ਕੈਨੇਡੀਅਨ ਸੂਬੇ ੳਨਟਾਰੀਉ ਦੇ ਸ਼ਹਿਰ ਟਰਾਂਟੋ ਵਿਖੇ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਵੱਲੋ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਮ੍ਰਿਤਕ ਨੋਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋ ਹੋਈ ਹੈ । ਨੋਜਵਾਨ ਪੰਜਾਬ ਤੋ ਮੋਗਾ ਦੇ ਚੜਿੱਕ ਪਿੰਡ ਨਾਲ ਸਬੰਧਤ ਸੀ। ਲਵਪ੍ਰੀਤ ਸਿੰਘ ਵੱਲੋ ਆਰਥਿਕ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਮੁਸ਼ਕਲਾ ਤਹਿਤ ਖੁਦਕੁਸ਼ੀ ਕੀਤੀ ਗਈ ਹੈ । ਇਸਤੋ ਪਹਿਲਾ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵੱਲੋ ਵੀ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਗਈ ਸੀ ।
ਲਵਪ੍ਰੀਤ ਸਿੰਘ ਸਾਲ 2018 ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੋਰ ਤੇ ਟਰਾਂਟੋ ਆਇਆ ਸੀ ਤੇ ਸੇਨਟੀਨੀਅਲ ਕਾਲਜ਼ ( Centennial College) ਵਿਖੇ ਪੜਾਈ ਕਰ ਰਿਹਾ ਸੀ । ਪੁਲਿਸ ਵੱਲੋ ਇਹ ਜਾਣਕਾਰੀ ਅਪ੍ਰੈਲ 28, 2021 ਨੂੰ ਦਿੱਤੀ ਗਈ ਹੈ । ਨੋਜਵਾਨ ਦੇ ਦੋਸਤਾ ਵੱਲੋ ਇਹ ਗੱਲ ਦੱਸੀ ਗਈ ਹੈ ਕਿ ਨੋਜਵਾਨ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਕੈਨੇਡਾ ਵਿੱਚ ਵੀ ਆਰਥਿਕ ਤੇ ਇਮੀਗ੍ਰੇਸ਼ਨ ਸਮੱਸਿਆਵਾਂ ਨਾਲ ਜੂਝ ਰਿਹਾ ਸੀ ।