼ਾਮਲ ਹਨ। ਉਦਯੋਗ ਤੇ ਵਪਾਰ ਲਈ ਭਰਤ ਗੋਇੰਕਾ, ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਤੇ ਏਕਤਾ ਕਪੂਰ ਨੂੰ ਕਲਾ ਖੇਤਰ ’ਚ ਪਾਏ ਯੋਗਦਾਨ ਲਈ, ਹਾਕੀ ਖਿਡਾਰਨ ਰਾਣੀ ਰਾਮਪਾਲ, ਅਦਾਕਾਰਾ ਕੰਗਨਾ ਰਣੌਤ, ਸੰਗੀਤਕਾਰ-ਗਾਇਕ ਅਦਨਾਨ ਸਮੀ, ਗਾਇਕ ਸੁਰੇਸ਼ ਵਾਡਕਰ ਨੂੰ ਵੀ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹਨਾਂ ਤੋਂ ਇਲਾਵਾ ਦੇਸ਼ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੂੰ ਰਾਸ਼ਟਰਪਤੀ ਸਨਮਾਨ ਦਿੱਤਾ ਗਿਆ।
ਪੰਜਾਬ ਨਾਲ ਸਬੰਧਤ ਜਗਦੀਸ਼ ਲਾਲ ਅਹੂਜਾ ਨੂੰ ਇਕ ਅਜਿਹੀ ਸਮਾਜ ਸੇਵਾ ਲਈ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਲਾਮਿਸਾਲ ਹੈ।
36 ਏਕੜ ਜ਼ਮੀਨ, 9 ਏਕੜ ਫਾਰਮ ਹਾਊਸ, ਪੰਚਕੂਲਾ ਵਿੱਚ ਇਕ ਕਨਾਲ ਦੇ ਪਲਾਟ ਅਤੇ ਦੋ ਸ਼ੋਅ ਰੂਮਾਂ ਦੇ ਮਾਲਿਕ ਜਗਦੀਸ਼ ਲਾਲ ਆਹੂਜਾ ਦੁਨਿਆਵੀ ਲਾਲਚ ਤਿਆਗ ਕੇ ਅਤੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਪਿਛਲੇ ਵੀਹ ਸਾਲਾਂ ਤੋਂ ਲੰਗਰ ਲਗਾ ਰਹੇ ਹਨ। ਵੀਹ ਸਾਲ ਪਹਿਲਾਂ ਅਹੂਜਾ ਨੇ ਪੀ ਜੀ ਆਈ, ਚੰਡੀਗੜ੍ਹ ਦੇ ਗੇਟ ਦੇ ਬਾਹਰ ਮਰੀਜ਼ਾਂ ਦੇ ਵਾਰਸਾਂ ਲਈ ਲੰਗਰ ਲਗਾਉਣਾ ਸ਼ੁਰੂ ਕੀਤਾ ਸੀ, ਇਸ ਤੋਂ ਬਾਅਦ ਸਰਕਾਰੀ ਮੈਡੀਕਲ ਕਲਜ ਅਤੇ ਹਸਪਤਾਲ ਸੈਕਟਰ 32 ਦੇ ਗੇਟ ਦੇ ਬਾਹਰ ਲਗਾਤਰ ਲੰਗਰ ਲਗਾਏ ਜਾ ਰਹੇ ਹਨ ਜਿਥੇ ਹਰ ਰੋਜ਼ ਲਗਪਗ 25,00 ਲੋਕ ਲੰਗਰ ਛਕਦੇ ਹਨ।
ਸਾਲ 2000 ਵਿੱਚ ਉਸ ਸਮੇਂ ਪੀ ਜੀ ਆਈ ਦੇ ਬਾਹਰ ਲੰਗਰ ਲਗਾਇਆ ਗਿਆ ਸੀ ਜਦੋਂ ਜਗਦੀਸ਼ ਲਾਲ ਅਹੂਜਾ ਕੈਂਸਰ ਤੋਂ ਪੀੜਤ ਹੋਣ ਕਾਰਨ ਪੀ ਜੀ ਆਈ ਵਿੱਚ ਜੇਰੇ ਇਲਾਜ਼ ਸਨ, ਇਹ ਲੰਗਰ ਉਦੋਂ ਤੋਂ ਲਗਾਤਾਰ ਜਾਰੀ ਹੈ।
ਲੰਗਰ ਬਾਬਾ ਵਜੋਂ ਜਾਣੇ ਜਾਂਦੇ ਜਗਦੀਸ਼ ਲਾਲਾ ਆਹੂਜਾ ਦਾ ਕਹਿਣਾ ਹੈ ਕਿ ਕਿਸੇ ਕੀ ਪਤਾ ਜਦੋਂ ਕਿਸੇ ਨੂੰ ਭੁੱਖੇ ਪੇਟ ਸੌਣਾ ਪੈਂਦਾ ਹੈ। ਉਸ ਨੇ ਹਿੰਦੁਸਤਾਨ – ਪਾਕਿਸਤਾਨ ਵੰਡ ਦਾ ਸਮਾਂ ਯਾਦ ਕਰਦਿਆਂ ਦੱਸਿਆ ਕਿ ਉਸ ਸਮੇਂ ਉਹ 12 ਸਾਲਾਂ ਦੇ ਸਨ ਜਦੋਂ ਪਿਸ਼ਾਵਰ ਤੋਂ ਹਿਜ਼ਰਤ ਕਰਕੇ ਪੰਜਾਬ ਵਿੱਚ ਮਾਨਸਾ ਦੇ ਰੇਲਵੇ ਸਟੇਸ਼ਨ ‘ਤੇ ਕਈ ਹਫਤੇ ਬਿਤਾਏ। ਉਨ੍ਹਾਂ ਕਿਹਾ, ”ਉਹ ਗ਼ਰੀਬੀ ਮੈਂ ਹੰਢਾਈ ਤੇ ਉਦੋਂ ਸ਼ਾਇਦ ਦੋ ਡੰਗ ਦੀ ਰੋਟੀ ਵੀ ਨਹੀਂ ਜੁੜੀ, ਪਰ ਮੈਂ ਭੀਖ ਨਹੀਂ ਮੰਗੀ ਸਗੋਂ ਛੋਲੇ ਵੇਚ ਕੇ ਗੁਜ਼ਾਰਾ ਕੀਤਾ।”
ਮਾਨਸਾ ਤੋਂ ਬਾਅਦ ਉਹ ਪਟਿਆਲਾ ਆ ਗਏ ਜਿਥੇ ਆ ਕੇ ਉਹਨਾਂ ਬੱਸਾਂ ਵਿੱਚ ਕੁਲਫੀਆਂ ਤੇ ਕੇਲੇ ਵੇਚਣੇ ਸ਼ੁਰੂ ਕਰ ਦਿੱਤੇ। 1956 ਵਿੱਚ ਚੰਡੀਗੜ੍ਹ ਨੇੜਲੇ ਪਿੰਡ ਕਾਂਸਲ ਵਿਚ ਆ ਕੇ ਡੇਰੇ ਲਾ ਲਏ ਅਤੇ ਹਾਈ ਕੋਰਟ ਦੀ ਉਸਾਰੀ ਹੋ ਰਹੀ ਸੀ ਉਥੇ ਕੇਲੇ ਵੇਚਣੇ ਸ਼ੁਰੂ ਕਰ ਦਿੱਤੇ।
ਜਗਦੀਸ਼ ਲਾਲ ਆਹੂਜਾ ਦੀ ਜ਼ਿੰਦਗੀ ਵਿੱਚ ਇਕ ਅਜਿਹਾ ਮੋੜ ਆਇਆ ਕਿ ਇਕ ਦਿਨ ਪਰਿਵਾਰ ਉਨ੍ਹਾਂ ਦੇ ਪੁੱਤਰ ਦਾ ਜਨਮ ਦਿਨ ਮਨਾ ਰਿਹਾ ਸੀ। ਸਾਰੇ ਹੱਸ ਖੇਡ ਰਹੇ ਸਨ। ਉਧਰ ਉਹ ਸੋਚ ਰਹੇ ਸਨ ਕਿ ਅਸੀਂ ਜਸ਼ਨ ਮਨ ਰਹੇ ਹਾਂ ਤੇ ਕੁਝ ਲੋਕ ਭੁੱਖੇ ਪੇਟ ਘਰਾਂ ਵਿੱਚ ਸੌਂ ਰਹੇ ਹੋਣਗੇ। ਇਸ ਤੋਂ ਬਾਅਦ ਅਸੀਂ ਕੁਝ ਰੋਟੀਆਂ ਤੇ ਦਲ ਸਬਜ਼ੀ ਬਣਾਈ ਤੇ ਗਰੀਬ ਪਰਿਵਾਰਾਂ ਨੂੰ ਖੁਆ ਕੇ ਆਏ। ਉਹਨਾਂ ਦੱਸਿਆ ਕਿ ਉਸ ਦਿਨ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਕਿ ਹਰ ਰੋਜ਼ ਲੰਗਰ ਲਗਾਇਆ ਕਰਾਂਗਾ। ਥੋੜ੍ਹੇ ਚਿਰ ਬਾਅਦ ਉਹਨਾਂ ਲੋਕਾਂ ਨੂੰ ਕੇਲੇ ਖਰੀਦ ਕੇ ਵੰਡਣੇ ਸ਼ੁਰੂ ਕਰ ਦਿੱਤੇ।
21 ਜਨਵਰੀ, 2000 ਨੂੰ ਆਹੂਜਾ ਨੇ ਪੀ ਜੀ ਆਈ ਦੇ ਬਾਹਰ ਲੰਗਰ ਲਗਾਇਆ। ਪਹਿਲੇ ਦਿਨ ਕੁਝ ਮੱਠਾ ਹੁੰਗਾਰਾ ਮਿਲਿਆ। ਪਰ ਪੰਜਵੇਂ ਦਿਨ ਵੱਡੀ ਗਿਣਤੀ ਵਿਚ ਲੋਕ ਆਉਣੇ ਸ਼ੁਰੂ ਹੋ ਗਏ।
ਪਿਛਲੇ ਲੰਮੇ ਸਮੇਂ ਤੋਂ 2000 ਲੋਕਾਂ ਵਿੱਚ ਦਾਲ, ਰੋਟੀ, ਚਾਵਲ ਅਤੇ ਹਲਵਾ ਵਰਤਾਇਆ ਜਾਂਦਾ ਹੈ। ਬਿਨਾ ਨਾਗਾ ਆਪਣੇ ਖਰਚੇ ‘ਤੇ ਇਹ ਲੰਗਰ ਲਗਾਇਆ ਜਾਂਦਾ ਹੈ। ਅਹੂਜਾ ਨੇ ਆਪਣੀ ਸਾਰੀ ਜਾਇਦਾਦ ਜਿਸ ਵਿੱਚ ਖੇਤੀ ਵਾਲੀ ਜ਼ਮੀਨ, ਸ਼ੋਅ ਰੂਮ ਅਤੇ ਰਿਹਾਇਸ਼ੀ ਪਲਾਟ ਸ਼ਾਮਿਲ ਹਨ, ਵੇਚ ਦਿੱਤੇ ਹਨ। ਉਸ ਦਾ ਕਹਿਣਾ ਕਿ ਹਜ਼ਾਰਾਂ ਲੱਖਾਂ ਵਿੱਚ ਖਰੀਦੀ ਇਹ ਜਾਇਦਾਦ ਕਰੋੜਾਂ ਵਿੱਚ ਵੇਚ ਦਿੱਤੀ ਹੈ। ਉਸ ਦਾ ਕਹਿਣਾ ਕਿ ਪ੍ਰਮਾਤਮਾ ਨੇ ਮੈਨੂੰ ਦਿੱਤੀ ਮੈਂ ਅੱਗੇ ਦੇ ਦਿੱਤੀ। ਆਹੂਜਾ ਦਾ ਕਹਿਣਾ ਹੈ, ”ਇਹ ਪ੍ਰੇਰਨਾ ਉਸ ਨੂੰ ਗੁਰੂ ਨਾਨਕ ਦੇਵ ਦੀ ਤਕੜੀ ਤੋਂ ਮਿਲੀ ਜੋ ਤੇਰਾ ਤੇਰਾ ਤੋਲਦਾ ਸੀ।”
ਅੱਜ ਬਹੁਤ ਸਾਰੀਆਂ ਸੰਸਥਾਵਾਂ ਹਸਪਤਾਲਾਂ ਦੇ ਬਾਹਰ ਲੰਗਰ ਲਗਾਉਂਦੀਆਂ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਬੱਚੇ ਇਸ ਨੂੰ ਅੱਗੇ ਤੋਰਨਗੇ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੈਂ ਜੋ ਕੁਝ ਵੇਚਿਆ ਉਹ ਉਨ੍ਹਾਂ ਨੂੰ ਦੇ ਦਿੱਤਾ। ਇਸ ਬਾਰੇ ਗੱਲ ਨਾ ਛੇੜੀ ਜਾਵੇ।
80ਵਿਆਂ ਨੂੰ ਢੁਕਣ ਵਾਲੇ ਆਹੂਜਾ ਦੀ ਸਿਹਤ ਅੱਜ ਕੱਲ੍ਹ ਠੀਕ ਨਹੀਂ ਰਹਿੰਦੀ, ”ਉਸ ਦਾ ਕਹਿਣਾ ਕਿ ਉਹ ਕੁਝ ਦਿਨਾਂ ਦਾ ਹੀ ਪ੍ਰਾਹੁਣਾ ਹੈ। ਜਦੋਂ ਮੈਂ ਨਹੀਂ ਹੋਵਾਂਗਾ, ਕੀ ਸਰਕਾਰ ਲੰਗਰ ਨੂੰ ਇਸੇ ਤਰ੍ਹਾਂ ਚਲਾਉਣ ਲਈ ਕੁਝ ਕਰ ਸਕਦੀ ਹੈ।” ਇਸ ਨਿਰਸਵਾਰਥ ਸ਼ਖਸ਼ੀਅਤ ਦੀ ਚੰਗੀ ਸਿਹਤ ਲਈ ਸਭ ਲੋਕ ਕਾਮਨਾ ਕਰਦੇ ਹਨ। ਕਾਸ਼! ਧਨਾਢ ਲੋਕ ਵੀ ਜਗਦੀਸ਼ ਲਾਲ ਆਹੂਜਾ ਤੋਂ ਪ੍ਰੇਰਨਾ ਲੈ ਕੇ ਗਰੀਬਾਂ ਦੀ ਮਦਦ ਕਰਨਗੇ।