ਗੈਂਗਸਟਰ ਦਲਬੀਰ ਸਿੰਘ ਉਰਫ਼ ਦਲਬੀਰਾ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ,ਭੇਜਿਆ 4 ਦਿਨਾਂ ਦੀ ਰਿਮਾਂਡ ‘ਤੇ

Rajneet Kaur
2 Min Read

ਜਲੰਧਰ: ਜਲੰਧਰ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਦੀ ਸਾਜ਼ਿਸ਼ ਵਿੱਚ ਨਾਮਜ਼ਦ ਗੈਂਗਸਟਰ ਦਲਬੀਰ ਸਿੰਘ ਉਰਫ਼ ਦਲਬੀਰਾ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲਾਰੈਂਸ ਦੇ ਕਰੀਬੀ ਦਲਬੀਰਾ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਨੇ ਅਦਾਲਤ ‘ਚ ਪੇਸ਼ ਕੀਤਾ। ਜਿੱਥੋਂ ਉਸ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਜਿੱਥੇ ਹਥਿਆਰਾਂ ਦੇ ਸੁਰਾਗ ਦਾ ਪਤਾ ਲਗਾਵੇਗੀ, ਉੱਥੇ ਹੀ ਪੁਲਿਸ ਇਸ ਕਤਲ ਵਿਚ ਸ਼ਾਮਲ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰੇਗੀ।

ਦਸ ਦਈਏ ਕਿ ਦਲਬੀਰ ਏਅਰਪੋਰਟ ਤੋਂ ਦੁਬਈ ਜਾਣ ਦੀ ਤਿਆਰੀ ‘ਚ ਸੀ। ਏਅਰਪੋਰਟ ‘ਤੇ ਸੁਰੱਖਿਆ ਏਜੰਸੀਆਂ ਨੇ ਉਸ ਦੀ ਪਛਾਣ ਕਰਕੇ ਉਸ ਨੂੰ ਫੜ ਲਿਆ। ਏਅਰਪੋਰਟ  ਦੀ ਸੁਰੱਖਿਆ ਏਜੰਸੀ ਨੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿੱਥੋਂ ਪੰਜਾਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ।

ਦਸਣਯੋਗ ਹੈ ਕਿ ਦਲਬੀਰਾ  ਖ਼ਿਲਾਫ਼ 28 ਕੇਸ ਦਰਜ ਹਨ।ਇਨ੍ਹਾਂ ‘ਚੋਂ 2 ਕਤਲ ਦੇ ਮਾਮਲੇ ਹਨ, ਜਿਨ੍ਹਾਂ ‘ਚੋਂ ਉਹ ਬਰੀ ਹੋ ਚੁੱਕਾ ਹੈ। ਉਹ 36 ਦਿਨ ਪਹਿਲਾਂ 7 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਲਬੀਰਾ ਖਿਲਾਫ਼ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਫਗਵਾੜਾ, ਹੁਸ਼ਿਆਰਪੁਰ ‘ਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ ਅਤੇ ਹਥਿਆਰ ਸਪਲਾਈ ਕਰਨ ਦੇ ਦੋਸ਼ ‘ਚ ਕੇਸ ਦਰਜ ਹਨ।

Share this Article
Leave a comment