ਨਵੀਂ ਦਿੱਲੀ : ਅਸਦ-ਉਦ-ਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (AIMIM) ਦੇ ਮੰਚ ‘ਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਵਾਲੀ ਲੜਕੀ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰ ਅਦਾਲਤ ਨੇ ਉਕਤ ਲੜਕੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਨਾਅਰੇ ਲਾਉਣ ਵਾਲੀ ਪ੍ਰਦਰਸ਼ਨਕਾਰੀ ਲੜਕੀ ਦਾ ਨਾਮ ਅਮੂਲਿਆ ਲਿਓਨਾ ਦੱਸਿਆ ਜਾ ਰਿਹਾ ਹੈ।
ਅਮੂਲਿਆ ਲਿਓਨਾ ਨੂੰ ਪਰੱਪਨਾ ਅਗਰਹਾਰਾ ਦੀ ਕੇਂਦਰੀ ਜੇਲ੍ਹ ‘ਚ ਰੱਖਿਆ ਗਿਆ ਹੈ। ਜਿੱਥੇ ਬੈਂਗਲੁਰੂ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸਦੇ ਨਾਲ ਹੀ ਬੰਗਲੁਰੂ ਪੁਲਿਸ ਨੇ ਨਾਗਰਿਕਤਾ ਸੋਧ ਐਕਟ (CAA) ਦੇ ਖਿਲਾਫ ਫਰੀਡਮ ਪਾਰਕ ‘ਚ ਆਯੋਜਿਤ ਰੈਲੀ ਦੇ ਪ੍ਰਬੰਧਕਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ।
ਕੀ ਹੈ ਪੂਰਾ ਮਾਮਲਾ ?
ਦਰਅਸਲ ਬੀਤੇ ਵੀਰਵਾਰ (AIMIM) ਦੇ ਮੁੱਖੀ ਨਾਗਰਿਕਤਾ ਸੋਧ ਐਕਟ (CAA) ਤੇ ਐੱਨ.ਆਰ.ਸੀ (NRC) ਦੇ ਵਿਰੋਧ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਬੈਂਗਲੁਰੂ ਪਹੁੰਚੇ ਸਨ। ਜਦੋਂ ਅਸਦ-ਉਦ-ਦੀਨ ਓਵੈਸੀ ਰੈਲੀ ਨੂੰ ਸੰਬੋਧਨ ਕਰਨ ਹੀ ਵਾਲੇ ਸਨ ਤਾਂ ਉਸ ਸਮੇਂ ਹੀ ਇਕ ਲੜਕੀ ਨੇ ਸਟੇਜ ‘ਤੇ ਆ ਕੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਓਵੈਸੀ ਨੇ ਸਟੇਜ ਤੋਂ ਹੀ ਉਸ ਲੜਕੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਮੰਚ ‘ਤੇ ਮੌਜੂਦ ਪੁਲਿਸ ਕਰਮੀਆਂ ਨੇ ਲੜਕੀ ਨੂੰ ਹਿਰਾਸਤ ‘ਚ ਲੈ ਲਿਆ।