ਅੰਮ੍ਰਿਤਸਰ : ਕੋਵਿਡ 19 ਦੇ ਪ੍ਰਕੋਪ ਤੋਂ ਸ਼ਹਿਰ ਵਾਸੀਆਂ ਨੂੰ ਮੁਕਤ ਕਰਨ ਲਈ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਸ਼ਹਿਰ ਵਿਚ ਵਿਆਪਕ ਪੱਧਰ ਉਤੇ ਸਫਾਈ ਮੁਹਿੰਮ ਚਲਾਈ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਬੈਟਰੀ ਨਾਲ ਚੱਲਦੇ ਆਟੋ ਉਤੇ ਸਪੀਕਰ ਲਗਾ ਕੇ ਲੋਕਾਂ ਨੂੰ ਇਸ ਮੌਕੇ ਘਰਾਂ ਵਿਚ ਰਹਿਣ, ਸਾਫ-ਸਫਾਈ ਰੱਖਣ, ਹੱਥ ਧੋ ਕੇ ਖਾਣ-ਪੀਣ, ਇਕ ਦੂਸਰੇ ਤੋਂ ਦੂਰ ਰਹਿਣ, ਬਾਹਰ ਨਾ ਨਿਕਲਣ ਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀਆਂ ਪਾਲਣਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਕਾਰਪੋਰੇਸ਼ਨ ਦੇ ਸਹਾਇਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਮਾਣਯੋਗ ਮੇਅਰ ਸ. ਕਰਮਜੀਤ ਸਿੰਘ ਰਿੰਟੂ ਲਗਾਤਾਰ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਇਸ ਅਹਿਮ ਮੁੱਦੇ ਉਤੇ ਮਾਰਗ ਦਰਸ਼ਨ ਕਰ ਰਹੇ ਹਨ। ਉਨਾਂ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਸ਼ਹਿਰ ਨੂੰ ਵਾਇਰਸ ਤੋਂ ਮੁਕਤ ਕਰਨ ਲਈ ਸੋਡੀਅਮ ਹਾਈਪੋਕਲੋਰਾਇਡ ਦੀ ਸਪਰੇਅ ਕਰਵਾਈ ਜਾ ਰਹੀ ਹੈ, ਤਾਂ ਕਿ ਸ਼ਹਿਰ ਦੀਆਂ ਜਨਤਕ ਥਾਵਾਂ ਤੋਂ ਵਾਇਰਸ ਦਾ ਅਸਰ ਖਤਮ ਕੀਤਾ ਜਾ ਸਕੇ।
ਰਿਸ਼ੀ ਨੇ ਦੱਸਿਆ ਕਿ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਕੋਮਲ ਮਿੱਤਲ ਦੀ ਅਗਵਾਈ ਹੇਠ ਅੱਜ ਵੀ ਕਰਫਿਊ ਦੇ ਬਾਵਜੂਦ ਸਫਾਈ ਟੀਮਾਂ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਉਤੇ ਸਫਾਈ ਕਰਦੀਆਂ ਰਹੀਆਂ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕਰਫਿਊ ਦੇ ਦਿਨਾਂ ਦੌਰਾਨ ਸ਼ਹਿਰ ਨੂੰ ਵਾਇਰਸ ਤੋਂ ਮੁਕਤ ਕਰ ਦਿੱਤਾ ਜਾਵੇ। ਸ੍ਰੀ ਰਿਸ਼ੀ ਨੇ ਦੱਸਿਆ ਕਿ ਜੁਇੰਟ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਨਿਤਿਸ਼ ਸਿੰਗਲਾ ਇਸ ਸਫਾਈ ਮੁਹਿੰਮ ਨੂੰ ਸੈਕਟਰਾਂ ਵਿਚ ਵੰਡ ਕੇ ਚਲਾ ਰਹੇ ਹਨ, ਤਾਂ ਕਿ ਸ਼ਹਿਰ ਦਾ ਕੋਈ ਵੀ ਹਿੱਸਾ ਸਫਾਈ ਜਾਂ ਸਪਰੇਅ ਤੋਂ ਵਾਂਝਾ ਨਾ ਰਹੇ। ਸ੍ਰੀ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਸਰਕਾਰ ਦਾ ਸਾਥ ਦੇਣ ਅਤੇ ਕੋਸ਼ਿਸ਼ ਕਰਨ ਕਿ ਬਿਨਾਂ ਕਿਸੇ ਅਜਿਹੇ ਜ਼ਰੂਰੀ ਕੰਮ ਦੇ ਘਰੋਂ ਨਾ ਨਿਕਲਣ।