ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਅੱਜ ਫੁੱਲਾਂ ਦੀ ਖੇਤੀ ਅਤੇ ਲੈਂਡਸਕੇਪਿੰਗ ਸੰਬੰਧੀ ਪੰਜ ਰੋਜ਼ਾ ਸਿਖਲਾਈ ਕੈਂਪ ਆਰੰਭ ਹੋਇਆ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਨਿਗਰਾਨੀ ਹੇਠ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਲਗਾਏ ਗਏ ਇਸ ਕੋਰਸ ਵਿੱਚ ਕਸ਼ਮੀਰ ਦੇ ਫਲੌਰੀਕਲਚਰ ਵਿਭਾਗ ਦੇ ਅਧਿਕਾਰੀ ਭਾਗ ਲੈ ਰਹੇ ਹਨ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਕਸ਼ਮੀਰੀ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਸੈਂਟਰ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ। ਫਲੌਰੀਕਲਚਰ ਅਤੇ ਲੈਂਡਸਕੇਕਿਪੰਗ ਵਿਭਾਗ ਦੇ ਮੁਖੀ ਡਾ. ਕੇ ਕੇ ਢੱਟ ਨੇ ਇਸ ਖੇਤਰ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਕੱਟ ਫਲਾਵਰ ਕਾਸ਼ਤਕਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਮਧੂ ਬਾਲਾ ਡਾ. ਪਰਮਿੰਦਰ ਸਿੰਘ, ਡਾ. ਰਣਜੀਤ ਸਿੰਘ ਨੇ ਗੁਲਦਾਉਦੀ ਅਤੇ ਮੈਰੀਗੋਲਡ ਦੇ ਨਾਲ-ਨਾਲ ਸਜਾਵਟੀ ਫੁੱਲਾਂ ਦੀ ਖੇਤੀ ਬਾਰੇ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ। ਇਸ ਕੋਰਸ ਦੌਰਾਨ ਫੁੱਲਾਂ ਦੀ ਖੇਤੀ ਦੇ ਵੱਖ-ਵੱਖ ਨੁਕਤੇ ਅਤੇ ਨਵੀਨਤਮ ਤਕਨੀਕਾਂ ਕਸ਼ਮੀਰੀ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ।