ਨਵੀਂ ਦਿੱਲੀ : ਆਈਪੀਐਲ ਇਤਿਹਾਸ ‘ਚ ਦੋ ਸਭ ਤੋਂ ਸਫਲ ਟੀਮਾਂ ਵਿਚਕਾਰ ਬੀਤੇ ਕੱਲ੍ਹ ਯਾਨੀ ਐਤਵਾਰ ਨੂੰ 12ਵੇਂ ਸੀਜ਼ਨ ਦਾ ਫਾਇਨਲ ਮੁਕਾਬਲਾ ਖੇਡਿਆ ਗਿਆ। ਇਸ ਰੋਮਾਂਚਕ ਮੈਚ ‘ਚ ਮੁੰਬਈ ਨੇ ਚੇਨਈ ਨੂੰ ਹਰਾ ਕੇ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੈਚ ‘ਚ ਜਿੱਥੇ ਰੋਹਿਤ ਦੀ ਕਪਤਾਨੀ ਵਾਲੀ ਮੁੰਬਈ ਟੀਮ ਨੇ ਜਿੱਤ ਹਾਸਲ ਕੀਤੀ, ਉੱਥੇ ਹੀ ਧੋਨੀ ਦੀ ਕਪਤਾਨੀ ਵਾਲੀ ਚੇਨਈ ਟੀਮ ਰਨਰ ਅੱਪ ਰਹੀ। ਹਾਲਾਂਕਿ ਵੱਡੀ ਧਨ ਰਾਸ਼ੀ ਵਾਲਾ ਇਨਾਮ ਜਿੱਤ ਹਾਸਲ ਕਰਨ ਵਾਲੀ ਅਤੇ ਰਨਰਅੱਪ ਟੀਮ ਦੋਨਾਂ ਨੇ ਹਾਸਲ ਕੀਤਾ।
ਜਾਣਕਾਰੀ ਮੁਤਾਬਕ ਪ੍ਰਸਿੱਧ ਕ੍ਰਿਕਿਟ ਖਿਡਾਰੀ ਰੋਹਿਤ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਨੇ ਆਈਪੀਐਲ 2019 ਚੈਂਪੀਅਨ ਬਣਨ ‘ਤੇ 20 ਕਰੋੜ ਰੁਪਏ ਦੀ ਧਨ ਰਾਸ਼ੀ ਵਾਲਾ ਚੈਕ ਹਾਸਲ ਕੀਤਾ। ਇਸ ਤੋਂ ਇਲਾਵਾ ਰਨਰ ਅੱਪ ਟੀਮ ਭਾਵ ਜਿਸ ਦੀ ਕਪਤਾਨੀ ਧੋਨੀ ਕਰ ਰਹੇ ਸਨ ਉਨ੍ਹਾਂ ਨੂੰ ਵੀ 12.5 ਕਰੋੜ ਰੁਪਏ ਦੀ ਧਨ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਦੱਸ ਦਈਏ ਕਿ ਪਿਛਲੇ 11 ਸਾਲਾਂ ‘ਚ ਆਈਪੀਐਲ ਦੀ ਇਨਾਮੀ ਰਾਸ਼ੀ ‘ਚ 300 ਫੀਸਦੀ ਵਾਧਾ ਹੋਇਆ ਹੈ। ਪਹਿਲੀ ਵਾਰ 2008 ‘ਚ 4.8 ਕਰੋੜ ਰੁਪਏ ਮਿਲੇ ਸਨ, ਉੱਥੇ ਹੀ 2015 ‘ਚ ਇਹ ਧਨ ਰਾਸ਼ੀ ਵਧ ਕੇ 15 ਕਰੋੜ ਹੋ ਗਈ ਅਤੇ ਪਿਛਲੇ ਸਾਲ ਉਸ ਤੋਂ ਵੀ ਵਧ ਕੇ 20 ਕਰੋੜ ਹੋ ਗਈ। ਇਨ੍ਹਾਂ ਟੀਮਾਂ ਤੋਂ ਇਲਾਵਾ ਤੀਸਰੇ ਨੰਬਰ ‘ਤੇ ਆਉਣ ਵਾਲੀ ਦਿੱਲੀ ਟੀਮ ਨੂੰ 10.5 ਕਰੋੜ ਰੁਪਏ ਅਤੇ ਚੌਥੇ ਨੰਬਰ ‘ਤੇ ਆਉਣ ਵਾਲੀ ਟੀਮ ਹੈਦਰਾਬਾਦ ਨੂੰ 8.75 ਕਰੋੜ ਰੁਪਏ ਦਾ ਇਨਾਮ ਮਿਲਿਆ ਹੈ।