ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਦੇ ਬਿਹਤਰ ਉਤਪਾਦਨ ਲਈ ਮਿਆਰੀ ਨਰਸਰੀ ਪੈਦਾ ਕਰਨ ਦੀ ਲੋੜ

TeamGlobalPunjab
7 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਟੀ ਵਿੱਚ ਬਾਗਬਾਨੀ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਚੂਅਲ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ 320 ਦੇ ਕਰੀਬ ਰਾਜ ਬਾਗਬਾਨੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਪਸਾਰ ਮਾਹਿਰਾਂ, ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਬਾਗਬਾਨੀ ਮਾਹਿਰਾਂ, ਪੀ.ਏ.ਯੂ. ਦੇ ਉਚ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਹਿੱਸਾ ਲਿਆ।

ਵਰਕਸ਼ਾਪ ਦੇ ਆਰੰਭਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਪੀ.ਏ.ਯੂ. ਵੱਲੋਂ ਫ਼ਸਲੀ ਵਿਭਿੰਨਤਾ, ਮੁੱਲ ਵਾਧੇ ਅਤੇ ਪੋਸ਼ਣ ਦੇ ਨਾਲ-ਨਾਲ ਖੇਤੀ ਕਾਰੋਬਾਰ ਸਿਖਲਾਈ ਢਾਂਚੇ ਦੇ ਵਿਕਾਸ ਬਾਰੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਉਪਰ ਰੋਸ਼ਨੀ ਪਾਈ ਗਈ। ਉਹਨਾਂ ਕਿਹਾ ਕਿ ਖੇਤੀ ਵਿਭਿੰਨਤਾ ਲਈ ਤਕਨੀਕੀ ਸਹਿਯੋਗ ਦੇ ਨਾਲ-ਨਾਲ ਮੰਡੀ ਨਾਲ ਸੰਪਰਕ ਬੇਹੱਦ ਜ਼ਰੂਰੀ ਹਨ। ਉਹਨਾਂ ਪੀ.ਏ.ਯੂ. ਵੱਲੋਂ ਮਿਆਰੀ ਫ਼ਲਾਂ ਦੇ ਪੌਦਿਆਂ ਦੀ ਵਿਕਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਨਰਸਰੀ ਵਿੱਚੋਂ ਪੌਦਿਆਂ ਦੀ ਵਿਕਰੀ ਦੀ ਗਿਣਤੀ ਜੋ 2013 ਵਿੱਚ 1 ਲੱਖ 10 ਹਜ਼ਾਰ ਸੀ ਹੁਣ 7 ਲੱਖ ਤੱਕ ਪਹੁੰਚ ਗਈ ਹੈ। ਉਹਨਾਂ ਕਿਹਾ ਅਗਲੇ ਸਾਲਾਂ ਵਿੱਚ ਯੂਨੀਵਰਸਿਟੀ ਵੱਲੋਂ ਪੌਦਿਆਂ ਦੀ ਵਿਕਰੀ ਦਾ ਟੀਚਾ 10 ਲੱਖ ਰੱਖਿਆ ਗਿਆ ਹੈ। ਡਾ. ਢਿੱਲੋਂ ਨੇ ਬਾਗਬਾਨੀ ਫ਼ਸਲਾਂ ਦੇ ਮੌਜੂਦਾ ਹਾਲ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਬਾਗਬਾਨੀ ਉਤਪਾਦਨ ਦੀ ਸ਼ੈਲਫ ਲਾਈਫ ਵਧਾਉਣ ਉਪਰ ਜ਼ੋਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਲੂ ਅਤੇ ਕਿੰਨੂ ਭਾਵੇਂ ਛੇਤੀ ਖਰਾਬ ਹੋਣ ਵਾਲੀਆਂ ਫ਼ਸਲਾਂ ਹਨ ਪਰ ਤਾਂ ਵੀ ਇਹਨਾਂ ਦੀ ਖੇਤੀ ਕਰਨ ਵਾਲੇ ਬਹੁਤੇ ਕਿਸਾਨ ਇਸ ਸਾਲ ਲਾਭ ਵਿੱਚ ਰਹੇ ਹਨ।

ਫ਼ਲਾਂ ਵਿੱਚ ਉਹਨਾਂ ਨੇ ਅਮਰੂਦ ਦੀ ਕਾਸ਼ਤ ਦੀਆਂ ਸੰਭਾਵਨਾਵਾਂ ਅਤੇ ਵਿਕਰੀ ਬਾਰੇ ਗੱਲ ਕੀਤੀ । ਸਬਜ਼ੀਆਂ ਵਿੱਚ ਪਿਆਜ਼ ਅਤੇ ਲਸਣ ਦੀ ਕਾਸ਼ਤ ਅਤੇ ਨਿਰਯਾਤ ਦੇ ਮੌਕਿਆਂ ਬਾਰੇ ਗੱਲ ਕਰਿਦਆਂ ਡਾ. ਢਿੱਲੋਂ ਨੇ ਕਿਹਾ ਕਿ ਇਹ ਸਾਰਾ ਕੁਝ ਧਿਆਨ ਵਿੱਚ ਰੱਖ ਕੇ ਬਾਗਬਾਨ ਆਪਣੀਆਂ ਫ਼ਸਲਾਂ ਦਾ ਬਿਹਤਰ ਮੁੱਲ ਪ੍ਰਾਪਤ ਕਰ ਸਕਦੇ ਹਨ । ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਸਦੇ ਅਨੁਭਵ ਤੋਂ ਬਹੁਤ ਕੁਝ ਸਿੱਖਣ ਲਈ ਖੋਜ ਅਤੇ ਪਸਾਰ ਮਾਹਿਰਾਂ ਨੂੰ ਪ੍ਰੇਰਿਤ ਕੀਤਾ । ਡਾ. ਢਿੱਲੋਂ ਨੇ ਕਿਹਾ ਕਿ ਰਸੋਈ ਬਗੀਚੀ ਹਰ ਕਿਸਾਨ ਦੀ ਅਜੋਕੀ ਲੋੜ ਹੈ ਅਤੇ ਇਸ ਦੇ ਨਾਲ-ਨਾਲ ਹਾਈਬਿ੍ਰਡ ਬੀਜ ਉਤਪਾਦਨ ਅਤੇ ਜੈਵਿਕ ਖੇਤੀ ਬਾਗਬਾਨੀ ਖੇਤਰ ਦੇ ਧਿਆਨ ਖਿੱਚਣ ਵਾਲੇ ਵਿਸ਼ੇ ਹਨ ।

 

- Advertisement -

ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਸ਼ਲਿੰਦਰਜੀਤ ਕੌਰ ਨੇ ਦੱਸਿਆ ਕਿ 2019-20 ਦੌਰਾਨ 4 ਲੱਖ 80 ਹਜ਼ਾਰ ਫ਼ਲਾਂ ਦੇ ਮਿਆਰੀ ਪੌਦਿਆਂ ਦੀ ਕਿਸਾਨਾਂ ਤੱਕ ਪਹੁੰਚ ਹੋਈ ਜਦਕਿ 2020-21 ਦੌਰਾਨ ਇਸ ਨੂੰ 6 ਲੱਖ ਤੱਕ ਲਿਜਾਣ ਦਾ ਟੀਚਾ ਹੈ। ਉਹਨਾਂ ਬਾਗਬਾਨੀ ਵਿਭਾਗ ਦੀਆਂ ਰੇਸ਼ਮ ਦੇ ਕੀੜਿਆਂ ਨੂੰ ਪਾਲਣ ਦੀਆਂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਲਦ ਹੀ ਵਿਭਾਗ ਵੱਲੋਂ ਪੰਜਾਬ ਸਿਲਕ ਬਰਾਂਡ ਲਾਂਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ 20 ਤੋਂ 25 ਹਜ਼ਾਰ ਕਿਸਾਨ ਰੇਸ਼ਮ ਦੇ ਕੀੜੇ ਪਾਲਣ ਦੇ ਕਿੱਤੇ ਨਾਲ ਜੁੜੇ ਹੋਏ ਹਨ। ਇਸ ਬਾਰੇ ਹੋਰ ਗੱਲ ਕਰਦਿਆਂ ਸ਼ਲਿੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜੋ ਟਿਸ਼ੂ ਕਲਚਰ ਅਧਾਰਿਤ ਆਲੂ ਬੀਜ ਐਕਟ 2020 ਸਾਹਮਣੇ ਲਿਆਏਗਾ। ਉਹਨਾਂ ਨੇ ਪੀ.ਏ.ਯੂ. ਮਾਹਿਰਾਂ ਨੂੰ ਆਲੂ ਦੇ ਨਿਰੋਗ ਬੀਜ ਲਈ ਲੈਬਾਰਟਰੀ ਉਸਾਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਉਚ ਕੀਮਤ ਵਾਲੀਆਂ ਫ਼ਲਦਾਰ ਫ਼ਸਲਾਂ ਜਿਵੇਂ ਡ੍ਰੈਗਨ ਫਰੂਟ, ਐਵੋਕਾਰਡੋ ਆਦਿ ਬਾਰੇ ਕਿਸਾਨਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ ਅਤੇ ਇਹਨਾਂ ਦੀ ਕਾਸ਼ਤ ਦੀਆਂ ਵਿਧੀਆਂ ਅਤੇ ਆਰਥਿਕ ਢਾਂਚਾ ਉਸਾਰੇ ਜਾਣ ਦੀ ਲੋੜ ਹੈ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਬਾਗਬਾਨੀ ਖੇਤਰ ਵਿੱਚ ਹੋ ਰਹੀਆਂ ਖੋਜ ਗਤੀਵਿਧੀਆਂ ਉਪਰ ਰੋਸ਼ਨੀ ਪਾਉਂਦਿਆਂ ਨਵੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੇ ਨਾਲ-ਨਾਲ ਬਾਗਬਾਨੀ ਫ਼ਸਲਾਂ ਦੀ ਤੁੜਾਈ ਉਪਰੰਤ ਸੰਭਾਲ ਦੀਆਂ ਨਵੀਆਂ ਸਿਫ਼ਾਰਸ਼ਾਂ ਨਾਲ ਸਾਂਝ ਪੁਆਈ। ਡਾ. ਬੈਂਸ ਨੇ ਮਿਰਚਾਂ ਦੀ ਨਵੀਂ ਕਿਸਮ ਸੀ ਐਚ-52 ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਮਿਰਚਾਂ ਦੀ ਇਸ ਕਿਸਮ ਦਾ ਔਸਤ ਝਾੜ 106 ਕੁਇੰਟਲ ਪ੍ਰਤੀ ਏਕੜ ਤੱਕ ਆਉਂਦਾ ਹੈ। ਇਹ ਕਿਸਮ ਠੂਠੀ ਰੋਗ, ਜੜ ਗੰਢ ਨੀਮਾਟੋਡ ਅਤੇ ਫ਼ਲ ਗਲਣ ਆਦਿ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਮਿਰਚਾਂ ਦੀ ਇਹ ਦੋਗਲੀ ਕਿਸਮ ਸੁਰੰਗਾਂ ਵਿੱਚ ਕਾਸ਼ਤ ਕਰਨ ਲਈ ਬੇਹੱਦ ਢੁੱਕਵੀਂ ਹੈ। ਇਸ ਵਿੱਚ ਕੁੜੱਤਣ ਦੇ ਤੱਤ ਦੀ ਮਾਤਰਾ 0.9 ਪ੍ਰਤੀਸ਼ਤ ਅਤੇ ਸੁੱਕਾ ਮਾਦਾ 25% ਤੱਕ ਹੁੰਦਾ ਹੈ । ਡਾ. ਬੈਂਸ ਨੇ ਸਟਰਾਅਬੈਰੀ ਦੀਆਂ ਨਵੀਆਂ ਕਿਸਮਾਂ ਚੈਂਡਲਰ ਅਤੇ ਵਿੰਟਰਡਾਨ ਦਾ ਵੀ ਜ਼ਿਕਰ ਕੀਤਾ । ਇਸ ਦੇ ਨਾਲ ਹੀ ਡਾ. ਬੈਂਸ ਨੇ ਨਿੰਬੂ ਜਾਤੀ ਦੇ ਫ਼ਲਾਂ ਦੇ ਗੂੰਦੀਆ ਰੋਗ ਦੀ ਰੋਕਥਾਮ, ਅੰਬ ਦੇ ਚਿੰਟੋ ਰੋਗ ਦੀ ਰੋਕਥਾਮ ਬਾਰੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਹਨਾਂ ਪੌਲੀ ਜਾਂ ਨੈਟ ਹਾਊਸ ਵਿੱਚ ਖੀਰੇ ਦੀ ਜੜ ਗੰਢ ਨਿਮਾਟੋਡ ਦੀ ਰੋਕਥਾਮ ਅਤੇ ਬੈਂਗਣ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਦੇ ਨਾਲ-ਨਾਲ ਭਿੰਡੀ ਵਿੱਚ ਹਰੇ ਤੇਲੇ ਅਤੇ ਚਿਤਕਬਰੀ ਸੁੰਡੀ ਨੂੰ ਰੋਕਣ ਅਤੇ ਮਿਰਚਾਂ ਵਿੱਚ ਫ਼ਲ ਦੀ ਸੁੰਡੀ ਦੀ ਰੋਕਥਾਮ ਲਈ ਪੌਦ ਸੁਰੱਖਿਆ ਤਕਨੀਕਾਂ ਸਾਂਝੀਆਂ ਕੀਤੀਆਂ।

ਇਸ ਤੋਂ ਪਹਿਲਾਂ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਡਾ. ਐਮ ਆਈ ਐਸ ਗਿੱਲ ਨੇ ਧੰਨਵਾਦੀ ਸ਼ਬਦ ਬੋਲਦਿਆਂ ਬਾਗਬਾਨੀ ਫ਼ਸਲਾਂ ਦੇ ਬਿਹਤਰ ਉਤਪਾਦਨ ਲਈ ਮਿਆਰੀ ਨਰਸਰੀ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਬਾਗਬਾਨੀ ਕਰਨ ਵਾਲੇ ਕਿਸਾਨਾਂ ਨੂੰ ਤੁੜਾਈ ਉਪਰੰਤ ਤਕਨੀਕਾਂ ਦੀ ਸਿਖਲਾਈ ਲਈ ਯੂਨੀਵਰਸਿਟੀ ਨਾਲ ਜੁੜਨ ਦੀ ਲੋੜ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਧੰਨਵਾਦ ਦੇ ਸ਼ਬਦ ਕਹੇ । ਡਾ. ਮਾਹਲ ਨੇ ਬਾਗਬਾਨੀ ਫਸਲਾਂ ਨੂੰ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਢੁੱਕਵਾਂ ਬਦਲ ਕਹਿੰਦਿਆਂ ਅੱਜ ਦੀ ਗੋਸ਼ਟੀ ਨੂੰ ਬੇਹੱਦ ਲਾਹੇਵੰਦ ਕਿਹਾ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਮੁੱਚੀ ਗੋਸ਼ਟੀ ਦੀ ਕਾਰਵਾਈ ਨੂੰ ਬੇਹੱਦ ਸੁਚੱਜਤਾ ਨਾਲ ਨੇਪਰੇ ਚਾੜਿਆ।
ਵਰਕਸ਼ਾਪ ਦੌਰਾਨ ਬਹੁਤ ਸਾਰੇ ਤਕਨੀਕੀ ਸੈਸ਼ਨ ਹੋਣਗੇ ਜਿਨਾਂ ਵਿੱਚ ਫ਼ਲਾਂ, ਸਬਜ਼ੀਆਂ, ਫਲੌਰੀਕਲਚਰ ਦੀ ਕਾਸ਼ਤ ਤੋਂ ਇਲਾਵਾ ਬਾਗਬਾਨੀ ਫ਼ਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਅਤੇ ਮੰਡੀਕਰਨ ਬਾਰੇ ਮਾਹਿਰ ਆਪਣੇ ਨੁਕਤੇ ਪੇਸ਼ ਕਰਨਗੇ। ਇਸ ਤੋਂ ਇਲਾਵਾ ਬਾਗਬਾਨੀ ਫ਼ਸਲਾਂ ਦੀ ਢੁੱਕਵੀਂ ਮਸ਼ੀਨਰੀ ਅਤੇ ਇਹਨਾਂ ਦੇ ਆਰਥਿਕ ਵਿਸ਼ਲੇਸ਼ਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

Share this Article
Leave a comment