ਚੰਡੀਗੜ:-ਕੋਵਿਡ-19 ਸੰਕਟ ਅਤੇ ਲੌਕਡਾਊਨ ਦੇ ਚੱਲਦਿਆਂ ਸੂਬਿਆਂ ਦੀਆਂ ਬਿਜਲੀ ਕਾਰਪੋਰੇਸ਼ਨਾਂ ਦੇ ਵਿੱਤ ਉਤੇ ਮਾੜੇ ਪਏ ਪ੍ਰਭਾਵਾਂ ਅਤੇ ਭਾਰੀ ਨਗਦੀ ਘਾਟੇ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬਿਜਲੀ ਸੈਕਟਰ ਨੂੰ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਉਨਾਂ ਇਸ ਮੁਸ਼ਕਲ ਸਮੇਂ ਵਿੱਚ ਖਪਤਕਾਰਾਂ ਨੂੰ ਨਿਰਵਿਘਨ ਸੇਵਾਵਾਂ ਦੇਣ ਲਈ ਪੀ.ਐਸ.ਪੀ.ਸੀ.ਐਲ. ਅਤੇ ਹੋਰਾਂ ਨੂੰ ਮੌਜੂਦਾਂ ਸੰਕਟ ਵਿੱਚੋਂ ਕੱਢਣਾ ਦੀ ਸਿਫਾਰਸ਼ ਵੀ ਕੀਤੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਬਿਜਲੀ ਵਿੱਤ ਕਾਰਪੋਰਸ਼ੇਨ, ਪੇਂਡੂ ਇਲੈਕਟਰੀਫਿਕੇਸ਼ਨ ਕਾਰਪੋਰੇਸ਼ਨ ਲਿਮਟਿਡ ਤੇ ਹੋਰ ਵਿੱਤੀ ਸੰਸਥਾਵਾਂ ਨੂੰ ਬਿਜਲੀ ਸੈਕਟਰ ਨੂੰ ਮਾਲੀਏ ਦਾ ਪਾੜਾ ਪੂਰਾ ਕਰਨ ਲਈ ਘਟੀ ਹੋਈ 6 ਫੀਸਦੀ ਸਾਲਾਨਾ ਦਰ ‘ਤੇ ਕਰਜ਼ਾ ਮੁਹੱਈਆ ਕਰਵਾਉਣਾ ਚਾਹੀਦਾ ਹੈ। ਉਨਾਂ ਨਾਲ ਹੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਕਰਜ਼ੇ ਅਤੇ ਵਿਆਜ਼ਾਂ ਦੇ ਭੁਗਤਾਨ ਦੀਆਂ ਅਦਾਇਗੀਆਂ ਨੂੰ ਤਿੰਨ ਮਹੀਨਿਆਂ ਦੀ ਦਿੱਤੀ ਮੋਹਲਤ ਨੂੰ ਘੱਟੋ-ਘੱਟ ਛੇ ਮਹੀਨੇ ਲਈ ਅੱਗੇ ਪਾ ਦੇਣ ਦੀ ਸਿਫਾਰਸ਼ ਕੀਤੀ। ਇਸ ਤੋਂ ਇਲਾਵਾ ਉਨਾਂ ਸੁਝਾਅ ਦਿੱਤਾ ਕਿ ਮੁਲਤਵੀ ਅਦਾਇਗੀਆਂ ਉਤੇ ਲਾਗੂ ਵਿਆਜ ਦਰ ਨੂੰ ਰਿਆਇਤੀ ਦਰ ‘ਤੇ ਵਿਚਾਰਿਆ ਜਾਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵੱਲੋਂ ਸੀ.ਪੀ.ਸੀ.ਯੂਜ਼/ਜੈਨਕੋਸ/ਟਰਾਂਸਕੋਸ ਨੂੰ ਬਕਾਏ ਵਸੂਲਣ ਲਈ ਜਬਰਦਸਤੀ ਉਪਾਵਾਂ ਦੀ ਵਰਤੋਂ ਨਾ ਕਰਨ ਅਤੇ ਬਿਜਲੀ ਦੀ ਸਪਲਾਈ/ਟਰਾਂਸਮਿਸ਼ਨ ਨੂੰ ਜ਼ਰੂਰੀ ਸੇਵਾ ਵਜੋਂ ਜਾਰੀ ਰੱਖਣ ਦੀ ਸਲਾਹ ਨੂੰ ਘੱਟੋ-ਘੱਟ ਛੇ ਮਹੀਨੇ ਤੱਕ ਵਧਾਉਣਾ ਚਾਹੀਦਾ ਹੈ।