ਚੰਡੀਗੜ੍ਹ : ਪੰਜਾਬ ਭਰ ਵਿਚ 14 ਦਸੰਬਰ ਨੂੰ ਹੋਈਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ । ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। ਅਜੇ ਤਕ ‘ਆਪ’ 347 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿੱਚੋਂ 18 ‘ਤੇ ਅੱਗੇ ਹੈ। 2,838 ਬਲਾਕ ਸੰਮਤੀ ਸੀਟਾਂ ਵਿੱਚੋਂ, ‘ਆਪ’ 263 ‘ਤੇ ਅੱਗੇ ਹੈ। ਕਾਂਗਰਸ ਨੌਂ ਸੀਟਾਂ ‘ਤੇ, ਅਕਾਲੀ ਦਲ ਚਾਰ ‘ਤੇ, ਭਾਜਪਾ ਇੱਕ ‘ਤੇ ਅਤੇ ਹੋਰ ਦੋ ਸੀਟਾਂ ‘ਤੇ ਅੱਗੇ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ 14 ਦਸੰਬਰ ਨੂੰ ਹੋਈ ਸੀ, ਜਿਸ ਵਿੱਚ 40 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਸ ਦੌਰਾਨ ਬੂਥ ਕੈਪਚਰਿੰਗ ਅਤੇ ਪ੍ਰਿੰਟਿੰਗ ਗਲਤੀਆਂ ਕਾਰਨ ਪੰਜ ਜ਼ਿਲ੍ਹਿਆਂ ਦੇ 16 ਬੂਥਾਂ ‘ਤੇ ਵੋਟਿੰਗ ਰੱਦ ਹੋ ਗਈ ਸੀ। ਇਸ ਤੋਂ ਬਾਅਦ ਇਹ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚਿਆ, ਅਤੇ 16 ਦਸੰਬਰ ਨੂੰ ਇਨ੍ਹਾਂ ਥਾਵਾਂ ‘ਤੇ ਦੁਬਾਰਾ ਵੋਟਿੰਗ ਹੋਈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ 196 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।
ਇਨ੍ਹਾਂ ਵਿੱਚ 15 ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼ਾਮਲ ਹਨ। ਤਰਨਤਾਰਨ ਵਿੱਚ ਬਾਰਾਂ ਅਤੇ ਅੰਮ੍ਰਿਤਸਰ ਵਿੱਚ ਤਿੰਨ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਸ ਦੌਰਾਨ, ਬਲਾਕ ਸੰਮਤੀ ਦੇ 181 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ। ਇਨ੍ਹਾਂ ਵਿੱਚ ਤਰਨਤਾਰਨ ਵਿੱਚ 98, ਅੰਮ੍ਰਿਤਸਰ ਵਿੱਚ 63, ਹੁਸ਼ਿਆਰਪੁਰ ਵਿੱਚ 17, ਮਲੇਰਕੋਟਲਾ ਵਿੱਚ ਦੋ ਅਤੇ ਐਸਬੀਐਸ ਨਗਰ ਵਿੱਚ ਇੱਕ ਉਮੀਦਵਾਰ ਸ਼ਾਮਲ ਹੈ। ਇਹ ਸਾਰੇ ਆਮ ਆਦਮੀ ਪਾਰਟੀ (ਆਪ) ਨਾਲ ਜੁੜੇ ਹੋਏ ਹਨ।
ਅੱਜ ਜਿਵੇਂ ਹੀ ਗਿਣਤੀ ਸ਼ੁਰੂ ਹੋਈ, ਲੁਧਿਆਣਾ ਦੇ ਮੁੱਲਾਂਪੁਰ ਦਾਖਾ ਸਥਿਤ ਜੀਟੀਵੀ ਕਾਲਜ ਦੇ ਗਿਣਤੀ ਕੇਂਦਰ ਵਿੱਚ ਹੰਗਾਮਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਆਗੂਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਲੁਧਿਆਣਾ ਵਿੱਚ ‘ਆਪ’ 16 ਬਲਾਕ ਸੰਮਤੀ ਸੀਟਾਂ ‘ਤੇ ਅੱਗੇ ਹੈ, ਕਾਂਗਰਸ 12 ‘ਤੇ, ਸ਼੍ਰੋਮਣੀ ਅਕਾਲੀ ਦਲ 5 ‘ਤੇ ਅਤੇ ਆਜ਼ਾਦ 4 ‘ਤੇ ਅੱਗੇ ਹੈ। ਸਮਰਾਲਾ ਦੇ 15 ਜ਼ੋਨਾਂ ਵਿੱਚੋਂ ਦਸ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਨੇ ਪੰਜ ਸੀਟਾਂ, ਕਾਂਗਰਸ ਨੇ ਦੋ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਸੀਟਾਂ ਜਿੱਤੀਆਂ ਹਨ। ਬਾਕੀ ਸੀਟਾਂ ਲਈ ਗਿਣਤੀ ਜਾਰੀ ਹੈ। ਇਸ ਦੇ ਨਾਲ ਹੀ ਬਲਾਕ ਸਮਿਤੀ ਅਜਨਾਲਾ ਦੇ ਜ਼ੋਨ ਜਗਦੇਵ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਨੇ ਚੋਣ ਜਿੱਤ ਲਈ ਹੈ।

