ਸੈਨ-ਮਟਿਓ (ਕੈਲੇਫੋਰਨੀਆਂ)(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਸਥਾਨਿਕ ਸੈਨ-ਮਟਿਓ ਸਿਟੀ ਕਾਲਜ ਵਿੱਚ ਇੰਨਕੋਰ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਦੁਨੀਆਂ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ।ਇਹ ਖੇਡਾਂ ਕਾਲਜ ਦੇ ਟ੍ਰੈਕ ਐਂਡ ਫੀਲਡ ਖੇਤਰ ਵਿੱਚ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿੱਚ ਐਤਕੀਂ ਦੋ ਪੰਜਾਬੀ ਸੀਨੀਅਰ ਗੱਭਰੂਆਂ ਨੇ ਵੀ ਹਿੱਸਾ ਲਿਆ ਤੇ ਕੁਲ 6 ਮੈਡਲ ਆਪਣੇ ਨਾਮ ਕੀਤੇ। ਇਹਨਾਂ ਖਿਡਾਰੀਆ ਵਿੱਚੋ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋ ਵਿੱਚ ਗੋਲਡ ਮੈਡਲ, ਸ਼ਾਟ ਪੁਟ ਵਿੱਚ ਅਤੇ ਡਿਸਕਸ ਥਰੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਇਸ ਤੋਂ ਇਲਾਵਾ ਪਾਮਡੇਲ ਸ਼ਹਿਰ ਦੇ ਹਰਿੰਦਰ ਸਿੰਘ ਚੀਮਾ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਗੋਲਡ ਮੈਡਲ ਅਤੇ ਹੈਮਰ ਥਰੋਅ ਅਤੇ ਜੈਵਲਿਨ ਥਰੋਅ ਵਿੱਚ ਚਾਂਦੀ ਦੇ ਤਗਮੇ ਹਾਸਲ ਕੀਤੇ। ਹਰਿੰਦਰ ਸਿੰਘ ਚੀਮਾ ਮੂਲ ਰੂਪ ਵਿੱਚ ਬੱਸੀ ਪਠਾਣਾ ਦੇ ਰਹਿਣ ਵਾਲੇ ਹਨ, ਅਤੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਬੀ.ਏ ਅਤੇ ਸਰੀਰਕ ਸਿੱਖਿਆ ਦੀਆਂ ਡਿਗਰੀਆਂ ਪੂਰੀਆਂ ਕੀਤੀਆਂ ਹਨ। ਇਹ ਸਾਲ ਦੀਆਂ ਆਖਰੀ ਖੇਡਾਂ ਸਨ।
ਸੈਨ ਫਰਾਂਸਿਸਕੋ ਬੇ ਏਰੀਆ ਵਿੱਚ ਬਰਸਾਤ ਦਾ ਦਿਨ ਸੀ, ਫਿਰ ਵੀ 200+ ਪੁਰਸ਼ ਅਤੇ ਔਰਤ ਅਥਲੀਟਾਂ ਨੇ ਖੇਡਾਂ ਵਿੱਚ ਹਿੱਸਾ ਲਿਆ। ਦੂਜੇ ਰਾਜਾਂ ਦੇ ਐਥਲੀਟ ਵੀ 10 ਮਈ ਤੋਂ 23, 2021 ਤੱਕ ਫੋਰਟ ਲਾਡਰਡੇਲ, ਫਲੋਰੀਡਾ ਵਿੱਚ ਹੋਣ ਵਾਲੀਆਂ ਰਾਸ਼ਟਰੀ ਸੀਨੀਅਰ ਖੇਡਾਂ ਲਈ ਕੁਆਲੀਫਾਈ ਕਰਨ ਲਈ ਮੁਕਾਬਲਾ ਕਰਨ ਲਈ ਆਏ ਸਨ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਫਰਿਜ਼ਨੋ ਗੁਰਬਖਸ਼ ਸਿੰਘ ਸਿੱਧੂ ਪਹਿਲਾਂ ਵੀ ਸੀਨੀਅਰ ਗੇਮਾਂ ਵਿੱਚ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰ ਚੁੱਕੇ ਹਨ।