ਫ਼ਿਲੌਰ: ਵੀਰਵਾਰ ਤੜਕੇ ਫ਼ਿਲੌਰ-ਤੇਹਿੰਗ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਓਵਰਲੋਡ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਭੈਣ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਅਰਜੁਨ ਸਾਹਨੀ (੨੧) ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਮੋਟਰਸਾਈਕਲ ਸਮੇਤ ਸੜਕ ਕਿਨਾਰੇ ਖੇਤਾਂ ਵਿੱਚ ਜਾ ਪਲਟਿਆ।
ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।ਨੌਜਵਾਨ ਦਾ ਦੋ ਮਹੀਨੇ ਬਾਅਦ ਵਿਆਹ ਸੀ। ਬਸਪਾ ਹਲਕਾ ਫ਼ਿਲੌਰ ਦੇ ਇੰਚਾਰਜ ਖ਼ੁਸ਼ੀ ਰਾਮ ਅਤੇ ਮ੍ਰਿਤਕ ਦੇ ਪਿਤਾ ਸ਼ੰਕਰ ਨੇ ਦੱਸਿਆ ਕਿ ਅਰਜੁਨ ਸਾਹਨੀ (21) ਰੋਜ਼ਾਨਾ ਦੀ ਤਰ੍ਹਾਂ ਆਪਣੀ ਭੈਣ ਪ੍ਰਿਆ (23) ਨੂੰ ਮੋਟਰਸਾਈਕਲ ‘ਤੇ ਫ਼ੈਕਟਰੀ ਛੱਡਣ ਜਾ ਰਿਹਾ ਸੀ। ਜਿਵੇਂ ਹੀ ਉਹ ਫ਼ਿਲੌਰ-ਤੇਹਿੰਗ ਰੋਡ ‘ਤੇ ਪਹੁੰਚੇ, ਤਾਂ ਇੱਕ ਓਵਰਲੋਡ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਟਰੱਕ ਦੇ ਹੇਠਾਂ ਹੀ ਫ਼ਸ ਗਿਆ ਅਤੇ ਟਰੱਕ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਪਲਟਿਆ। ਹਾਦਸਾ ਹੁੰਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਭਾਰੀ ਮਸ਼ੱਕਤ ਤੋਂ ਬਾਅਦ ਦੋਵਾਂ ਭੈਣ-ਭਰਾ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਿਵਲ ਹਸਪਤਾਲ ਫ਼ਿਲੌਰ ਪਹੁੰਚਾਇਆ।
ਸਿਵਲ ਹਸਪਤਾਲ ਫ਼ਿਲੌਰ ਵਿੱਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਅਰਜੁਨ ਸਾਹਨੀ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ, ਉਸ ਦੀ ਭੈਣ ਪ੍ਰਿਆ ਦੀ ਹਾਲਤ ਗੰਭੀਰ ਹੋਣ ਕਾਰਨ ਮੁਢਲੇ ਇਲਾਜ ਤੋਂ ਬਾਅਦ ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਰਜੁਨ ਸਾਹਨੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਦੋ ਮਹੀਨੇ ਬਾਅਦ ਉਸ ਦਾ ਵਿਆਹ ਹੋਣਾ ਸੀ। ਖ਼ੁਸ਼ੀਆਂ ਤੋਂ ਪਹਿਲਾਂ ਵਾਪਰੇ ਇਸ ਹਾਦਸੇ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।ਪੀੜਤ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਟਰੱਕ ਚਾਲਕ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਓਵਰਲੋਡ ਵਾਹਨ ਚਲਾ ਕੇ ਲੋਕਾਂ ਦੀ ਜਾਨ ਜੋਖਮ ਵਿੱਚ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

