ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਰਕਾਰ ਦੇ ਨਵੇਂ ਹੁਕਮਾਂ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ।ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵੱਲੋਂ ਠੇਕਿਆਂ ਤੇ ਭੀੜ ਘਟਾਉਣ ਲਈ ਸ਼ਰਾਬ ਦੀ ਹੋਮ ਡਲਿਵਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿਲ ਭਰਾਉਣ ਲਈ ਬਿਜਲੀ ਬੋਰਡ (ਪੀਐਸਪੀਸੀਐਲ) ਦੇ ਕੈਸ਼ ਕਾਊਂਟਰ ਖੋਲੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਸੂਬੇ ਵਿੱਚ ਲੌਕਡਾਊਨ ਚਲ ਰਿਹਾ ਹੈ ਉਨਾਂ ਸਮਾਂ ਬਿਜਲੀ ਬਿਲ ਪੂਰੀ ਤਰਾਂ ਮਾਫ਼ ਹੋਣੇ ਚਾਹੀਦੇ ਹਨ ।
ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ-ਵਾਇਰਸ ਦੀ ਆੜ ਵਿੱਚ ਪੰਜਾਬ ਸਰਕਾਰ ਆਪਾ ਵਿਰੋਧੀ ਅਤੇ ਆਪਹੁਦਰੇ ਫ਼ੈਸਲੇ ਜਨਤਾ ‘ਤੇ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸਰਕਾਰ ਲੋਕਾਂ ਲਈ ਨਹੀਂ, ਸਗੋਂ ਲੋਕਾਂ ਨੂੰ ਸਰਕਾਰ ਦਾ ਪਹੀਆ ਰੋੜ੍ਹਨ ਲਈ ਬੁਰੀ ਤਰਾਂ ਵਰਤਿਆ ਜਾ ਰਿਹਾ ਹੈ।ਭਗਵੰਤ ਮਾਨ ਨੇ ਕਿਹਾ ਕਿ ਸੰਕਟ ਦੀ ਇਸ ਘੜੀ ‘ਚ ਵੀ ਜੇਕਰ ਕੋਈ ਸਰਕਾਰ ਲੋਕ ਹਿੱਤ ‘ਚ ਲੋੜੀਂਦੀਆਂ ਰਾਹਤਾਂ-ਰਿਆਇਤਾਂ ਨਹੀਂ ਦਿੰਦੀ, ਫਿਰ ਕੀ ਅਜਿਹੀ ਸਰਕਾਰ ਦਾ ਅਚਾਰ ਪਾਉਣਾ ਹੈ?