ਚੰਡੀਗੜ੍ਹ : ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਆਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ ਹੁਣ ਖੁਲ੍ਹ ਕੇ ਸਾਹਮਣੇ ਆ ਗਏ ਹਨ। ਗਿਆਨੀ ਜੀ ਅਨੁਸਾਰ ਲੋਕ ਉਨ੍ਹਾਂ ਨੂੰ ਬਦਨਾਮ ਕਰਨ ਲਈ ਬੇਬੁਨਿਆਦ ਦੋਸ਼ ਲਾ ਰਹੇ ਹਨ, ਜਦਕਿ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਜਰੂਰ ਸੀ ਪਰ ਉਹ ਇਸ ਲਈ ਕਿਉਂਕਿ ਉਨ੍ਹਾ ਦੀ ਪਹਿਲੀ ਪਤਨੀ ਉਨ੍ਹਾਂ ਨੂੰ ਅਤੇ ਬੱਚਿਆਂ ਨੂੰ ਕਿਸੇ ਕਾਰਨ ਵਸ਼ ਛੱਡ ਕੇ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਹਾਲਾਤ ਇਹ ਰਹੇ ਕਿ ਇਹ ਵਿਆਹ ਵੀ ਜ਼ਿਆਦਾ ਦੇਰ ਨਹੀਂ ਚੱਲਿਆ, ਪਰ ਉਨ੍ਹਾਂ ਨੇ ਤਖ਼ਤ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਕੋਈ ਕਾਨੂੰਨੀ ਮਦਦ ਨਹੀਂ ਲਈ। ਇਸ ਸਪੱਸ਼ਟੀ ਕਰਨ ਨਾਲ ਗਿਆਨੀ ਜੀ ਨੇ ਉਨ੍ਹਾਂ ਲੋਕਾਂ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਵੀ ਧਮਕੀ ਦਿੱਤੀ ਹੈ ਜਿਹੜੇ ਉਨ੍ਹਾਂ ਕਥਿਤ ਖ਼ਿਲਾਫ ਝੂਠਾ ਪ੍ਰਚਾਰ ਕਰ ਰਹੇ ਹਨ।
ਦੱਸ ਦਈਏ ਕਿ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਕਮਿੱਕਰ ਸਿੰਘ ਨੇ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਇੱਕ ਲਿਖਤੀ ਸ਼ਕਾਇਤ ਦਰਜ਼ ਕਰਵਾਈ ਸੀ ਕਿ ਗਿਆਨੀ ਇਕਬਾਲ ਸਿੰਘ ਨੇ ਧਾਰਮਿਕ ਆਹੁਦੇ ‘ਤੇ ਰਹਿੰਦਿਆਂ ਇੱਕ ਤੋਂ ਵੱਧ ਵਿਆਹ ਕਰਵਾਏ, ਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਤੋਂ ਛੋਟੀ ਉਮਰ ਦੀ ਲੜਕੀ ਨਾਲ ਵਿਆਹ ਕਰਵਾ ਕੇ ਉਸ ਨੂੰ ਵੀ ਛੱਡ ਦਿੱਤਾ ਸੀ। ਇਹ ਰੇੜ੍ਹਕਾ ਕਈ ਦਿਨ ਚੱਲਣ ਤੋਂ ਬਾਅਦ ਹੁਣ ਗਿਆਨੀ ਇਕਬਾਲ ਸਿੰਘ ਵੀ ਆਪਣੇ ਵਿਰੋਧੀਆਂ ਦੇ ਖ਼ਿਲਾਫ ਖੁਲ੍ਹ ਕੇ ਮੈਦਾਨ ਵਿੱਚ ਆ ਗਏ ਹਨ ਤੇ ਉਨ੍ਹਾਂ ਨੇ ਇਸ ਸ਼ਕਾਇਤ ਨੂੰ ਆਪਣੇ ਚਰਿੱਤਰ ‘ਤੇ ਦਾਗ ਗਰਦਾਨਿਆ ਹੈ।
ਗਿਆਨੀ ਇਕਬਾਲ ਸਿੰਘ ਨੇ ਇਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ, ਕਿ ਕਿਸੇ ਕਾਰਨਵਸ਼ ਜਦੋਂ ਉਨ੍ਹਾਂ ਦੀ ਪਹਿਲੀ ਪਤਨੀ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ, ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸੰਭਾਲ ਅਤੇ ਪਰਿਵਾਰ ਚਲਾਉਣ ਦੀ ਜਿੰਮੇਵਾਰੀ ਵਿੱਚ ਸਹਾਇਤਾ ਕਰਨ ਲਈ ਬਲਜੀਤ ਕੌਰ ਨਾਮ ਦੀ ਇੱਕ ਔਰਤ ਨਾਲ ਵਿਆਹ ਕਰਵਾਉਣਾ ਪਿਆ। ਜਿਹੜੀ ਕਿ ਉਨ੍ਹਾਂ ਤੋਂ ਇੱਕ ਸਾਲ ਵੱਡੀ ਹੈ। ਗਿਆਨੀ ਜੀ ਅਨੁਸਾਰ ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਦੂਜੀ ਪਤਨੀ ਨੂੰ ਆਪਣੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਸੀ ਪਰ ਬਦਕਿਸਮਤੀ ਨਾਲ ਬਲਜੀਤ ਕੌਰ ਵੀ ਉਨ੍ਹਾਂ ਤੋਂ ਅਲੱਗ ਹੋ ਗਈ। ਉਨ੍ਹਾਂ ਕਿਹਾ ਕਿ ਇੱਕ ਤਖ਼ਤ ਦਾ ਜ਼ਥੇਦਾਰ ਹੋਣ ਦੇ ਨਾਤੇ, ਉਨ੍ਹਾਂ ਨੇ ਧਾਰਮਿਕ ਮਰਿਆਦਾ ਨੂੰ ਧਿਆਨ ਵਿੱਚ ਰਖਦਿਆਂ ਨਾਂ ਤਾਂ ਪੁਲਿਸ ਦੀ ਸਹਾਇਤਾ ਲਈ, ਤੇ ਨਾਂ ਅਦਾਲਤ ਦੀ। ਉਨ੍ਹਾਂ ਕਿਹਾ ਕਿ ਇਸ ਦਾ ਫਾਇਦਾ ਵਿਰੋਧੀਆਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਚੁੱਕਿਆ। ਜਦਕਿ ਉਹ ਇਹ ਸੱਚਾਈ ਪਹਿਲਾਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਦੱਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਦੇ ਖ਼ਿਲਾਫ ਉਹ ਤੇ ਉਨ੍ਹਾਂ ਦਾ ਪਰਿਵਾਰ ਕਾਨੂੰਨੀ ਕਾਰਵਾਈ ਕਰੇਗਾ।