ਚੰਡੀਗੜ੍ਹ: ਸੰਗਰੂਰ ਦੇ ਭਗਵਾਨਪੁਰਾ ਵਿਖੇ ਦੋ ਸਾਲਾ ਬੱਚੇ ਫ਼ਤਹਿਵੀਰ ਦੇ ਬੋਰਵੈੱਲ ‘ਚ ਡਿੱਗਣ ਕਾਰਨ ਹੋਈ ਮੌਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਫ਼ਤਹਿ ਦੇ ਪਿੰਡ ਨੂੰ ਲਗਦੀ ਸੜਕ ਦਾ ਨਾਂ ‘ਫ਼ਤਹਿਵੀਰ ਰੋਡ’ ਰੱਖਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਭਗਵਾਨਪੁਰਾ ਤੇ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਤੇ ਫ਼ਤਹਿ ਦੇ ਪਰਿਵਾਰ ਦੀ ਅਪੀਲ ਤੋਂ ਬਾਅਦ ਇਹ ਫੈਸਲਾ ਲਿਆ ਹੈ।
ਮੁੱਖ ਮੰਤਰੀ ਨੇ ਸੁਨਾਮ-ਸ਼ੇਰੋਂ-ਕੈਂਚੀਆਂ ਤੋਂ ਸ਼ੇਰੋਂ-ਲੌਂਗੋਵਾਲ ਜਾਂਦੀ ਸੜਕ ਦਾ ਨਾਂ ਫ਼ਤਿਹਵੀਰ ਦੇ ਨਾਮ ‘ਤੇ ਰੱਖਿਆ ਹੈ ਜਿਸ ਦੀ ਲੰਬਾਈ 11.83 ਕਿਮੀ ਹੈ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਤਰਫੋਂ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ, ਸੰਗਰੂਰ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ, ਰਾਜਿੰਦਰ ਸਿੰਘ ਰਾਜਾ ਅਤੇ ਦਮਨ ਬਾਜਵਾ ਸਮੇਤ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਉਨਾਂ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਮੰਤਰੀ ਨੇ ਦੱਸਿਆ ਕਿ ਪਰਿਵਾਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਅਤੇ ਬੇਵਕਤ ਵਿਛੜੀ ਨਿੱਕੀ ਰੂਹ ਨੂੰ ਸਤਿਕਾਰ ਦੇਣ ਵਜੋਂ ਸੂਬਾ ਸਰਕਾਰ ਨੇ ਇਸ ਸੜਕ ਦਾ ਨਾਂ ਉਸ ਬੱਚੇ ਦੇ ਨਾਮ ‘ਤੇ ਰੱਖਣ ਲਈ ਸਹਿਮਤੀ ਪ੍ਰਗਟਾਈ ਹੈ।
ਦੱਸ ਦੇਈਏ ਫ਼ਤਹਿਵੀਰ ਆਪਣੇ ਖੇਤ ਵਿੱਚ ਬਣੇ ਹੋਏ ਪੁਰਾਣੇ ਬੋਰਵੈੱਲ ਵਿੱਚ ਡਿੱਗ ਪਿਆ ਸੀ। ਉਸ ਨੂੰ ਬਚਾਉਣ ਲਈ ਪੰਜ ਦਿਨ ਬਚਾਅ ਕਾਰਜ ਬੇਹੱਦ ਸੁਸਤ ਰਫ਼ਤਾਰ ਨਾਲ ਚੱਲੇ, ਜਿਸ ਬੋਰ ਵਿੱਚ ਫ਼ਤਹਿ ਡਿੱਗਿਆ ਸੀ ਉਸਨੂੰ ਉੱਥੋਂ ਹੀ ਕੁੰਡੀ ਪਾ ਕੇ ਖਿੱਚ ਕੇ ਬਾਹਰ ਕੱਢਿਆ ਗਿਆ ਤੇ ਤੁਰੰਤ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ‘ਤੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।