ਨਿਊਯਾਰਕ: ਨਿਊਯਾਰਕ ਸ਼ਹਿਰ ਦੀ ਸਿਆਸਤ ਵਿੱਚ ਇੱਕ ਨਵਾਂ ਤੇ ਚਿਹਰਾ ਸਾਹਮਣੇ ਆਇਆ ਹੈ, ਜੋ ਭਾਰਤੀ ਮੂਲ ਦਾ ਹੈ। ਉਹਨਾਂ ਦਾ ਨਾਮ ਹੈ ਜ਼ੋਹਰਾਨ ਮਮਦਾਨੀ। 33 ਸਾਲ ਦੇ ਇਸ ਨੌਜਵਾਨ ਨੇਤਾ ਨੇ ਡੈਮੋਕ੍ਰੈਟਿਕ ਪਾਰਟੀ ਦੇ ਮੇਅਰ ਅਹੁਦੇ ਲਈ ਹੋਈ ਪ੍ਰਾਇਮਰੀ ਚੋਣਾਂ ਵਿੱਚ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਹੈਰਾਨੀਜਨਕ ਢੰਗ ਨਾਲ ਹਰਾਇਆ ਹੈ। ਮਮਦਾਨੀ ਦੀ ਜਿੱਤ ਨੂੰ ਨਾ ਸਿਰਫ਼ ਇੱਕ ਸਿਆਸੀ ਉਲਟਫੇਰ ਵਜੋਂ ਵੇਖਿਆ ਜਾ ਰਿਹਾ ਹੈ, ਸਗੋਂ ਅਮਰੀਕੀ ਸਿਆਸਤ ਵਿੱਚ ਪ੍ਰਗਤੀਸ਼ੀਲ ਵਰਗ ਦੀ ਵੱਡੀ ਸਫਲਤਾ ਵੀ ਮੰਨਿਆ ਜਾ ਰਿਹਾ ਹੈ।
ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮਮਦਾਨੀ ਨੇ ਕਿਹਾ, “ਅੱਜ ਰਾਤ ਅਸੀਂ ਇਤਿਹਾਸ ਰਚ ਦਿੱਤਾ ਹੈ। ਮੈਂ ਨਿਊਯਾਰਕ ਸਿਟੀ ਦਾ ਡੈਮੋਕ੍ਰੈਟਿਕ ਮੇਅਰ ਉਮੀਦਵਾਰ ਬਣ ਗਿਆ ਹਾਂ।” ਹਾਲਾਂਕਿ ਅੰਤਿਮ ਨਤੀਜੇ ‘ਰੈਂਕਡ ਚੁਆਇਸ ਵੋਟਿੰਗ’ ਦੇ ਆਧਾਰ ‘ਤੇ ਤੈਅ ਹੋਣਗੇ, ਪਰ ਪਹਿਲੇ ਗੇੜ ਦੀ ਵੋਟ ਗਿਣਤੀ ਵਿੱਚ ਮਮਦਾਨੀ ਨੂੰ ਇੰਨੀ ਮਜ਼ਬੂਤ ਬੜਤ ਮਿਲੀ ਹੈ ਕਿ ਤੇ ਉਹਨਾਂ ਦੀ ਜਿੱਤ ਹੁਣ ਲਗਭਗ ਤੈਅ ਮੰਨੀ ਜਾ ਰਹੀ ਹੈ।
ਕੁਓਮੋ ਨੂੰ ਮੰਨਣੀ ਪਈ ਹਾਰ
ਚਾਰ ਸਾਲ ਪਹਿਲਾਂ ਯੌਨ ਸ਼ੋਸ਼ਣ ਦੇ ਇਲਜ਼ਾਮਾਂ ਕਾਰਨ ਗਵਰਨਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਐਂਡਰਿਊ ਕੁਓਮੋ ਇਸ ਵਾਰ ਮੇਅਰ ਦੀ ਦੌੜ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਪਹਿਲੇ ਗੇੜ ਦੇ ਨਤੀਜਿਆਂ ਵਿੱਚ ਉਹ ਮਮਦਾਨੀ ਤੋਂ ਕਾਫੀ ਪਿੱਛੇ ਰਹਿ ਗਏ। ਕੁਓਮੋ ਨੇ ਆਪਣੀ ਹਾਰ ਸਵੀਕਾਰ ਕਰਦਿਆਂ ਕਿਹਾ, “ਇਹ ਰਾਤ ਮਮਦਾਨੀ ਦੀ ਹੈ। ਉਸ ਨੇ ਜਿੱਤ ਹਾਸਲ ਕੀਤੀ ਹੈ ਅਤੇ ਉਹ ਇਸ ਦਾ ਹੱਕਦਾਰ ਹੈ।” ਉਨ੍ਹਾਂ ਨੇ ਮਮਦਾਨੀ ਨੂੰ ਫੋਨ ਕਰਕੇ ਵਧਾਈ ਵੀ ਦਿੱਤੀ।
ਭਾਰਤ ਨਾਲ ਖਾਸ ਸਬੰਧ
ਜ਼ੋਹਰਾਨ ਮਮਦਾਨੀ ਦੀ ਚੋਣ ਮੁਹਿੰਮ ਮੁੱਖ ਤੌਰ ‘ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ‘ਤੇ ਕੇਂਦਰਿਤ ਸੀ। ਮਹਿੰਗਾਈ, ਕਿਰਾਇਆ ਰਾਹਤ, ਬੱਚਿਆਂ ਦੀ ਮੁਫਤ ਦੇਖਭਾਲ ਅਤੇ ਅਮੀਰਾਂ ‘ਤੇ ਟੈਕਸ ਵਧਾਉਣ ਵਰਗੇ ਮੁੱਦੇ ਐਲਾਨ ਪੱਤਰ ਵਿੱਚ ਸ਼ਾਮਲ ਸਨ। ਮਮਦਾਨੀ ਦੇ ਸਮਰਥਨ ਵਿੱਚ ਰਿਪ੍ਰਜ਼ੈਂਟੇਟਿਵ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਅਤੇ ਸੈਨੇਟਰ ਬਰਨੀ ਸੈਂਡਰਸ ਵਰਗੇ ਵੱਡੇ ਪ੍ਰਗਤੀਸ਼ੀਲ ਨੇਤਾ ਵੀ ਸਾਹਮਣੇ ਆਏ, ਜਿਸ ਨਾਲ ਮਮਦਾਨੀ ਦੀ ਪ੍ਰਸਿੱਧੀ ਵਿੱਚ ਜ਼ਬਰਦਸਤ ਵਾਧਾ ਹੋਇਆ। ਜ਼ੋਹਰਾਨ ਮਮਦਾਨੀ ਦਾ ਭਾਰਤ ਨਾਲ ਡੂੰਘਾ ਸਬੰਧ ਹੈ। ਉਹ ਮਸ਼ਹੂਰ ਭਾਰਤੀ ਡਾਕੂਮੈਂਟਰੀ ਫਿਲਮਕਾਰ ਮੀਰਾ ਨਾਇਰ ਦੇ ਪੁੱਤਰ ਹਨ। ਉਹਨਾਂ ਦੀ ਪਰਵਰਿਸ਼ ਇੱਕ ਬਹੁ-ਸਭਿਆਚਾਰਕ ਮਾਹੌਲ ਵਿੱਚ ਹੋਈ ਹੈ, ਜੋ ਉਹਨਾਂ ਦੀ ਸਿਆਸਤ ਵਿੱਚ ਵੀ ਸਾਫ਼ ਝਲਕਦੀ ਹੈ।